3.6 C
Toronto
Thursday, November 6, 2025
spot_img
Homeਜੀ.ਟੀ.ਏ. ਨਿਊਜ਼ਐਨਡੀਪੀ ਦੀ ਰੈਲੀ 'ਚ ਹਾਰਵਰਥ ਨੂੰ ਐਲਾਨ ਦਿੱਤਾ ਓਨਟਾਰੀਓ ਦਾ ਅਗਲਾ ਪ੍ਰੀਮੀਅਰ

ਐਨਡੀਪੀ ਦੀ ਰੈਲੀ ‘ਚ ਹਾਰਵਰਥ ਨੂੰ ਐਲਾਨ ਦਿੱਤਾ ਓਨਟਾਰੀਓ ਦਾ ਅਗਲਾ ਪ੍ਰੀਮੀਅਰ

ਫ਼ੈਡਰਲ ਐਨ.ਡੀ.ਪੀ. ਮੁਖੀ ਜਗਮੀਤ ਸਿੰਘ ਨੇ ਕੀਤਾ ਭਰਵਾਂ ਸੁਆਗ਼ਤ
ਬਰੈਂਪਟਨ/ਡਾ. ਝੰਡ : ਲੰਘੇ ਸੋਮਵਾਰ 21 ਮਈ ਨੂੰ ਓਨਟਾਰੀਓ ਐੱਨ.ਡੀ.ਪੀ. ਦੀ ਆਗੂ ਦੇ ਸੁਆਗ਼ਤ ਲਈ ਹਜ਼ਾਰਾਂ ਲੋਕਾਂ ਦਾ ਭਾਰੀ ਇਕੱਠ ਸਥਾਨਕ ‘ਬੰਬੇ ਬੈਂਕੁਇਟ ਹਾਲ’ ਵਿਚ ਹੋਇਆ। ਹਾਲ ਏਨਾ ਖਚਾਖਚ ਭਰਿਆ ਹੋਇਆ ਸੀ ਕਿ ਕਈਆਂ ਨੂੰ ਹਾਲ ਦੇ ਬਾਹਰ ਖਲੋ ਕੇ ਹੀ ਸਬਰ ਕਰਨਾ ਪਿਆ। ਇਸ ਰੈਲੀ ਦੀ ਮੁੱਖ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ ਐੱਨ.ਡੀ.ਪੀ. ਵੱਲੋਂ ਐਂਡਰੀਆ ਹਾਰਵੱਥ ਨੂੰ ਓਨਟਾਰੀਓ ਦੀ ਅਗਲੀ ਪ੍ਰੀਮੀਅਰ ਵਜੋਂ ਪੇਸ਼ ਕੀਤਾ ਗਿਆ ਅਤੇ ਆਪਣੇ ਸੰਬੋਧਨ ਦੌਰਾਨ ਐਂਡਰੀਆ ਨੇ ਵੀ ਕਿਹਾ ਕਿ ਲਿਬਰਲ ਓਨਟਾਰੀਓ ਵਿਚ ਤਾਂ ਹੁਣ ਬੀਤੇ ਸਮੇਂ ਦੀ ‘ਬਾਤ’ ਬਣ ਗਏ ਹਨ ਅਤੇ ਲੋਕਾਂ ਨੇ ਹੁਣ ਐਂਡਰੀਆ ਜਾਂ ਫਿਰ ਓਨਟਾਰੀਓ ਵਿਚ ਹੈੱਲਥ ਤੇ ਐਜੂਕੇਸ਼ਨ ਦੇ ਬੱਜਟ ਵਿਚ ਭਾਰੀ ਕੱਟ ਲਗਾਉਣ ਵਾਲੇ ਡੱਗ ਫ਼ੋਰਡ ਵਿੱਚੋਂ ਇਕ ਨੂੰ ਚੁਣਨਾ ਹੈ। ਉਨ੍ਹਾਂ ਕਿਹਾ ਸੁਭਾਵਿਕ ਹੀ ਲੋਕਾਂ ਦੀ ਚੋਣ ਸੂਬੇ ਦਾ ਵਿਕਾਸ ਕਰਨ ਅਤੇ ਲੋਕਾਂ ਦੀਆਂ ਸਹੂਲਤਾਂ ਨੂੰ ਪਹਿਲ ਦੇਣ ਵਾਲੀ ਪਾਰਟੀ ਤੇ ਉਸ ਦੇ ਲੀਡਰ ਦੀ ਹੀ ਹੋਵੇਗੀ। ਬਰੈਂਪਟਨ ਵਿਚ ਸਿਹਤ ਸਹੂਲਤਾਂ ਸਬੰਧੀ ਬੋਲਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੈੱਲਥ ਕੇਅਰ ਦੀ ਸਖ਼ਤ ਜ਼ਰੂਰਤ ਹੈ ਅਤੇ ਡੈਂਟਲ ਕੇਅਰ ਵੀ ਇਸ ਦਾ ਅਹਿਮ ਹਿੱਸਾ ਹੈ। ਸੂਬੇ ਵਿਚ ਐੱਨ.ਡੀ.ਪੀ. ਵੱਲੋਂ ਸੱਤਾ ਸੰਭਾਲਣ ‘ਤੇ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਦਾ ਨਿਰਮਾਣ ਕੀਤਾ ਜਾਏਗਾ ਤਾਂ ਜੋ ਮੌਜੂਦਾ ਬਰੈਂਪਟਨ ਸਿਵਿਕ ਹਸਪਤਾਲ ਵਿਚ ਮਰੀਜ਼ਾਂ ਦੀ ਵੱਡੀ ਭੀੜ ਨੂੰ ਘਟਾਇਆ ਜਾ ਸਕੇ। ਇਸ ਦੇ ਨਾਲ ਹੀ ਸੂਬੇ ਵਿਚ ਡੈਂਟਲ ਕੇਅਰ ਨੂੰ ਵੀ ਹੈੱਲਥ ਕੇਅਰ ਵਿਚ ਸ਼ਾਮਲ ਕੀਤਾ ਜਾਏਗਾ। ਪੋਸਟਲ ਕੋਡ ਦੇ ਵਿਤਕਰੇ ਨੂੰ ਖ਼ਤਮ ਕਰਕੇ ਆਟੋ ਇਨਸ਼ੋਅਰੈਂਸ ਦਾ ਪ੍ਰੀਮੀਅਮ ਇਕਸਾਰ ਕੀਤਾ ਜਾਏਗਾ ਅਤੇ ਇਸ ਦੇ ਰੇਟਾਂ ਵਿਚ 33% ਤੱਕ ਕਟੌਤੀ ਕੀਤੀ ਜਾਏਗੀ। ਨੌਜੁਆਨਾਂ ਨੂੰ ਰੋਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ਸੀਨੀਅਰਜ਼ ਲਈ ਕਈ ਪ੍ਰੋਗਰਾਮ ਉਲੀਕੇ ਜਾਣਗੇ। ਉਨ੍ਹਾਂ ਕਿਹਾ ਕਿ ਹਾਈਡਰੋ-ਵੰਨ ਨੂੰ ਮੁੜ ਪਬਲਿਕ ਸੈੱਕਟਰ ਵਿਚ ਸ਼ਾਮਲ ਕੀਤਾ ਜਾਏਗਾ
ਇਸ ਤੋਂ ਪਹਿਲਾਂ ਐੱਨ.ਡੀ.ਪੀ.ਦੇ ਫ਼ੈੱਡਰਲ ਆਗੂ ਜਗਮੀਤ ਸਿੰਘ ਜੋ ਐਂਡਰੀਆ ਦੇ ਨਾਲ ਪਹਿਲਾਂ ਓਨਟਾਰੀਓ ਐੱਨ.ਡੀ.ਪੀ. ਦੇ ਡਿਪਟੀ ਲੀਡਰ ਵੀ ਰਹੇ ਹਨ, ਨੇ ਉਨ੍ਹਾਂ ਦਾ ਅਤੇ ਇਸ ਮੌਕੇ ਓਨਟਾਰੀਓ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਪਾਰਟੀ ਵਰਕਰਾਂ, ਵਾਲੰਟੀਅਰਾਂ ਅਤੇ ਹਿਮਾਇਤੀਆਂ ਦਾ ਸੁਆਗ਼ਤ ਕਰਦਿਆਂ ਹੋਇਆਂ ਉਨ੍ਹਾਂ ਨੂੰ ਪੂਰੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਕਿਹਾ ਕਿ ਓਨਟਾਰੀਓ ਵਿਚ ਬੇਹਤਰੀ ਲਈ ਤਬਦੀਲੀ ਲਿਆਉਣ ਦਾ ਹੁਣ ਸਮਾਂ ਆ ਗਿਆ ਹੈ ਅਤੇ ਸਾਰਿਆਂ ਨੂੰ ਇਸ ਦੇ ਲਈ ਡੱਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਐੱਨ.ਡੀ.ਪੀ. ਦੀਆਂ ਨੀਤੀਆਂ ਹੀ ਲੋਕਾਂ ਲਈ ਲਾਭਕਾਰੀ ਸਿੱਧ ਹੋ ਸਕਦੀਆਂ ਹਨ ਅਤੇ ਐਂਡਰੀਆ ਹੌਰਵੱਥ ਹੀ ਓਨਟਾਰੀਓ ਦੀ ਵਧੀਆ ਪ੍ਰੀਮੀਅਰ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਫ਼ੈੱਡਰਲ ਐੱਨ.ਡੀ.ਪੀ. ਨੇਤਾ ਦੀ ਚੋਣ-ਮੁਹਿੰਮ ਦੀ ਸ਼ੁਰੂਆਤ ਉਨ੍ਹਾਂ ਨੇ ਏਸੇ ਹੀ ਬੈਂਕੁਇਟ ਹਾਲ ਵਿੱਚੋਂ ਕੀਤੀ ਅਤੇ ਇੱਥੇ ਕਈ ਜੇਤੂ ਪਾਰਟੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ।
ਇਸ ਮੌਕੇ ਬਰੈਂਪਟਨ ਤੋਂ ਐੱਨ.ਡੀ.ਪੀ. ਉਮੀਦਵਾਰ ਗੁਰਰਤਨ ਸਿੰਘ, ਪਰਮਜੀਤ ਸਿੰਘ ਗਿੱਲ, ਜਗਰੂਪ ਸਿੰਘ, ਸਾਰਾ ਸਿੰਘ ਅਤੇ ਕੈਵਿਨ ਯਾਰਡੀ ਵੱਡੀ ਗਿਣਤੀ ਵਿਚ ਆਪਣੇ ਹਮਾਇਤੀਆਂ ਅਤੇ ਵਾਲੰਟੀਅਰਾਂ ਨਾਲ ਪਹੁੰਚੇ ਹੋਏ ਸਨ। ਉਨ੍ਹਾਂ ਦੇ ਹਮਾਇਤੀਆਂ ਨੇ ਆਪੋ-ਆਪਣੇ ਉਮੀਦਵਾਰਾਂ ਦੇ ਵੱਡੇ ਤੇ ਛੋਟੇ ਸਾਈਨ ਫੜੇ ਹੋਏ ਸਨ। ਹੋਰ ਬਹੁਤ ਸਾਰਿਆਂ ਕੋਲ ਐਂਡਰੀਆ ਹੌਰਵੱਥ ਅਤੇ ਪਾਰਟੀ ਦੇ ਨਾਅਰੇ ‘ਚੇਂਜ ਫ਼ਾਰ ਦ ਬੈਟਰ’ ਵਾਲੇ ਸਾਈਨ ਸਨ। ਵਿਸ਼ਾਲ ਬੈਂਕੁਇਟ ਹਾਲ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਅਤੇ ਬਹੁਤ ਸਾਰ ਲੋਕ ਇਸ ਦੇ ਬਾਹਰ ਵੀ ਖੜੇ ਸਨ। ਐਂਡਰੀਆ ਹਾਰਵੱਥ ਨੇ ਆਪਣਾ ਭਾਸ਼ਨ ਪੂਰੇ ਜੋਸ਼ ਤੇ ਉਤਸ਼ਾਹ ਨਾਲ ਬੁਲੰਦ ਆਵਾਜ਼ ਵਿਚ ਦਿੱਤਾ ਅਤੇ ਉਨ੍ਹਾਂ ਦੇ ਚਿਹਰੇ ‘ਤੇ ਅਗਲੇ ਸੰਭਾਵੀ ਪ੍ਰੀਮੀਅਰ ਦੀ ਝਲਕ ਵਿਖਾਈ ਦੇ ਰਹੀ ਸੀ।

RELATED ARTICLES
POPULAR POSTS