Breaking News
Home / ਜੀ.ਟੀ.ਏ. ਨਿਊਜ਼ / ਹਰਜੀਤ ਸੱਜਣ ਦੇ ਖਿਲਾਫ ਬੇਭਰੋਸਗੀ ਮਤਾ ਹੋਇਆ ਫੇਲ੍ਹ

ਹਰਜੀਤ ਸੱਜਣ ਦੇ ਖਿਲਾਫ ਬੇਭਰੋਸਗੀ ਮਤਾ ਹੋਇਆ ਫੇਲ੍ਹ

ਐਨਡੀਪੀ ਤੇ ਕੰਸਰਵੇਟਿਵ ਇਸ ਮੁੱਦੇ ‘ਤੇ ਹੋਈਆਂ ਇਕੱਠੀਆਂ ਫਿਰ ਵੀ ਹਰਜੀਤ ਸੱਜਣ ਦੇ ਹੱਕ ਵਿਚ 171 ਅਤੇ ਵਿਰੋਧ ਵਿਚ ਪਈਆਂ 122 ਵੋਟਾਂ
ਟੋਰਾਂਟੋ : ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਜੋ ਇਨ੍ਹੀਂ ਦਿਨੀਂ ਭਾਰਤ ਦੌਰੇ ਦੌਰਾਨ ਦਿੱਤੇ ਆਪਣੇ ਇਕ ਬਿਆਨ ਕਾਰਨ ਵਿਵਾਦਾਂ ਵਿਚ ਘਿਰੇ ਹੋਏ ਹਨ, ਉਨ੍ਹਾਂ ਖਿਲਾਫ ਲੰਘੇ ਮੰਗਲਵਾਰ ਨੂੰ ਸੰਸਦ ਵਿਚ ਵਿਰੋਧੀ ਧਿਰਾਂ ਵਲੋਂ ਪੇਸ਼ ਕੀਤਾ ਗਿਆ ਬੇਭਰੋਸਗੀ ਮਤਾ ਪਾਸ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਹਰਜੀਤ ਸੱਜਣ ਹੋਰਾਂ ਨੇ ਪਿਛਲੇ ਦਿਨੀਂ ਆਪਣੇ ਭਾਰਤ ਦੌਰੇ ਦੌਰਾਨ ਇਕ ਬਿਆਨ ਦਿੱਤਾ ਸੀ ਕਿ ਸੰਨ 2006 ਦੌਰਾਨ ਅਫਗਾਨਿਸਤਾਨ ਵਿਚ ਕੈਨੇਡੀਅਨ ਫੌਜਾਂ ਲਈ ਕੰਮ ਕਰਦਿਆਂ ਉਹਨਾਂ ਨੇ ਅਪਰੇਸ਼ਨ ਮੈਡੂਸਾ ਦੀ ਅਗਵਾਈ ਕੀਤੀ ਸੀ। ਜਿਸ ਵਿਚ ਸੈਂਕੜੇ ਤਾਲਿਬਾਨ ਮਾਰੇ ਗਏ ਸਨ। ਇਹ ਵੀ ਜ਼ਿਕਰਯੋਗ ਹੈ ਕਿ ਅਸਲ ਵਿਚ ਹਰਜੀਤ ਸੱਜਣ ਦੀ ਇਸ ਅਪਰੇਸ਼ਨ ਵਿਚ ਭੂਮਿਕਾ ਸਿਰਫ ਖੁਫੀਆ ਅਫਸਰ ਵਜੋਂ ਸੀ, ਜਦਕਿ ਸਿੱਧੇ ਤੌਰ ‘ਤੇ ਇਸ ਅਪਰੇਸ਼ਨ ਵਿਚ ਕੰਮ ਕਰਨ ਵਾਲੇ 12 ਕੈਨੇਡੀਅਨ ਫੌਜੀਆਂ ਦੀ ਮੌਤ ਹੋਈ ਸੀ। ਹਰਜੀਤ ਸੱਜਣ ਹੋਰਾਂ ਦੇ ਭਾਰਤ ਵਿਚ ਦਿੱਤੇ ਇਸ ਬਿਆਨ ਤੋਂ ਬਾਅਦ ਕੈਨੇਡੀਅਨ ਫੌਜਾਂ ਅਤੇ ਕੈਨੇਡੀਅਨ ਮੀਡੀਆ ਵਿਚ ਤਿੱਖਾ ਪ੍ਰਤੀਕਰਮ ਹੋਇਆ ਸੀ। ਜਿਸ ਤੋਂ ਬਾਅਦ ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਹਰਜੀਤ ਸੱਜਣ ਹੋਰਾਂ ਨੇ ਮੁਆਫੀ ਮੰਗ ਲਈ ਸੀ। ਪਰ ਇਸਦੇ ਬਾਵਜੂਦ ਕੈਨੇਡੀਅਨ ਲੋਕਾਂ ਵਿਚ ਮੁੱਖ ਤੌਰ ‘ਤੇ ਕਾਫੀ ਗੁੱਸਾ ਅਤੇ ਨਰਾਜ਼ਗੀ ਪਾਈ ਜਾ ਰਹੀ ਸੀ। ਇਸੇ ਕਰਕੇ ਲੰਘੇ ਦਿਨੀਂ ਸੰਸਦ ਵਿਚ ਇਹ ਮਾਮਲਾ ਵਿਰੋਧੀ ਧਿਰਾਂ ਵਲੋਂ ਵਾਰ,-ਵਾਰ ਉਠਾਇਆ ਜਾਂਦਾ ਰਿਹਾ। ਇਸ ਦੌਰਾਨ ਮੰਗਲਵਾਰ ਨੂੰ ਐਨਡੀਪੀ ਵਲੋਂ ਹਰਜੀਤ ਸੱਜਣ ਖਿਲਾਫ ਇਕ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ, ਜਿਸ ਨੂੰ ਸੰਸਦ ਵਿਚ ਕੰਸਰਵੇਟਿਵ ਪਾਰਟੀ ਨੇ ਵੀ ਪੂਰਾ ਸਮਰਥਨ ਦਿੱਤਾ, ਪਰ ਦੂਜੇ ਪਾਸੇ ਗਰੀਨ ਪਾਰਟੀ ਦੀ ਲੀਡਰ ਅਤੇ ਆਜ਼ਾਦ ਐਮ.ਪੀ. ਹੰਟਰ ਟੂਟੂ ਨੇ ਹਰਜੀਤ ਸੱਜਣ ਦੇ ਹੱਕ ਵਿਚ ਵੋਟ ਪਾਈ। ਇੰਝ ਕੁੱਲ ਵੋਟਿੰਗ ਦੌਰਾਨ ਹਰਜੀਤ ਸੱਜਣ ਦੇ ਹੱਕ ਵਿਚ 171 ਅਤੇ ਵਿਰੋਧ ਵਿਚ 122 ਵੋਟਾਂ ਪਾਈਆਂ ਅਤੇ ਇਹ ਬੇਭਰੋਸਗੀ ਮਤਾ ਪਾਸ ਨਹੀਂ ਹੋ ਸਕਿਆ। ਬੇਸ਼ੱਕ ਹਰਜੀਤ ਸੱਜਣ ‘ਤੇ ਮੰਡਰਾਅ ਰਿਹਾ ਸਿਆਸੀ ਖਤਰਾ ਟਲ ਗਿਆ ਹੈ, ਪਰ ਵਿਰੋਧੀ ਧਿਰਾਂ ਜੰਗੀ ਸਾਜ਼ੋ ਸਮਾਨ ਲਈ ਕੀਤੀ ਜਾ ਰਹੀ ਖਰੀਦੋ ਫਰੋਖਤ ਦੇ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿਚ ਫਿਰ ਤੋਂ ਘੇਰਨ ਦੀ ਤਿਆਰੀ ਵਿਚ ਹੈ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …