Breaking News
Home / ਦੁਨੀਆ / ਨਰਿੰਦਰ ਮੋਦੀ ਨੇ ਭੂਟਾਨ ‘ਚ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਨਰਿੰਦਰ ਮੋਦੀ ਨੇ ਭੂਟਾਨ ‘ਚ ਵਿਦਿਆਰਥੀਆਂ ਨੂੰ ਕੀਤਾ ਸੰਬੋਧਨ

ਨੌਜਵਾਨਾਂ ‘ਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ : ਨਰਿੰਦਰ ਮੋਦੀ
ਥਿੰਫੂ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਭੂਟਾਨ ਦੌਰੇ ਦੇ ਆਖ਼ਰੀ ਦਿਨ ਉੱਥੋਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭੂਟਾਨ ਦੇ ਵਿਦਿਆਰਥੀਆਂ ਵਿਚ ਵਿਲੱਖਣ ਪ੍ਰਾਪਤੀਆਂ ਦੀ ਸਮਰੱਥਾ ਹੈ ਜੋ ਕਿ ਭਵਿੱਖੀ ਪੀੜ੍ਹੀਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।
ਭੂਟਾਨ ਦੀ ਵੱਕਾਰੀ ਸ਼ਾਹੀ ਯੂਨੀਵਰਸਿਟੀ ਵਿਚ ਮੋਦੀ ਨੇ ਮੁਲਕ ਦੇ ‘ਰੌਸ਼ਨ ਦਿਮਾਗ’ ਭੂਟਾਨੀ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਸਖ਼ਤ ਮਿਹਨਤ ਕਰਨ ਤੇ ਹਿਮਾਲਿਆ ਪਰਬਤਮਾਲਾ ਨਾਲ ਘਿਰੇ ਇਸ ਦੇਸ਼ ਨੂੰ ਉਚਾਈਆਂ ਵੱਲ ਲਿਜਾਣ ਲਈ ਪ੍ਰੇਰਿਆ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਅੱਗੇ ਕਈ ਚੁਣੌਤੀਆਂ ਹਨ। ਹਰ ਚੁਣੌਤੀ ਤੋਂ ਪਾਰ ਪਾਉਣ ਲਈ ਨੌਜਵਾਨਾਂ ਨੂੰ ਨਵੇਂ ਢੰਗ-ਤਰੀਕੇ ਇਜਾਦ ਕਰਨ ਦੀ ਲੋੜ ਹੈ ਤੇ ਅਜਿਹਾ ਕਰਨ ਸਮੇਂ ਉਹ ਖ਼ੁਦ ਨੂੰ ਕਿਸੇ ਹੱਦ ਵਿਚ ਨਾ ਬੰਨ੍ਹਣ। ਇਸ ਮੌਕੇ ਭੂਟਾਨ ਦੇ ਪ੍ਰਧਾਨ ਮੰਤਰੀ ਲੌਟੇ ਸ਼ੇਰਿੰਗ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਦੇ ਕੌਮੀ ਨਾਲੇਜ ਨੈੱਟਵਰਕ ਦਾ ਭੂਟਾਨ ਦੇ ‘ਡਰੱਕਆਰਈਐੱਨ’ ਨਾਲ ਰਾਬਤਾ ਹੈ। ਇਸ ਰਾਹੀਂ ‘ਵਰਸਿਟੀਆਂ, ਖੋਜ ਸੰਸਥਾਵਾਂ, ਲਾਇਬਰੇਰੀਆਂ, ਸਿਹਤ ਤੇ ਖੇਤੀ ਸੈਕਟਰ ਜੁੜਿਆ ਹੋਇਆ ਹੈ। ਚੰਦਰਯਾਨ-2 ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਭੂਟਾਨ ਨਾਲ ਪੁਲਾੜ ਖੇਤਰ ਵਿਚ ਭਾਰਤ ਸਹਿਯੋਗ ਕਰ ਰਿਹਾ ਹੈ ਤੇ ਭੂਟਾਨ ਦਾ ਜਲਦੀ ਹੀ ਆਪਣਾ ਸੈਟੇਲਾਈਟ ਹੋਵੇਗਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਬੁੱਧ ਦੀਆਂ ਸਿੱਖਿਆਵਾਂ ਤੇ ਇਨ੍ਹਾਂ ਦੀ ਅਹਿਮੀਅਤ ਬਾਰੇ ਵੀ ਗੱਲ ਕੀਤੀ। ਮੋਦੀ ਨੇ ਇਸੇ ਦੌਰਾਨ ਭੂਟਾਨ ਵਿਚ ਵਿਰੋਧੀ ਧਿਰ ਦੇ ਆਗੂ ਪੇਮਾ ਗਿਆਮਸ਼ੋ ਨਾਲ ਵੀ ਮੁਲਾਕਾਤ ਕੀਤੀ।
ਭੂਟਾਨ ਦਾ ‘ਗਰੌਸ ਨੈਸ਼ਨਲ ਹੈਪੀਨੈੱਸ’ ਪੂਰੀ ਦੁਨੀਆ ਲਈ ਮਿਸਾਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭੂਟਾਨ ਨੇ ‘ਖੁਸ਼ੀ’ ਦਾ ਮਹੱਤਵ ਸਮਝਿਆ ਹੈ। ਉਨ੍ਹਾਂ ਕਿਹਾ ਕਿ ਭੂਟਾਨ ਆਪਣੇ ‘ਜੀਐਨਐੱਚ’ (ਗਰੌਸ ਨੈਸ਼ਨਲ ਹੈਪੀਨੈੱਸ)- ਖ਼ੁਸ਼ੀ ਮਾਪਣ ਦੇ ਸਿਧਾਂਤ ਕਰਕੇ ਪੂਰੀ ਦੁਨੀਆ ਲਈ ਮਿਸਾਲ ਬਣ ਗਿਆ ਹੈ। ਇਸ ਤੋਂ ਇਲਾਵਾ ਭਾਈਚਾਰਾ ਤੇ ਸੰਵੇਦਨਸ਼ੀਲਤਾ ਵੀ ਇਸ ਮੁਲਕ ਦੀ ਪਹਿਚਾਣ ਹਨ।

Check Also

ਅੰਮ੍ਰਿਤਸਰ ਦੇ ਵਿਕਾਸ ਲਈ ਭਾਰਤੀ ਅਮਰੀਕੀਆਂ ਨੇ 10 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਪ੍ਰਮੁੱਖ ਭਾਰਤੀ ਅਮਰੀਕੀਆਂ ਦੇ ਸਮੂਹ ਨੇ ਅੰਮ੍ਰਿਤਸਰ ਦੇ ਸਮਾਜਿਕ-ਆਰਥਿਕ ਵਿਕਾਸ ਲਈ ‘ਸਟਾਰਟਅੱਪਸ’ …