ਔਟਵਾ/ਬਿਊਰੋ ਨਿਊਜ਼
ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਵੱਲੋਂ ਸਰੀ-ਨਿਊਟਨ ਦੇ ਪਾਰਲੀਮੈਂਟ ਮੈਂਬਰ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਪ੍ਰਾਈਵੇਟ ਮੈਂਬਰ ਬਿੱਲ ਸੀ-376 ‘ਸਿੱਖ ਹੈਰੀਟੇਜ ਬਿੱਲ’ ਦੀ ਭਰਵੀਂ ਹਮਾਇਤ ਕੀਤੀ ਗਈ ਹੈ ਜਿਸ ਵਿਚ ਅਪ੍ਰੈਲ ਮਹੀਨੇ ਨੂੰ ਕੈਨੇਡਾ-ਭਰ ਵਿਚ ਸਿੱਖ-ਹੈਰੀਟੇਜ ਮਹੀਨੇ ਵਜੋਂ ਮਨਾਉਣ ਦੀ ਮੰਗ ਕੀਤੀ ਗਈ ਹੈ।
ਇਹ ਬਿੱਲ 19 ਅਕਤੂਬਰ ਨੂੰ ਪਾਰਲੀਮੈਂਟ ਵਿਚ ਪੇਸ਼ ਕੀਤਾ ਗਿਆ ਸੀ ਅਤੇ ਇਹ ਪਹਿਲੀ ਵਾਰ ਪਾਰਲੀਮੈਂਟ ਮੈਂਬਰਾਂ ਦੇ ਸਾਹਮਣੇ ਪੜ੍ਹਿਆ ਗਿਆ। ਇਸ ਸਮੇਂ ਭਾਵੇਂ ਅਜੇ ਪਤਾ ਨਹੀਂ ਹੈ ਕਿ ਇਹ ਬਿੱਲ ਪਾਰਲੀਮੈਂਟ ਵਿਚ ਹਾਊਸ ਆਫ਼ ਕਾਮਨਜ਼ ਵਿਚ ਵਿਚਾਰ-ਵਟਾਂਦਰੇ ਲਈ ਕਦੋਂ ਆਵੇਗਾ, ਪ੍ਰੰਤੂ ਸੋਨੀਆ ਸਿੱਧੂ ਨੇ ਇਸ ਦੇ ਬਾਰੇ ਕਿਹਾ ਕਿ ਸੁੱਖ ਧਾਲੀਵਾਲ ਵੱਲੋਂ ਪੇਸ਼ ਕੀਤਾ ਗਿਆ ਇਹ ਬਿੱਲ ਜਿਸ ਵਿਚ ਸਿੱਖ ਕੈਨੇਡੀਅਨਾਂ ਦੀ ਦੇਸ਼ ਦੀਆਂ ਕਮਿਊਨਿਟੀਆਂ ਲਈ ਪਾਏ ਗਏ ਯੋਗਦਾਨ ਦੀ ਗੱਲ ਕੀਤੀ ਗਈ ਹੈ, ਨੂੰ ਪਾਸ ਕਰਾਉਣ ਲਈ ਉਹ ਇਸ ਦੀ ਪੂਰਨ ਹਮਾਇਤ ਕਰਨਗੇ।
ਇਸ ਦੇ ਬਾਰੇ ਆਪਣਾ ਪ੍ਰਤੀਕ੍ਰਮ ਦਿੰਦਿਆਂ ਹੋਇਆਂ ਸੋਨੀਆ ਸਿੱਧੂ ਨੇ ਕਿਹਾ,”ਕੈਨੇਡਾ ਵਿਚ ਵੱਖ-ਵੱਖ ਕਮਿਊਨੀਟੀਆਂ ਵੱਲੋਂ ਪਾਏ ਗਏ ਯੋਗਦਾਨ ਨੂੰ ਪਛਾਨਣ ਅਤੇ ਮੰਨੇ ਜਾਣ ਦੀ ਬੜੀ ਜ਼ਰੂਰਤ ਹੈ। ਇਕ ਸਿੱਖ ਔਰਤ ਹੋਣ ਦੇ ਨਾਤੇ ਮੈਨੂੰ ਸਿੱਖਾਂ ਵੱਲੋਂ ਕੈਨੇਡਾ-ਭਰ ਦੇ ਵਿਕਾਸ ਲਈ ਪਾਏ ਗਏ ਯੋਗਦਾਨ ਉੱਪਰ ਫ਼ਖ਼ਰ ਹੈ ਅਤੇ ਮੈਨੂੰ ਪੂਰਨ ਆਸ ਹੈ ਕਿ ਉਹ ਅੱਗੋਂ ਵੀ ਇਸ ਨੂੰ ਇੰਜ ਹੀ ਜਾਰੀ ਰੱਖਣਗੇ। ਇਹ ਬਿੱਲ ਸੀ-376 ਜਦੋਂ ਵੀ ਪਾਰਲੀਮੈਂਟ ਵਿਚ ਬਹਿਸ ਲਈ ਆਏਗਾ, ਉਹ ਖੜੇ ਹੋ ਕੇ ਇਸ ਦੀ ਡੱਟਵੀਂ ਹਮਾਇਤ ਕਰਨਗੇ।”
ਇੱਥੇ ਇਹ ਜ਼ਿਕਰਯੋਗ ਹੈ ਕਿ ਮੰਤਰੀਆਂ ਅਤੇ ਪਾਰਲੀਮੈਂਟ ਸਕੱਤਰਾਂ ਤੋਂ ਬਿਨਾਂ ਕੋਈ ਵੀ ਐੱਮ.ਪੀ. ਕਮਿਊਨਿਟੀ ਵਿਚ ਵਿਚਰਦਿਆਂ ਹੋਇਆਂ ਇਸ ਦੇ ਵਿਸ਼ੇਸ਼ ਮੁੱਦਿਆਂ ਜਾਂ ਮਸਲਿਆਂ ਬਾਰੇ ਵਿਚਾਰ ਕਰਨ ਲਈ ਪਾਰਲੀਮੈਂਟ ਵਿਚ ਆਪਣਾ ਪ੍ਰਾਈਵੇਟ ਬਿੱਲ ਲਿਆ ਸਕਦਾ ਹੈ। ਕੈਨੇਡਾ ਦੀ ਵਿਰਾਸਤ ਦੀ ਵਿਲੱਖਣਤਾ ਦਾ ਸਤਿਕਾਰ ਕਰਦਿਆਂ ਹੋਇਆਂ ਪਿਛਲੇ ਕੁਝ ਸਾਲਾਂ ਵਿਚ ਕੈਨੇਡਾ ਦੀ ਪਾਰਲੀਮੈਂਟ ਨੇ ਕਈ ਪ੍ਰਾਈਵੇਟ ਬਿੱਲ ਪਾਸ ਕੀਤੇ ਹਨ।