ਡੇਰਾ ਬਾਬਾ ਨਾਨਕ/ਬਿਊਰੋ ਨਿਊਜ਼ : ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਐੱਸਪੀ ਸਿੰਘ ਉਬਰਾਏ ਨੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਵਿਚ ਬਿਹਤਰ ਸਹੂਲਤਾਂ ਦੇਣ ਅਤੇ ਆਮ ਨਾਗਰਿਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਦੇ ਮਨੋਰਥ ਵਜੋਂ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਡਾ. ਉਬਰਾਏ ਨੇ ਦੱਸਿਆ ਕਿ ਸੰਸਥਾ ਸਿਵਲ ਹਸਪਤਾਲ ਦੀ ਨੁਹਾਰ ਬਦਲਣ ਅਤੇ ਸਥਾਨਕ ਲੋਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਆਪਣਾ ‘ਤੁੱਛ’ ਜਿਹਾ ਯੋਗਦਾਨ ਪਾਉਂਦੀ ਹੋਈ ਪੰਜ ਕਰੋੜ ਰੁਪਏ ਦੇਣ ਦਾ ਐਲਾਨ ਕਰਦੀ ਹੈ। ਇਸ ਮੌਕੇ ਡਾ. ਉਬਰਾਏ, ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਹੋਰਨਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਕੰਡਿਆਲੀ ਤਾਰ ਕੋਲ ਚੱਲ ਰਹੇ ਕੰਮਾਂ ਨੂੰ ਦੇਖਿਆ। ਉਨ੍ਹਾਂ ਨੇ ਧੁੱਸੀ ਬੰਨ੍ਹ ‘ਤੇ ਖਲੋ ਕੇ ਚੱਲ ਰਹੇ ਕੰਮ ਦਾ ਜਾਇਜ਼ਾ ਲੈਂਦਿਆਂ ਲਾਂਘੇ ਲਈ ਦੋਵਾਂ ਦੇਸ਼ਾਂ ਨੂੰ ਜੋੜਨ ਵਾਲੇ ਮੁੱਖ ਪੁਲ ਦੇ ਨਿਰਮਾਣ ਕਾਰਜ ਸਬੰਧੀ ਜਾਣਕਾਰੀ ਹਾਸਲ ਕੀਤੀ।
ਮੰਤਰੀ ਰੰਧਾਵਾ ਨੇ ਦੱਸਿਆ ਕਿ ਨਿਰਮਾਣ ਕਾਰਜ ਮਿਥੇ ਸਮੇਂ ‘ਤੇ ਮੁਕੰਮਲ ਕਰ ਲਏ ਜਾਣਗੇ। ਕਰਤਾਰਪੁਰ ਲਾਂਘੇ ਦੇ ਕੰਮ ਨੂੰ ਹੋਰ ਰਫ਼ਤਾਰ ਦੇਣ ਲਈ ਸੂਬਾ ਸਰਕਾਰ ਦੁਆਰਾ ਪੰਜ ਪ੍ਰਸਾਸ਼ਨਿਕ ਅਧਿਕਾਰੀਆਂ ਦੀ ਵਿਸ਼ੇਸ਼ ਡਿਊਟੀ ਲਗਾਈ ਗਈ ਹੈ। ਪਹਿਲੀ ਪਾਤਸ਼ਾਹੀ ਦੇ ਵੰਸ਼ਜ਼ ਡਾ. ਸੁਖਦੀਪ ਸਿੰਘ ਬੇਦੀ ਨੇ ਡਾ. ਉਬਰਾਏ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …