ਪਾਕਿਸਤਾਨ ‘ਚ ਬਣਾਵਾਂਗੇ ਗੁਰੂ ਨਾਨਕ ਦੇਵ ਯੂਨੀਵਰਸਿਟੀ
ਕਿਹਾ : ਕਰਤਾਰਪੁਰ ਸਾਹਿਬ ਕੋਰੀਡੋਰ ਦੀਆਂ ਤਿਆਰੀਆਂ ਜੰਗੀ ਪੱਧਰ ‘ਤੇ
ਟੋਰਾਂਟੋ/ਪਰਵਾਸੀ ਬਿਊਰੋ : ”ਅਸੀਂ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜੰਗੀ ਪੱਧਰ ‘ਤੇ ਕਰ ਰਹੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੱਕ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇਗਾ।” ਇਹ ਵਿਸ਼ਵਾਸ ਪਾਕਿਸਤਾਨ ਪੰਜਾਬ ਦੇ ਗਵਰਨਰ, ਜਨਾਬ ਮੁਹੰਮਦ ਸਰਵਰ ਵੱਲੋਂ ਲੰਘੇ ਵੀਰਵਾਰ ‘ਰੇਡੀਓ ਪਰਵਾਸੀ’ ਨਾਲ ਗੱਲਬਾਤ ਕਰਦਿਆਂ ਦਿੱਤਾ ਗਿਆ। ਵਰਨਣਯੋਗ ਹੈ ਕਿ ਉਹ ਲੰਘੇ ਦਿਨੀਂ ਆਪਣੇ ਉੱਤਰੀ ਅਮਰੀਕਾ ਦੇ ਦੌਰੇ ਦੌਰਾਨ ਟੋਰਾਂਟੋ ਆਏ ਹੋਏ ਸਨ। ਉਨ੍ਹਾਂ ਅੱਗੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਵਰ੍ਹੇ ਦੌਰਾਨ ਪਾਕਿਸਤਾਨ ਵਿੱਚ ਉਨ੍ਹਾਂ ਦੇ ਨਾਮ ‘ਤੇ ਇਕ ਯੂਨੀਵਰਸਿਟੀ ਵੀ ਸਥਾਪਤ ਕੀਤੀ ਜਾ ਰਹੀ ਹੈ ਜਿੱਥੇ ਪੀਐਚਡੀ ਦੀ ਡਿਗਰੀ ਵੀ ਪ੍ਰਦਾਨ ਕੀਤੀ ਜਾਵੇਗੀ।
ਗੁਰੂ ਸਾਹਿਬ ਦੇ ਫਲਸਫੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਭਨਾਂ ਦੇ ਸਾਂਝੇ ਸਨ। ਇਸ ਕਾਰਨ ਹੀ ਉਨ੍ਹਾਂ ਦੀਆਂ ਸਿੱਖਿਆਵਾਂ ਦਾ ਸਭਨਾਂ ਧਰਮਾਂ ਵਿੱਚ ਆਦਰ ਹੈ।
ਇਹ ਵੀ ਵਰਨਣਯੋਗ ਹੈ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਦਾ ਕੰਮ ਇਨ੍ਹਾਂ ਦੀ ਨਿਗਰਾਨੀ ਹੇਠ ਬਣਾਈ ਗਈ ਇਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਹਿੱਸਾ ਲੈਣ ਆਏ ਸ਼ਰਧਾਲੂਆਂ ਅਤੇ ਯਾਤਰੀਆਂ ਲਈ ਸਭ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਸ ਲਈ ਇਕ ਵਿਸ਼ੇਸ਼ ਰੇਲ ਗੱਡੀ ਸ਼੍ਰੀ ਕਰਤਾਰਪੁਰ ਸਾਹਿਬ ਤੱਕ ਚਲਾਈ ਜਾਵੇਗੀ।ਪਰਵਾਸੀ ਅਦਾਰੇ ਵੱਲੋਂ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਯਕੀਨ ਦੁਆਇਆ ਕਿ ਉਨ੍ਹਾਂ ਸਾਰੀਆਂ ਇਮਾਰਤਾਂ ਅਤੇ ਥਾਵਾਂ ਨੂੰ ‘ਇੰਨ-ਬਿੰਨ’ ਸੰਭਾਲਿਆ ਜਾਵੇਗਾ ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਹਨ। ਵਰਨਣਯੋਗ ਹੈ ਕਿ ਕਈ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਜਾ ਰਹੀ ਹੈ ਕਿ ਉਸਾਰੀ ਕਾਰਣ ਕਈ ਅਜਿਹੀਆਂ ਇਮਾਰਤਾਂ, ਦਰਖ਼ਤਾਂ ਅਤੇ ਜੰਗਲਾਂ ਨੂੰ ਨਸ਼ਟ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਗੁਰੂਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਇਸੇ ਤਰ੍ਹਾਂ ਉਨ੍ਹਾਂ ਸ਼੍ਰੀ ਨਨਕਾਣਾ ਸਾਹਿਬ ਦੀ ਵਿਰਾਸਤ ਨੂੰ ਇੰਨ-ਬਿੰਨ ਸੰਭਲਾਣ ਦਾ ਭਰੋਸਾ ਦਿੱਤਾ। ਜਨਾਬ ਸਰਵਰ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੀ ਇਸ ਫੇਰੀ ਦੌਰਾਨ ਸਿੱਖ ਭਾਈਚਾਰੇ ਤੋਂ ਬੇਹੱਦ ਪਿਆਰ ਮਿਲਿਆ ਹੈ, ਜਿਸ ਲਈ ਉਹ ਸਭਨਾਂ ਦਾ ਸ਼ੁਕਰੀਆ ਅਦਾ ਕਰਦੇ ਹਨ।
ਗੁਰੂਘਰ ‘ਚ ਹੋਇਆ ਸਨਮਾਨ
ਪਾਕਿਸਤਾਨ ਪੰਜਾਬ ਦੇ ਗਵਰਨਰ, ਜਨਾਬ ਮੁਹੰਮਦ ਸਰਵਰ ਨੂੰ ‘ਜੋਤ ਪ੍ਰਕਾਸ਼’ ਗੁਰੂਘਰ ਦੀ ਕਮੇਟੀ ਵੱਲੋਂ ਵੀ ਸਨਮਾਨਤ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਬੇਗਮ ਵੀ ਉਨ੍ਹਾਂ ਨਾਲ ਮੌਜੂਦ ਸਨ। ਇਸ ਮੌਕੇ ਗੁਰੂਘਰ ਕਮੇਟੀ ਦੇ ਪ੍ਰਬੰਧਕਾਂ ਤੋਂ ਇਲਾਵਾ ਕਮਿਊਨਿਟੀ ਦੇ ਆਗੂ ਰਣਜੀਤ ਸਿੰਘ ਬੱਗਾ, ਬਿੱਕ ਧਾਲੀਵਾਲ ਤੇ ਜਗਮੋਹਨ ਸਿੰਘ ਸਹੋਤਾ, ਲਖਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …