23.7 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਖੁੱਲ੍ਹਿਆ, ਲੋਕ ਨਿਰਾਸ਼ ਤੇ ਨਾਰਾਜ਼

ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਖੁੱਲ੍ਹਿਆ, ਲੋਕ ਨਿਰਾਸ਼ ਤੇ ਨਾਰਾਜ਼

ਹਜ਼ਾਰਾਂ ਲੋਕਾਂ ਨੂੰ ਨਹੀਂ ਮਿਲਿਆ ਮੌਕਾ, ਮਾਪੇ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦੇ ਸੁਪਨੇ ਟੁੱਟੇ
ਓਟਵਾ/ਬਿਊਰੋ ਨਿਊਜ਼ : ਇਮੀਗ੍ਰੇਸ਼ਨ ਸਪਾਂਸਰ ਫਾਰਮ ਸਿਰਫ਼ 10 ਮਿੰਟ ਲਈ ਉਪਲਬਧ ਹੋਣ ‘ਤੇ ਲੋਕਾਂ ਵਿਚ ਟਰੂਡੋ ਸਰਕਾਰ ਖਿਲਾਫ਼ ਜਿੱਥੇ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ, ਉਥੇ ਫਾਰਮ ਭਰਨ ਤੋਂ ਖੁੰਝ ਜਾਣ ਵਾਲੇ ਲੋਕਾਂ ਵਿਚ ਨਿਰਾਸ਼ਾ ਵੀ ਪਾਈ ਜਾ ਰਹੀ ਹੈ। ਹਜ਼ਾਰਾਂ ਲੋਕ ਜਿਹੜੇ ਇਸ 10 ਮਿੰਟ ਦੌਰਾਨ ਇਹ ਆਨਲਾਈਨ ਫਾਰਮ ਨਹੀਂ ਭਰ ਸਕੇ ਤੇ ਉਨ੍ਹਾਂ ਦੇ ਹੱਥੋਂ ਆਪਣੇ ਮਾਪਿਆਂ ਤੇ ਦਾਦਾ-ਦਾਦੀ ਨੂੰ ਕੈਨੇਡਾ ਬੁਲਾਉਣ ਦਾ ਮੌਕਾ ਖੁੰਝ ਗਿਆ ਹੈ, ਜਿਸ ਦਾ ਕਾਰਨ ਉਹ ਕੈਨੇਡਾ ਸਰਕਾਰ ਦੇ ਇਸ ਸਿਸਟਮ ਨੂੰ ਹੀ ਕਰਾਰ ਦੇ ਰਹੇ ਹਨ। ਆਪਣੇ ਮਾਪਿਆਂ ਤੇ ਗ੍ਰੈਂਡਪੇਰੈਂਟਸ ਨੂੰ ਸਪਾਂਸਰ ਕਰਨ ਲਈ ਲੋੜੀਂਦਾ ਫਾਰਮ ਸਿਰਫ 10 ਮਿੰਟ ਲਈ ਹੀ ਆਨਲਾਈਨ ਮਿਲਣ ਉਪਰੰਤ ਸੈਂਕੜੇ ਇਮੀਗ੍ਰੈਂਟਸ ਵਿੱਚ ਅੰਤਾਂ ਦਾ ਰੋਹ ਪਾਇਆ ਜਾ ਰਿਹਾ ਹੈ। 2016 ਤੋਂ ਮੌਜੂਦ ਲਾਟਰੀ ਸਿਸਟਮ ਨੂੰ ਖਤਮ ਕਰਨ ਤੋਂ ਬਾਅਦ ਇਮੀਗ੍ਰੇਸ਼ਨ, ਰਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਆਖਿਆ ਕਿ ਉਹ ਆਪਣੇ ਮਾਪਿਆਂ ਤੇ ਗ੍ਰੈਂਡਪੇਰੈਂਟੇਸ ਨੂੰ ਸਪਾਂਸਰ ਕਰਨ ਦੇ ਚਾਹਵਾਨਾਂ ਲਈ ਅਸੀਂ ਸੋਮਵਾਰ ਨੂੰ ਦੁਪਹਿਰ ਸਮੇਂ ਸੀਮਤ ਸਮੇਂ ਲਈ ਪਹਿਲ ਦੇ ਆਧਾਰ ਉੱਤੇ ਫਾਰਮ ਉਪਲਬਧ ਕਰਾਵਾਂਗੇ। ਸਮਰੱਥ ਬਿਨੈਕਾਰਾਂ ਨੇ ਦੱਸਿਆ ਕਿ ਇਹ ਫਾਰਮ ਕਾਫੀ ਲੰਮਾਂ ਹੈ ਤੇ ਕਈ ਪੇਜਾਂ ਦਾ ਹੈ। ਇਸ ਨੂੰ ਭਰਨ ਲਈ ਇਮੀਗ੍ਰੇਸ਼ਨ ਸਟੇਟਸ ਦਾ ਸਬੂਤ ਦੇਣਾ ਪੈਂਦਾ ਹੈ ਤੇ ਭਰਨ ਲਈ ਹੀ 10 ਮਿੰਟ ਦਾ ਸਮਾਂ ਲੱਗ ਜਾਂਦਾ ਹੈ। ਰਾਜ ਗੋਪਾਲਾਕ੍ਰਿਸ਼ਨਨ ਨੇ ਦੱਸਿਆ ਕਿ ਉਸ ਨੇ ਆਨਲਾਈਨ ਇਹ ਫਾਰਮ ਭਰ ਕੇ ਜਮ੍ਹਾਂ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਆਪਣੇ ਲੈਪਟਾਪ ਦੀ ਸਕਰੀਨ ਉੱਤੇ ਇਹ ਮੈਸੇਜ ਨਜ਼ਰ ਆਇਆ ਕਿ ਇਹ ਪ੍ਰਕਿਰਿਆ ਪਹਿਲਾ ਹੀ ਬੰਦ ਹੋ ਚੁੱਕੀ ਹੈ। ਉਸ ਨੇ ਖਿੱਝ ਕੇ ਆਖਿਆ ਕਿ ਇਹ ਕੋਈ ਟਾਈਪਿੰਗ ਦਾ ਹੁਨਰ ਪਰਖਣ ਦਾ ਟੈਸਟ ਹੈ? ਉਨ੍ਹਾਂ ਇਹ ਵੀ ਆਖਿਆ ਕਿ ਜੇ ਤੁਹਾਡੇ ਇਲਾਕੇ ਦੀ ਬਿਜਲੀ ਵਿੱਚ ਕੋਈ ਗੜਬੜ ਹੋਵੇ ਤੇ ਜਾਂ ਕੋਈ ਵਿਅਕਤੀ ਅਪਾਹਜ ਹੋਵੇ ਤਾਂ ਉਸ ਨਾਲ ਕੀ ਸਰਕਾਰ ਇਹ ਮਜ਼ਾਕ ਕਰ ਰਹੀ ਹੈ? ਗੋਪਾਲਕ੍ਰਿਸ਼ਨਨ ਨੇ ਆਖਿਆ ਕਿ ਉਹ 2009 ਵਿੱਚ ਕੈਨੇਡਾ ਆਇਆ ਸੀ ਤੇ ਉਹ ਪਿਛਲੇ ਛੇ ਸਾਲਾਂ ਤੋਂ ਆਪਣੀ ਮਾਂ ਨੂੰ ਇੱਥੇ ਸੱਦਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਸ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਨੂੰ ਹੱਲ ਕਰਨਾ ਚਾਹੀਦਾ ਹੈ। ਸੋਮਵਾਰ ਦੁਪਹਿਰ ਨੂੰ ਹਜ਼ਾਰ ਤੋਂ ਵੀ ਵੱਧ ਲੋਕਾਂ ਨੇ ਇੱਕ ਆਨਲਾਈਨ ਪਟੀਸ਼ਨ ਦਾਇਰ ਕਰਕੇ ਇਹ ਮੰਗ ਕੀਤੀ ਹੈ ਕਿ 2019 ਵਿੱਚ ਇਸ ਪ੍ਰਕਿਰਿਆ ਨੂੰ ਦੁਬਾਰਾ ਸਹੀ ਕੀਤਾ ਜਾਵੇ।

RELATED ARTICLES
POPULAR POSTS