Breaking News
Home / ਦੁਨੀਆ / ਓਹਾਇਓ ਵਿਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

ਓਹਾਇਓ ਵਿਚ ਸਿੱਖ ਪਰਿਵਾਰ ਦੇ ਚਾਰ ਮੈਂਬਰਾਂ ਦੀ ਗੋਲੀ ਮਾਰ ਕੇ ਹੱਤਿਆ

ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ
ਓਹਾਇਓ/ਹੁਸਨ ਲੜੋਆ ਬੰਗਾ
ਓਹਾਇਓ ਦੇ ਵੈਸਟ ਚੈਸਟਰ ਅਪਾਰਟਮੈਂਟ ਵਿਚ ਇਕ ਪੰਜਾਬੀ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕਾਂ ਵਿਚ 3 ਔਰਤਾਂ ਸ਼ਾਮਲ ਹਨ ਤੇ ਇਹ ਮਾਮਲਾ ਅਜੇ ਭੇਦ ਬਣਿਆ ਹੋਇਆ ਹੈ ਅਤੇ ਸਿੱਖ ਭਾਈਚਾਰੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਜਾਣਕਾਰੀ ਅਨੁਸਾਰ ਇਹ ਪੰਜਾਬੀ ਪਰਿਵਾਰ ਗੁਰੂ ਘਰ ਨਾਲ ਕਾਫ਼ੀ ਲਗਾਅ ਰੱਖਦਾ ਸੀ। ਹੋ ਸਕਦਾ ਹੈ ਉਨ੍ਹਾਂ ਦੀ ਹੱਤਿਆ ਕਿਸੇ ਜਨੂੰਨੀ ਸਿਰ-ਫਿਰੇ ਵਿਅਕਤੀ ਨੇ ਕੀਤੀ ਹੋਵੇ। ਐਤਵਾਰ ਨੂੰ ਹੋਈ ਇਸ ਘਟਨਾ ਬਾਅਦ ਸਥਾਨਕ ਪੁਲਿਸ ਨੇ ਦੱਸਿਆ ਕਿ ਇਹ ਪਰਿਵਾਰ ਵੈਸਟ ਚੈਸਟਰ ਦੀ ਟਾਊਨਸ਼ਿਪ ਵਿਚ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅਪਾਰਟਮੈਂਟ ਵਿਚ ਹੀ ਪਰਿਵਾਰ ਦੇ 4 ਮੈਂਬਰਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਚਾਰਾਂ ‘ਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਨੇ ਐਤਵਾਰ ਰਾਤ 10 ਵਜੇ 911 ਨੰਬਰ ‘ਤੇ ਪੁਲਿਸ ਨੂੰ ਫ਼ੋਨ ਕੀਤਾ ਸੀ। ਉਸ ਵਿਅਕਤੀ ਨੇ ਦੱਸਿਆ ਕਿ ਜਦੋਂ ਉਹ ਘਰ ਪਹੁੰਚਿਆ ਤਾਂ ਉਸ ਦੇ ਪਰਿਵਾਰ ਦੇ ਮੈਂਬਰ ਜ਼ਖਮੀ ਹਾਲਤ ਵਿਚ ਜ਼ਮੀਨ ‘ਤੇ ਡਿੱਗੇ ਹੋਏ ਸਨ ਤੇ ਉਨ੍ਹਾਂ ਦੇ ਸਰੀਰ ਵਿਚੋਂ ਖੂਨ ਵਗ ਰਿਹਾ ਸੀ, ਸਾਰੇ ਮਦਦ ਲਈ ਚੀਕ ਰਹੇ ਸਨ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਹ ਘਟਨਾ ਸਿੱਖ ਭਾਈਚਾਰੇ ਦੇ ਖਿਲਾਫ਼ ਨਹੀਂ ਤੇ ਇਸ ਤੋਂ ਭਾਈਚਾਰੇ ਨੂੰ ਕੋਈ ਖਤਰਾ ਨਹੀਂ। ਸੂਤਰਾਂ ਅਨੁਸਾਰ ਮ੍ਰਿਤਕਾਂ ਦੀ ਪਛਾਣ ਪਰਮਜੀਤ ਕੌਰ ਉਸ ਦੀ ਲੜਕੀ ਸੁਲਿੰਦਰ ਕੌਰ ਤੇ ਨੂੰਹ ਅਮਰਜੀਤ ਕੌਰ ਵਜੋਂ ਹੋਈ ਹੈ।ઠ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਹਨ ਮ੍ਰਿਤਕ
ਫਤਹਿਗੜ੍ਹ ਸਾਹਿਬ : ਉਹਾਇਓ ਵਿਚ ਕਤਲ ਹੋਏ ਸਿੱਖ ਪਰਿਵਾਰ ਦੇ 4 ਮੈਂਬਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨਾਲ ਸਬੰਧਤ ਹਨ। ਪਿੰਡ ਮਹਾਦੀਆਂ ਦੇ ਹਕੀਕਤ ਸਿੰਘ, ਉਸਦੀ ਪਤਨੀ ਪਰਮਜੀਤ ਕੌਰ ਤੇ ਉਨ੍ਹਾਂ ਦੀ ਬੇਟੀ ਸੁਰਿੰਦਰ ਕੌਰ ਅਤੇ ਨੂੰਹ ਅਮਰਜੀਤ ਕੌਰ ਦਾ ਅਮਰੀਕਾ ਦੇ ਸ਼ਹਿਰ ਉਹਾਇਓ ਵਿਚ ਕਤਲ ਹੋਇਆ ਹੈ। ਇਸ ਮਾਮਲੇ ਸਬੰਧੀ ਫਤਹਿਗੜ੍ਹ ਸਾਹਿਬ ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਸਬੰਧੀ ਸੂਚਨੀ ਮਿਲ ਗਈ ਹੈ, ਉਹ ਇਸਦੀ ਡੂੰਘਾਈ ਨਾਲ ਜਾਂਚ ਕਰ ਰਹੇ ਹਨ।
ਸਿੱਖ ਸੰਗਠਨਾਂ ‘ਚਭਾਰੀ ਰੋਸ
ਵੈਸਟ ਚੈਸਟਰ ਵਿਖੇ ਇਕ ਸਿੱਖ ਪਰਿਵਾਰ ਦੇ 4 ਮੈਂਬਰਾਂ ਦੀ ਹੱਤਿਆ ਨੂੰ ਲੈ ਕੇ ਦੇਸ਼ ਅਤੇ ਵਿਦੇਸ਼ਾਂ ਵਿਚ ਸਥਿਤ ਸਿੱਖ ਸੰਗਠਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਦੀ ਵਰਕਿੰਗ ਕਮੇਟੀ ਦੇ ਪ੍ਰਧਾਨ ਜਸਮਿੰਦਰ ਸਿੰਘ ਨੇ ਦੱਸਆ ਕਿ ਉਹ ਇਸ ਪਰਿਵਾਰ ਨੂੰ 11 ਸਾਲਾਂ ਤੋਂ ਜਾਣਦੇ ਹਨ। ਇਸ ਪਰਿਵਾਰ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਸੀ। ਡਰ ਹੈ ਕਿ ਕਿਸੇ ਬਾਹਰੀ ਵਿਅਕਤੀ ਨੇ ਉਨ੍ਹਾਂ ਦੀ ਹੱਤਿਆ ਕੀਤੀ ਹੈ।
ਹੇਟ ਕ੍ਰਾਈਮ ਦਾ ਮਾਮਲਾ ਨਹੀਂ : ਸੁਸ਼ਮਾ ਸਵਰਾਜ
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ, ਪਰ ਇਹ ਹੇਟ ਕ੍ਰਾਈਮ ਦਾ ਮਾਮਲਾ ਨਹੀਂ ਹੈ। ਨਿਊਯਾਰਕ ਵਿਚ ਸਾਡੇ ਅੰਬੈਸਡਰ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕਰ ਰਹੇ ਹਨ ਅਤੇ ਉਹ ਮੈਨੂੰ ਇਸ ਸਬੰਧੀ ਜਾਣਕਾਰੀ ਦਿੰਦੇ ਰਹਿਣਗੇ।

Check Also

ਮਲੇਸ਼ੀਆ ’ਚ ਨੇਵੀ ਦੇ ਦੋ ਹੈਲੀਕਾਪਟਰ ਟਕਰਾਏ – 10 ਕਰੂ ਮੈਂਬਰਾਂ ਦੀ ਮੌਤ

ਪਰੇਡ ਦੀ ਰਿਹਰਸਲ ਦੌਰਾਨ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਮਲੇਸ਼ੀਆ ਦੀ ਨੇਵੀ ਦੇ ਦੋ ਹੈਲੀਕਾਪਟਰ …