ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਵਾ ‘ਚ ਰਾਜ ਕਪੂਰ ਦਾ ਜੱਦੀ ਘਰ
ਅੰਮ੍ਰਿਤਸਰ/ਬਿਊਰੋ ਨਿਊਜ਼
ਭਾਰਤੀ ਸਿਨੇਮਾ ਦੇ ਦਿੱਗਜ ਕਲਾਕਾਰ ਸਵ. ਰਾਜ ਕਪੂਰ ਦੇ ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਸਥਿਤ ਜੱਦੀ ਘਰ ਨੂੰ ਉਸ ਦੇ ਮੌਜੂਦਾ ਮਾਲਕ ਨੇ ਸਰਕਾਰੀ ਕੀਮਤ ‘ਤੇ ਵੇਚਣ ਤੋਂ ਇਨਕਾਰ ਕਰ ਦਿੱਤਾ ਹੈ।
ਸੂਬਾ ਸਰਕਾਰ ਨੇ ਰਾਜ ਕਪੂਰ ਦੇ 151.75 ਵਰਗ ਗਜ਼ (6 ਮਰਲੇ) ‘ਚ ਬਣੇ ਘਰ ਨੂੰ ਖ਼ਰੀਦਣ ਲਈ ਇਕ ਕਰੋੜ 50 ਲੱਖ ਪਾਕਿਸਤਾਨ ਰੁਪਏ (ਭਾਰਤੀ ਕਰੰਸੀ ਮੁਤਾਬਿਕ ਲਗਪਗ 75 ਲੱਖ ਰੁਪਏ) ਦੇਣੇ ਮਨਜ਼ੂਰ ਕੀਤੇ ਸਨ। ਉਕਤ ਘਰ ਦੇ ਮਾਲਕ ਦਾ ਕਹਿਣਾ ਹੈ ਕਿ ਸਰਕਾਰੀ ਕੀਮਤ ਅਤੇ ਮੌਜੂਦਾ ਅਸਲ ਕੀਮਤ ‘ਚ ਵੱਡਾ ਅੰਤਰ ਹੈ। ਦੱਸਿਆ ਜਾ ਰਿਹਾ ਹੈ ਕਿ ਭਾਰਤੀ ਕਲਾਕਾਰਾਂ ਦਲੀਪ ਕੁਮਾਰ ਅਤੇ ਰਾਜ ਕਪੂਰ ਦੇ ਪਿਸ਼ਾਵਰ ਸ਼ਹਿਰ ‘ਚ ਮੌਜੂਦ ਜੱਦੀ ਘਰਾਂ ਨੂੰ ਅਜਾਇਬ-ਘਰਾਂ ‘ਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਉੱਥੋਂ ਦੀ ਸੂਬਾਈ ਸਰਕਾਰ ਨੇ 2.35 ਕਰੋੜ ਰੁਪਏ ਜਾਰੀ ਕੀਤੇ ਜਾਣ ਦੀ ਮਨਜ਼ੂਰੀ ਦਿੱਤੀ ਹੈ। ਉਕਤ ਕਲਾਕਾਰਾਂ ਦੇ ਘਰਾਂ ਨੂੰ ਪਾਕਿ ਵਲੋਂ ਸੁਰੱਖਿਅਤ ਰਾਸ਼ਟਰੀ ਧਰੋਹਰ ਐਲਾਨਿਆ ਗਿਆ ਹੈ। ਇਹ ਵੀ ਜਾਣਕਾਰੀ ਮਿਲੀ ਹੈ ਸੂਬਾ ਖ਼ੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਮਹਿਮੂਦ ਖ਼ਾਨ ਨੇ ਪਿਸ਼ਾਵਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਅਲੀ ਅਸਗਰ ਦੀ ਇਸ ਬਾਰੇ ਤਿਆਰ ਕੀਤੀ ਗਈ ਰਿਪੋਰਟ ਦੇ ਆਧਾਰ ‘ਤੇ ਦਲੀਪ ਕੁਮਾਰ ਦੇ 101 ਵਰਗ ਮੀਟਰ ‘ਚ ਬਣੇ ਘਰ ਨੂੰ ਖ਼ਰੀਦਣ ਲਈ 80 ਲੱਖ 56 ਹਜ਼ਾਰ ਪਾਕਿਸਤਾਨ ਰੁਪਏ ਦੇਣੇ ਮਨਜ਼ੂਰ ਕੀਤੇ ਹਨ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …