ਟੋਰਾਂਟੋ/ਡਾ. ਝੰਡ : ਬਰੈਂਪਟਨ ਦੀ ਆਬਾਦੀ ਇਸ ਸਮੇਂ 7 ਲੱਖ ਤੋਂ ਉੱਪਰ ਸਮਝੀ ਜਾਂਦੀ ਹੈ ਪਰ ਇੱਥੇ ਸਿਹਤ ਸਹੂਲਤਾਂ ਦੀ ਏਨੀ ਘਾਟ ਹੈ ਕਿ ਇੱਥੇ ਏਨੀ ਸੰਘਣੀ ਆਬਾਦੀ ਲਈ ਕੇਵਲ ਇਕ ਹੀ ਹਸਪਤਾਲ ਦੀ ਵਿਵਸਥਾ ਹੈ, ਜਦ ਕਿ ਇਸ ਤੋਂ ਘੱਟ ਆਬਾਦੀ ਵਾਲੇ ਸ਼ਹਿਰ ਹੈਮਿਲਟਨ ਵਿਚ 7 ਹਸਪਤਾਲ ਹਨ ਅਤੇ ਟੋਰਾਂਟੋ ਮਹਾਂਨਗਰ ਵਿਚ ਲੋਕਾਂ ਦੀ ਸਹੂਲਤ ਲਈ 14 ਹਸਪਤਾਲ ਮੌਜੂਦ ਹਨ। ਬਰੈਂਪਟਨ-ਵਾਸੀਆਂ ਦਾ ਆਮ ਕਹਿਣਾ ਹੈ ਕਿ ਬਰੈਂਪਟਨ ਨਾਲ ਸਰਕਾਰ ਵੱਲੋਂ ਮਤਰੇਆਂ ਵਾਲਾ ਵਿਹਾਰ ਕੀਤਾ ਜਾ ਰਿਹਾ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਟੋਰਾਂਟੋ ਮਹਾਂਨਗਰ ਨੂੰ ਸਿਹਤ-ਸੇਵਾਵਾਂ ਲਈ 2964.66 ਮਿਲੀਅਨ ਡਾਲਰ ਅਤੇ ਹੈਮਿਲਟਨ ਨੂੰ 1414.56 ਮਿਲੀਅਨ ਡਾਲਰ ਦੀ ਸਹਾਇਤਾ ਮਿਲ ਰਹੀ ਹੈ, ਜਦ ਕਿ ਬਰੈਂਪਟਨ ਦੇ ਹਿੱਸੇ ਕੇਵਲ 611.35 ਮਿਲੀਅਨ ਡਾਲਰ ਆਉਂਦੇ ਹਨ। ਬਰੈਂਪਟਨ ਵਿਚ ਸਿਹਤ ਸੇਵਾਵਾਂ ਦੀ ਘਾਟ ਅਤੇ ਇੱਥੇ ਇਕ ਹੋਰ ਹਸਪਤਾਲ ਖੋਲ੍ਹਣ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਪ੍ਰਿੰ. ਸੰਜੀਵ ਧਵਨ ਵੱਲੋਂ ਓਨਟਾਰੀਓ ਪ੍ਰੋਵਿੰਸ਼ੀਅਲ ਪਾਰਲੀਮੈਂਟ ਦੀ ਵਿਸ਼ਾਲ ਇਮਾਰਤ ਦੇ ਸਾਹਮਣੇ ਸੋਮਵਾਰ ਸਵੇਰੇ 10 ਵਜੇ ਤੋਂ ਸ਼ੁੱਕਰਵਾਰ ਸ਼ਾਮ ਦੇ 5 ਵਜੇ ਤੱਕ ਪੰਜ ਦਿਨਾਂ ਦੀ ਭੁੱਖ-ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਰੈਂਪਟਨ ਦੇ ਇੱਕੋ ਇਕ ਸਿਵਲ ਹਸਪਤਾਲ ਵਿਚ ਮਰੀਜ਼ਾਂ ਨੂੰ ਕਮਰੇ ਤੇ ਬਿਸਤਰੇ ਮਿਲਣੇ ਤਾਂ ਦੂਰ ਦੀ ਗੱਲ ਰਹੀ, ਕਈ ਵਾਰ ਉਨ੍ਹਾਂ ਨੂੰ ਲਿਜਾਣ ਲਈ ਸਟਰੈੱਚਰ ਤੱਕ ਵੀ ਨਹੀਂ ਮਿਲਦਾ। ਬਹੁਤ ਸਾਰੇ ਮਰੀਜ਼ਾਂ ਨੂੰ ਬੇਵੱਸੀ ਦੀ ਹਾਲਤ ਵਿਚ 10-12 ਘੰਟੇ ਦੀ ਲੰਮੀ ਉਡੀਕ ਕਰਨੀ ਪੈਂਦੀ ਹੈ ਅਤੇ ਫਿਰ ਵੀ ਕਮਰਿਆਂ ਵਿਚ ਬੈੱਡ ਨਾ ਮਿਲਣ ਕਾਰਨ ਉਨ੍ਹਾਂ ਦਾ ਇਲਾਜ ਹਾਲ-ਵੇਅ ਵਿਚ ਕੀਤਾ ਜਾਂਦਾ ਹੈ। ਇਸ ਦੌਰਾਨ ਉਨ੍ਹਾਂ ਹੋਰ ਕਿਹਾ ਕਿ ਇਸ ਪੰਜ-ਦਿਨਾਂ ਧਰਨੇ ਤੇ ਭੁੱਖ-ਹੜਤਾਲ ਤੋਂ ਬਾਅਦ ਸਰਕਾਰਾਂ ਨੂੰ ਇਹ ਬਰੈਂਪਟਨ-ਵਾਸੀਆਂ ਦੀ ਇਹ ਅਹਿਮ ਮੰਗ ਪੂਰੀ ਕਰਨ ਲਈ ਦੋ ਸਾਲ ਦਾ ਸਮਾਂ ਦਿੱਤਾ ਜਾਏਗਾ ਅਤੇ ਜੇਕਰ ਫਿਰ ਵੀ ਇਸ ਦਿਸ਼ਾ ਵਿਚ ਕੋਈ ਵੀ ਕਦਮ ਨਾ ਉਠਾਇਆ ਗਿਆ ਤਾਂ ਉਹ 11 ਅਕਤੂਬਰ 2021 ਨੂੰ ਅਣਮਿੱਥੇ ਸਮੇਂ ਦੀ ਭੁੱਖ-ਹੜਤਾਲ ਸ਼ੁਰੂ ਕਰਨਗੇ।
ਭੁੱਖ-ਹੜਤਾਲ ‘ਤੇ ਬੈਠਣ ਦੇ ਇਸ ਮੌਕੇ ਬਰੈਂਪਟਨ ਦੀਆਂ ਕਈ ਸੰਸਥਾਵਾਂ ਅਤੇ ਵਿਅੱਕਤੀਆਂ ਵੱਲੋਂ ਸੰਜੀਵ ਧਵਨ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ। ਸਵੇਰੇ ਦਸ ਵਜੇ ਭੁੱਖ ਹੜਤਾਲ ਸ਼ੁਰੂ ਕਰਨ ਸਮੇਂ ਉਨ੍ਹਾਂ ਦੇ ਨਾਲ ਇੰਡੋ-ਕੈਨੇਡੀਅਨ ਵਰਕਰਜ਼ ਐਸੋਸੀਏਸ਼ਨ ਤੋਂ ਮਲਕੀਅਤ ਸਿੰਘ, ਕਮਿਊਨਿਸਟ ਪਾਰਟੀ ਜੀਟੀਏ ਦੇ ਵੈੱਸਟ ਕਲੱਬ ਤੋਂ ਹਰਿੰਦਰ ਹੁੰਦਲ ਤੇ ਕਾਮਰੇਡ ਬਲਵੰਤ ਸਿੰਘ ਤੇ ਪੰਜਾਬ ਪਰਵਾਸੀ ਪੈੱਨਸ਼ਨਰਜ਼ ਐਸੋਸੀਏਸ਼ਨ ਤੋਂ ਪ੍ਰੋ. ਜਗੀਰ ਸਿੰਘ ਕਾਹਲੋਂ, ਅਤੇ ਕੁਲਦੀਪ ਬੋਪਾਰਾਏ ਜੋ ਪਹਿਲਾਂ ਕਿਸੇ ਸਮੇਂ ਈਸਟ ਇੰਡੀਅਨ ਵਰਕਰਜ਼ ਐਸੋਸੀਏਸ਼ਨ ਤੇ ਟੈਕਸੀ ਯੂਨੀਅਨਾਂ ਦੀ ਨੁਮਾਇੰਦਗੀ ਕਰਦੇ ਰਹੇ ਹਨ, ਨਿੱਜੀ ਤੌਰ ‘ਤੇ ਸ਼ਾਮਲ ਹੋਏ। ਏਸੇ ਤਰ੍ਹਾਂ ਬਰੈਂਪਟਨ ਦੀ ਨਾਮਵਰ ਸ਼ਖ਼ਸੀਅਤ ਸੁਖਜੋਤ ਨਾਰੂ ਵੀ ਕੁਝ ਸਮੇਂ ਲਈ ਬਰੈਂਪਟਨ-ਵਾਸੀਆਂ ਦੇ ਇਸ ਸਾਂਝੇ ਮਸਲੇ ਦੀ ਹਮਾਇਤ ਲਈ ਭੁੱਖ-ਹੜਤਾਲ ਵਾਲੇ ਸਥਾਨ ‘ਤੇ ਗਏ ਅਤੇ ਸੰਜੀਵ ਧਵਨ ਦੇ ਨਾਲ ਬੈਠ ਕੇ ਇਕਜੁਟਤਾ ਜ਼ਾਹਿਰ ਕੀਤੀ। ਬਰੈਂਪਟਨ ਦੇ ਇਲੈੱਕਟ੍ਰਾਨਿਕ ਤੇ ਪ੍ਰਿੰਟ ਮੀਡੀਏ ਅਤੇ ਜੀਟੀਏ ਦੇ ਮੇਨ-ਸਟਰੀਮ ਵੱਲੋਂ ਵੀ ਇਸ ਨੂੰ ਕੱਵਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਸੰਜੀਵ ਧਵਨ ਨੇ ਇਸ ਪੱਤਰਕਾਰ ਨਾਲ ਫ਼ੋਨ ‘ਤੇ ਗੱਲਬਾਤ ਸਾਂਝੀ ਕਰਦਿਆਂ ਕਿਹਾ ਕਿ ਸਵੇਰੇ ਭੁੱਖ-ਹੜਤਾਲ ਸ਼ੁਰੂ ਕਰਨ ਤੋਂ ਕੁਝ ਸਮਾਂ ਬਾਅਦ ਪੀ.ਸੀ.ਪਾਰਟੀ ਦੇ ਐੱਮ.ਪੀ.ਪੀ. ਦੀਪਕ ਅਨੰਦ ਤੇ ਬਰੈਂਪਟਨ ਵੈੱਸਟ ਤੋਂ ਪੀ.ਸੀ.ਪਾਰਟੀ ਦੇ ਐੱਮ.ਪੀ.ਪੀ. ਉਨ੍ਹਾਂ ਕੋਲ ਆਏ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਅਤੇ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਬਰੈਂਪਟਨ ਦੀ ਬੇਹਤਰੀ ਲਈ ਲਈ ਬਹੁਤ ਕੁਝ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਨੂੰ ਬਰੈਂਪਟਨ ਵਿਚ ਇਕ ਹੋਰ ਹਸਪਤਾਲ ਬਨਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਬਾਰੇ ਕੋਈ ਸੰਕੇਤ ਨਹੀਂ ਦਿੱਤਾ। ਜਦੋਂ ਉਨ੍ਹਾਂ ਦੋਹਾਂ ਨੂੰ ਐੱਨ.ਡੀ.ਪੀ. ਵੱਲੋਂ ਇਸ ਹਫ਼ਤੇ ਨਵੇਂ ਹਸਪਤਾਲ ਸਬੰਧੀ ਲਿਆਂਦੇ ਜਾ ਰਹੇ ਮੋਸ਼ਨ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਦਾ ਉੱਤਰ ਦੇਣੋਂ ਟਾਲ ਗਏ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …