Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਗੁਰਦੁਆਰਾ ਕਮੇਟੀ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਤੋਂ ਮੰਗਿਆ ਅਸਤੀਫਾ

ਓਨਟਾਰੀਓ ਗੁਰਦੁਆਰਾ ਕਮੇਟੀ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਤੋਂ ਮੰਗਿਆ ਅਸਤੀਫਾ

ਬਰੈਂਪਟਨ/ਬਿਊਰੋ ਨਿਊਜ਼ : ਸਿੱਖਿਆ ਮੰਤਰਾਲੇ ਵੱਲੋਂ ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਦੇ ਸਮੁੱਚੇ ਸਿਸਟਮ ਵਿੱਚ ਨਸਲਵਾਦ ਤੇ ਕਾਲੇ ਲੋਕਾਂ ਦੇ ਖਿਲਾਫ ਨਸਲਵਾਦ ਬਾਰੇ ਕਰਵਾਏ ਗਏ ਮੁਲਾਂਕਣ ਤੇ ਅਜ਼ਾਦਾਨਾ ਜਾਂਚ ਦੀਆਂ ਲੱਭਤਾਂ ‘ਤੇ ‘ਦ ਓਨਟਾਰੀਓ ਗੁਰਦੁਆਰਾ ਕਮੇਟੀ’ (ਓਜੀਸੀ) ਨੇ ਡੂੰਘੀ ਚਿੰਤਾ ਪ੍ਰਗਟਾਈ ਹੈ। ਓਜੀਸੀ ਨੇ ਆਖਿਆ ਕਿ ਅਸੀਂ ਕਥਿਤ ਤੌਰ ਉੱਤੇ ਨਸਲਵਾਦ ਤੇ ਪੱਖਪਾਤ ਤੋਂ ਮੁਕਤ ਸਕੂਲ ਸਿਸਟਮ ਵਿੱਚ ਆਪਣੇ ਬੱਚਿਆਂ ਦੇ ਦਾਖਲੇ ਨੂੰ ਲੈ ਕੇ ਸੰਘਰਸ਼ ਕਰ ਰਹੇ ਬਲੈਕ ਕਮਿਊਨਿਟੀ ਦੇ ਲੋਕਾਂ ਨਾਲ ਖੜ੍ਹੇ ਹਾਂ। ਇਸ ਦੌਰਾਨ ਓਜੀਸੀ ਨੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਡਾਇਰੈਕਟਰ ਆਫ ਐਜੂਕੇਸ਼ਨ ਪੀਟਰ ਜੋਸ਼ੂਆ ਤੋਂ ਅਸਤੀਫੇ ਦੀ ਮੰਗ ਵੀ ਕੀਤੀ। ਸਿੱਖਿਆ ਮੰਤਰੀ ਸਟੀਫਨ ਲਿਚੇ ਨੇ 27 ਨਵੰਬਰ, 2019 ਨੂੰ ਕਾਲੇ ਲੋਕਾਂ ਖਿਲਾਫ ਨਸਲਵਾਦ, ਇਸਲਾਮੋਫੋਬੀਆ ਤੇ ਪੂਰੇ ਸਿਸਟਮ ਵਿੱਚ ਪਾਈਆਂ ਜਾਣ ਵਾਲੀਆਂ ਊਣਤਾਈਆਂ ਦੇ ਸਬੰਧ ਜਾਂਚ ਲਾਂਚ ਕੀਤੀ ਸੀ। ਇਸ ਦੀਆਂ ਲੱਭਤਾਂ ਤੋਂ ਸਥਿਤੀ ਕਾਫੀ ਸਪਸ਼ਟ ਹੋ ਗਈ ਤੇ ਸਿੱਖਿਆ ਮੰਤਰੀ ਨੇ ਸਿਸਟਮ ਵਿਚਲੇ ਨਸਲਵਾਦ ਤੇ ਕਾਲੇ ਲੋਕਾਂ ਦੇ ਖਿਲਾਫ ਨਸਲਵਾਦ ਲਈ ਪੀਡੀਐਸਬੀ ਨੂੰ 27 ਨਿਰਦੇਸ ਦਿੱਤੇ। ਆਜ਼ਾਦ ਜਾਂਚਕਾਰ ਆਰਲੀਨ ਹਗਿੰਨਜ਼ ਵੱਲੋਂ ਬੀਤੇ ਦਿਨੀਂ ਇੱਕ ਹੋਰ ਰਿਪੋਰਟ ਪੇਸ਼ ਕੀਤੀ ਗਈ ਜਿਸ ਵਿੱਚ ਸਪਸ਼ਟ ਲਿਖਿਆ ਗਿਆ ਕਿ ਪੀਡੀਐਸਬੀ ਸਿੱਖਿਆ ਮੰਤਰੀ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਵਿੱਚੋਂ ਕਈਆਂ ਦੀ ਪਾਲਣਾ ਨਹੀਂ ਕਰ ਰਿਹਾ। ਇਸ ਰਿਪੋਰਟ ਦੀਆਂ ਲੱਭਤਾਂ ਹੈਰਾਨ ਕਰਲ ਵਾਲੀਆਂ ਤੇ ਦਿਲ ਦਹਿਲਾ ਦੇਣ ਵਾਲੀਆਂ ਸਨ। ਇਸ ਨਾਲ ਨਾ ਸਿਰਫ ਪੀਡੀਐਸਬੀ ਦੀ ਲੀਡਰਸ਼ਿਪ ਦੇ ਕੰਮ ਕਰਨ ਦੇ ਢੰਗ ਉੱਤੇ ਹੀ ਸਵਾਲੀਆ ਨਿਸ਼ਾਨ ਲੱਗਿਆ ਸਗੋਂ ਕਾਲੇ ਲੋਕਾਂ ਦੇ ਖਿਲਾਫ ਨਸਲਵਾਦ ਬਾਰੇ ਕੁਝ ਕਰਨ ਦੀ ਭਾਵਨਾ ਦੀ ਘਾਟ ਵੀ ਸਾਹਮਣੇ ਆਈ।
ਓਜੀਸੀ ਇਨ੍ਹਾਂ ਲਭਤਾਂ ਤੋਂ ਕਾਫੀ ਹੈਰਾਨ ਹੈ ਤੇ ਪੀਲ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਕੀਤੇ ਜਾ ਰਹੇ ਅਨਿਅੲ ਖਿਲਾਫ ਬਲੈਕ ਕਮਿਊਨਿਟੀ ਤੇ ਮੈਂਬਰਾਂ ਤੇ ਜਥੇਬੰਦੀਆਂ ਦੇ ਨਾਲ ਖੜ੍ਹੀ ਹੈ। ਓਜੀਸੀ ਦਾ ਕਹਿਣਾ ਹੈ ਕਿ ਅਸੀਂ ਉਸ ਸਕੂਲ ਸਿਸਟਮ ਦੀ ਤਾਂਘ ਕਰਦੇ ਹਾਂ ਜਿਹੜਾ ਕਿਸੇ ਵੀ ਪਿਛੋਕੜ ਵਾਲੇ ਸਾਰੇ ਬੱਚਿਆਂ ਦਾ ਸਨਮਾਨ ਕਰੇ ਤੇ ਸਭ ਨੂੰ ਬਰਾਬਰ ਮੰਨੇ। ਓਜੀਸੀ ਨੇ ਇਹ ਵੀ ਆਖਿਆ ਕਿ ਉਹ ਸਿੱਖਿਆ ਮੰਤਰੀ ਲਿਚੇ ਤੋਂ ਮੰਗ ਕਰਦੇ ਹਨ ਕਿ ਉਹ ਜਾਂਚਕਾਰ ਦੀਆਂ ਲੱਭਤਾਂ ਉੱਤੇ ਸਖਤ ਕਾਰਵਾਈ ਕਰਨ। ਇਹ ਵੀ ਆਖਿਆ ਗਿਆ ਕਿ ਹੁਣ ਫੈਸਲਾਕੁੰਨ ਕਾਰਵਾਈ ਕਰਨ ਅਤੇ ਜਵਾਬਦੇਹੀ ਤੈਅ ਕਰਨ ਦਾ ਸਮਾਂ ਆ ਗਿਆ ਹੈ। ਲੰਮੇਂ ਸਮੇਂ ਤੱਕ ਪੀਡੀਐਸਬੀ ਦੀ ਲੀਡਰਸ਼ਿਪ ਤਹਿਤ ਐਂਟੀ ਬਲੈਕ ਨਸਲਵਾਦ ਤੇ ਸਿਸਟਮ ਵਿਚਲੇ ਨਸਲਵਾਦ ਨੂੰ ਪਣਪਣ ਦਿੱਤਾ ਗਿਆ। ਇਸ ਸੰਦਰਭ ਵਿੱਚ ਡਾਇਰੈਕਟਰ ਆਫ ਐਜੂਕੇਸ਼ਨ ਪੀਟਰ ਜੋਸ਼ੂਆ ਨੂੰ ਅਸਤੀਫਾ ਜ਼ਰੂਰ ਦੇਣਾ ਚਾਹੀਦਾ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …