ਟੋਰਾਂਟੋ : ਕੋਵਿਡ-19 ਦੀ ਮੌਡਰਨਾ ਵੈਕਸੀਨ ਲੈਣ ਵਾਲੇ ਨੌਜਵਾਨਾਂ ਵਿੱਚ ਦਿਲ ਦੀ ਬਿਮਾਰੀ ਦੇ ਵਿਲੱਖਣ ਮਾਮਲਿਆਂ ਵਿੱਚ ਇਜਾਫਾ ਹੋਣ ਤੋਂ ਬਾਅਦ ਓਨਟਾਰੀਓ ਸਰਕਾਰ ਵੱਲੋਂ 18 ਤੋਂ 24 ਸਾਲ ਉਮਰ ਵਰਗ ਦੇ ਲੋਕਾਂ ਲਈ ਫਾਈਜਰ-ਬਾਇਓਐਨਟੈਕ ਦੇ ਟੀਕਿਆਂ ਦੀ ਸਿਫਾਰਿਸ਼ ਕੀਤੀ ਗਈ ਹੈ। ਪ੍ਰੋਵਿੰਸ ਦਾ ਕਹਿਣਾ ਹੈ ਕਿ ਇਸ ਉਮਰ ਵਰਗ ਦੇ ਪੁਰਸ਼ਾਂ ਵਿੱਚ ਖਾਸ ਤੌਰ ਉੱਤੇ ਮਾਇਓਕਾਰਡਿਟਿਸ ਤੇ ਪੈਰੀਕਾਰਡਿਟਿਸ ਦੇ ਮਾਮਲਿਆਂ ਵਿੱਚ ਵਾਧਾ ਪਾਏ ਜਾਣ ਤੋਂ ਬਾਅਦ ਹੀ ਅਜਿਹਾ ਆਖਿਆ ਜਾ ਰਿਹਾ ਹੈ। ਪ੍ਰੋਵਿੰਸ ਨੇ ਆਖਿਆ ਕਿ ਜੂਨ ਤੇ ਅਗਸਤ ਦਰਮਿਆਨ ਮੌਡਰਨਾ ਦੀ ਦੂਜੀ ਡੋਜ਼ ਲੈਣ ਵਾਲੇ 18 ਤੋਂ 24 ਸਾਲ ਦੇ ਪੁਰਸ਼ਾਂ ਵਿੱਚ ਮਾਇਓਕਾਰਡਿਟਿਸ ਤੇ ਪੈਰੀਕਾਰਡਿਟਿਸ ਦਾ ਖਤਰਾ 5,000 ਵਿੱਚੋਂ ਇੱਕ ਸੀ। ਜਿਨ੍ਹਾਂ ਨੇ ਫਾਈਜਰ-ਬਾਇਓਐਨਟੈਕ ਲਵਾਈ ਉਨ੍ਹਾਂ ਵਿੱਚ ਇਹ ਖਤਰਾ 28,000 ਵਿੱਚੋਂ ਇੱਕ ਨੂੰ ਸੀ। ਪ੍ਰੋਵਿੰਸ ਦਾ ਕਹਿਣਾ ਹੈ ਕਿ ਇਸ ਦੇ ਸਾਈਡ ਅਫੈਕਟ ਅਜੇ ਵੀ ਟਾਂਵੇ ਟੱਲੇ ਹਨ ਤੇ ਬਹੁਗਿਣਤੀ ਮਾਮਲਿਆਂ ਨੂੰ ਮਾਮੂਲੀ ਦੱਸਿਆ ਜਾ ਰਿਹਾ ਹੈ। ਇਹ ਸਿਫਾਰਿਸ਼ ਤਰਜੀਹੀ ਤੌਰ ‘ਤੇ ਲੋਕਾਂ ਨੂੰ ਅਪਨਾਉਣ ਲਈ ਆਖਿਆ ਗਿਆ ਤੇ ਲੋਕ ਜੇ ਚਾਹੁਣ ਤਾਂ ਅਜੇ ਵੀ ਮੌਡਰਨਾ ਵੈਕਸੀਨ ਲਵਾ ਸਕਦੇ ਹਨ।