Breaking News
Home / ਜੀ.ਟੀ.ਏ. ਨਿਊਜ਼ / ਮਾਲਟਨ ਗੁਰੂਘਰ ਵੱਲੋਂ 8 ਸਤੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਗੋਲਕ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਮ

ਮਾਲਟਨ ਗੁਰੂਘਰ ਵੱਲੋਂ 8 ਸਤੰਬਰ ਨੂੰ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਗੋਲਕ ਪੰਜਾਬ ਦੇ ਹੜ੍ਹ ਪੀੜਤਾਂ ਦੇ ਨਾਮ

ਬਿਨਾ ਕਿਸੇ ਭੇਦ-ਭਾਵ ਦੇ ਹੋਵੇਗੀ ਹੜ੍ਹ ਪੀੜਤਾਂ ਦੀ ਮੱਦਦ : ਦਲਜੀਤ ਸਿੰਘ ਸੇਖੋਂ
ਮਾਲਟਨ/ਬਿਊਰੋ ਨਿਊਜ਼ : ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਇਕ ਮੀਡੀਆ ਕਾਨਫਰੰਸ ਕੀਤੀ ਗਈ। ਗੁਰੂ ਘਰ ਦੇ ਪ੍ਰਧਾਨ ਸ. ਦਲਜੀਤ ਸਿੰਘ ਸੇਖੋਂ ਨੇ ਇਸ ਮੀਟਿੰਗ ਨੂੰ ਮੀਡੀਆ ਕਾਨਫਰੰਸ ਘੱਟ ਤੇ ਵਿਚਾਰਾਂ ਦਾ ਆਦਾਨ ਪ੍ਰਦਾਨ ਕਰਨ ਲਈ ਇਕ ਬੈਠਕ ਦੱਸਿਆ। ਉਨ੍ਹਾਂ ਕਿਹਾ ਕਿ ਜੋ ਪੰਜਾਬ ਅੰਦਰ ਹੜ੍ਹਾਂ ਦੀ ਮਾਰ ਕਾਰਨ ਲੋਕਾਂ ਨੂੰ ਇਸ ਮੁਸ਼ਕਿਲ ਸਮੇਂ ਵਿਚੋਂ ਗੁਜਰਨਾ ਪੈ ਰਿਹਾ ਹੈ, ਉਸ ਲਈ ਸਾਨੂੰ ਬਾਹਰ ਬੈਠੇ ਪੰਜਾਬੀਆਂ ਨੂੰ ਆਪਣੇ ਭਰਾਵਾਂ ਲਈ ਕੁੱਝ ਨਾ ਕੁੱਝ ਜਰੂਰ ਕਰਨਾ ਚਾਹੀਦਾ ਹੈ। ਉਨ੍ਹਾਂ ਮੀਡੀਆ ਕਰਮੀਆਂ ਨੂੰ ਕਿਹਾ ਕਿ ਇਸ ਕਾਰਜ ਨੂੰ ਇਸ ਤਰ੍ਹਾਂ ਨਾ ਲਵੋ ਕਿ ਅਸੀਂ ਗੁਰਦੁਆਰਾ ਸਾਹਿਬ ਵਲੋਂ ਕਰਨਾ ਚਾਹੁੰਦੇ ਹਾਂ ਬਲਕਿ ਇਸ ਤਰ੍ਹਾਂ ਲਵੋ ਕਿ ਆਪਾਂ ਸਾਰੇ ਰਲ ਕੇ ਇਸ ਵਿਚ ਯੋਗਦਾਨ ਪਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਇਸ ਸਮੇਂ ਓਨਟਾਰੀਓ ਵਿਚ ਯੂਨਾਈਟਡ ਸਿਖਸ ਅਤੇ ਖਾਲਸਾ ਏਡ ਦੇ ਸੇਵਾਦਾਰ ਵੀ ਵੱਖ-ਵੱਖ ਰੇਡੀਓ ਪ੍ਰੋਗਰਾਮਾਂ ਉਤੇ ਰੇਡੀਓਥਾਨ ਕਰ ਰਹੇ ਹਨ। ਅਸੀਂ ਉਨ੍ਹਾਂ ਵਲੋਂ ਵਿੱਢੇ ਇਸ ਕਾਰਜ ਦੀ ਸ਼ਲਾਘਾ ਕਰਦੇ ਹਾਂ। ਸ. ਸੇਖੋਂ ਨੇ ਕਿਹਾ ਕਿ ਅਸੀਂ ਇਸ ਚੱਲ ਰਹੇ ਵਧੀਆ ਕਾਰਜ ਵਿਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ 8 ਸਤੰਬਰ ਨੂੰ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਕੀਤਾ ਜਾ ਰਿਹਾ ਹੈ। 1995 ਤੋਂ ਸੁਰੂ ਹੋਏ ਇਸ ਨਗਰ ਕੀਰਤਨ ਦੀ ਇਸ ਸਾਲ 25ਵੀ ਵਰ੍ਹੇਗੰਢ ਹੈ। ਜਿਥੇ ਇਹ ਨਗਰ ਕੀਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹੋਵੇਗਾ, ਉਥੇ ਹੀ ਇਸ ਨਗਰ ਕੀਰਤਨ ਦੀ ਗੋਲਕ ਵਿਚ ਜੋ ਵੀ ਸੰਗਤਾਂ ਪਾਉਣਗੀਆਂ, ਉਹ ਪੰਜਾਬ ਦੇ ਹੜ੍ਹ ਪੀੜਤਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਫੰਡ ਪੰਜਾਬ ਵਿਚ ਲੋੜਵੰਦਾਂ ਨੂੰ ਪਹੰਚਾਉਣ ਲਈ ਜਿਵੇਂ ਸੰਗਤਾਂ ਕਹਿਣਗੀਆਂ ਉਸੇ ਤਰ੍ਹਾਂ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਗੋਲਕ ਗਿਣਨ ਲਈ ਵੀ ਮੈਂ ਮੀਡੀਆ ਕਰਮੀਆਂ ਨੂੰ ਬੇਨਤੀ ਕਰਾਂਗਾ ਕਿ ਉਹ ਵੀ ਸਾਡੇ ਨਾਲ ਬੈਠਣ ਅਤੇ ਅਸੀਂ ਇਸ ਫੰਡ ਰੇਜਿੰਗ ਵਿਚ ਪੂਰੀ ਪਾਰਦਰਸ਼ਤਾ ਰੱਖ ਸਕੀਏ। ਉਨ੍ਹਾਂ ਇਕ ਲੱਖ ਡਾਲਰ ਇਕੱਠਾ ਕਰਨ ਦਾ ਟੀਚਾ ਰੱਖਿਆ। ਨਾਲ ਹੀ ਇਹ ਵੀ ਦੱਸਿਆ ਕਿ ਆਮ ਤੌਰ ਉਤੇ ਗੋਲਕ 30-35 ਹਜ਼ਾਰ ਡਾਲਰ ਦੀ ਹੁੰਦੀ ਹੈ। ਪਰ ਇਸ ਵਾਰ ਵੱਧ ਤੋਂ ਵੱਧ ਅਪੀਲ ਗੁਰੂ ਘਰ ਦੀ ਸਟੇਜ ਤੋਂ ਵੀ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਮੀਡੀਆ ਕਰਮੀਆਂ ਨੂੰ ਆਪਣੇ ਮਾਧਿਅਮ ਰਾਹੀ ਸੰਗਤਾਂ ਨੂੰ ਅਪੀਲ ਕਰਨ ਲਈ ਕਿਹਾ। ਹੁਣ ਤੋਂ ਹੀ ਗੁਰੂ ਘਰ ਵਿਖੇ ਇਕ ਵੱਖਰੀ ਰਸੀਦ ਬੁੱਕ ਲਾ ਦਿੱਤੀ ਜਾਵੇਗੀ। ਜੋ ਕੋਈ ਵੀ ਸੰਗਤ ਜੋ ਇਸ ਦੀ ਚੈਰੀਟੇਬਲ ਰਸੀਦ ਲੈਣੀ ਚਾਹੇਗਾ, ਉਸ ਨੂੰ ਉਹ ਰਸੀਦ ਵੀ ਦਿੱਤੀ ਜਾਵੇਗੀ। ਸੇਖੋਂ ਨੇ ਕਿਹਾ ਕਿ ਇਸ ਇਕੱਤਰ ਹੋਏ ਫੰਡ ਨੂੰ ਵੰਡਣ ਸਮੇਂ ਇਹ ਨਹੀਂ ਕਿ ਇਹ ਸਿੱਖ ਪਰਿਵਾਰਾਂ ਨੂੰ ਹੀ ਜਾਵੇਗਾ। ਉਨ੍ਹਾਂ ਕਿਹਾ ਜੋ ਵੀ ਪ੍ਰਾਣੀ ਹੜ੍ਹਾਂ ਦੀ ਮਾਰ ਹੇਠ ਆਇਆ, ਉਸ ਲਈ ਇਹ ਮੱਦਦ ਹੋਵੇਗੀ। ਜਾਤ ਤੇ ਧਰਮ ਦੇ ਆਧਾਰ ਉਤੇ ਕਿਸੇ ਨੂੰ ਨਹੀਂ ਦੇਖਿਆ ਜਾਵੇਗਾ।
ਇਸ ਕਾਰਜ ਵਿੱਚ ਹਿੱਸਾ ਪਾਉਣ ਲਈ ਮਾਲਟਨ ਗੁਰਦੁਆਰਾ ਸਾਹਿਬ ਨਾਲ 905-671-1662 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …