10.3 C
Toronto
Tuesday, October 28, 2025
spot_img
Homeਜੀ.ਟੀ.ਏ. ਨਿਊਜ਼ਪੰਜਾਬੀਆਂ ਦੇ ਗੋਤਾਂ 'ਤੇ ਹਨ ਕੈਨੇਡਾ ਦੀਆਂ ਸੜਕਾਂ ਤੇ ਪਾਰਕਾਂ ਦੇ ਨਾਮ

ਪੰਜਾਬੀਆਂ ਦੇ ਗੋਤਾਂ ‘ਤੇ ਹਨ ਕੈਨੇਡਾ ਦੀਆਂ ਸੜਕਾਂ ਤੇ ਪਾਰਕਾਂ ਦੇ ਨਾਮ

ਐਬਟਸਫੋਰਡ/ਗੁਰਦੀਪ ਗਰੇਵਾਲ
ਪੰਜਾਬ ਦੀ ਸਰਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਦੀ ਧਰਤੀ ‘ਤੇ ਜਿੰਨੀ ਤਰੱਕੀ ਪੰਜਾਬੀਆਂ ਨੇ ਕੀਤੀ, ਹੋਰ ਸ਼ਾਇਦ ਹੀ ਕਿਸੇ ਮੁਲਕ ਵਿਚ ਏਨੀ ਤਰੱਕੀ ਕੀਤੀ ਹੋਵੇ। ਧਾਰਮਿਕ ਖੇਤਰ ਹੋਵੇ, ਰਾਜਨੀਤਕ, ਸਮਾਜਿਕ ਖੇਤਰ ਹੋਵੇ ਤੇ ਭਾਵੇਂ ਸੱਭਿਆਚਾਰਕ, ਕੈਨੇਡਾ ਦੇ ਹਰ ਖ਼ੇਤਰ ਵਿਚ ਪੰਜਾਬੀਆਂ ਦਾ ਪੂਰਾ ਬੋਲਬਾਲਾ ਹੈ। ਇਸ ਯੋਗਦਾਨ ਕਰਕੇ ਹੀ ਸਰਕਾਰਾਂ ਪੰਜਾਬੀਆਂ ਨੂੰ ਪੂਰਾ ਮਾਣ-ਸਤਿਕਾਰ ਦੇ ਰਹੀਆਂ ਹਨ। ਗੱਲ ਕਰਨ ਲੱਗੇ ਹਾਂ ਕੈਨੇਡਾ ਦੀਆਂ ਸੜਕਾਂ, ਜਿਨ੍ਹਾਂ ਵਿਚ ਕਈ ਅਜਿਹੀਆਂ ਸੜਕਾਂ ਹਨ, ਜਿਹੜੀਆਂ ਪੰਜਾਬੀਆਂ ਦੇ ਗੋਤਾਂ ‘ਤੇ ਬਣੀਆਂ ਹੋਈਆਂ ਹਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ, ਖਾਲਸਾ ਸਿੰਘ, ਮਹਾਤਮਾ ਗਾਂਧੀ, ਅਦਾਕਾਰ ਰਾਜਕਪੂਰ ਤੇ ਬਾਲੀਵੁੱਡ ਸੰਗੀਤਕਾਰ ਏ. ਆਰ. ਰਹਿਮਾਨ ਦੇ ਨਾਂਮ ‘ਤੇ ਵੀ ਕੈਨੇਡਾ ‘ਚ ਸੜਕਾਂ ਹਨ। ਇਸ ਤੋਂ ਇਲਾਵਾ ਪਾਇਨੀਅਰ ਪੰਜਾਬੀਆਂ ਦੇ ਨਾਵਾਂ ‘ਤੇ ਪਾਰਕ ਵੀ ਬਣੇ ਹੋਏ ਹਨ। ਗੁਰੂ ਨਾਨਕ ਮਾਰਗ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਬਣੀ ਇਹ ਸੜਕ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸ਼ਹਿਰ ਸਰੀ ਵਿਖੇ ਸਥਿਤ ਹੈ, ਜਿਹੜੀ 72 ਐਵੇਨਿਊ ਤੋਂ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਨੂੰ ਜਾਂਦੀ ਹੈ। ਸਿੰਘ ਸਟਰੀਟ : ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਕੈਮਲੂਪਸ ਤੇ ਲੈਂਗਲੀ ਸ਼ਹਿਰਾਂ ਵਿਚ ਸਿੰਘ ਸਟਰੀਟ ਦੇ ਨਾਮ ‘ਤੇ ਸੜਕਾਂ ਬਣੀਆਂ ਹੋਈਆਂ ਹਨ। ਖਾਲਸਾ ਡਰਾਈਵ : ਮਿਸੀਸਾਗਾ ਸਥਿਤ ਗੁਰਦੁਆਰਾ ਸਾਹਿਬ ਉਨਟਾਰੀਓ ਖਾਲਸਾ ਦਰਬਾਰ ਨੂੰ ਜਾਂਦੀ ਸੜਕ ਦਾ ਨਾਮ ਖਾਲਸਾ ਡਰਾਈਵ ਹੈ। ਮਹਾਤਮਾ ਗਾਂਧੀ ਵੇਅ : ਵਿਨੀਪੈਗ ਵਿਚ ਕੈਨੇਡੀਅਨ ਮਿਊਜ਼ੀਅਮ ਆਫ਼ ਹਿਊਮਨ ਰਾਈਟਸ ਦੀ ਬਿਲਡਿੰਗ ਨੂੰ ਜਾਣ ਵਾਲੀ ਸੜਕ ਦਾ ਨਾਮ ਮਹਾਤਮਾ ਗਾਂਧੀ ਵੇਅ ਰੱਖਿਆ ਹੋਇਆ ਹੈ . ਰਾਜ ਕਪੂਰ ਕਰੈਸੈਂਟ : ਹਿੰਦੀ ਫਿਲਮਾਂ ਦੇ ਪ੍ਰਸਿੱਧ ਅਦਾਕਾਰ ਰਹੇ ਸਵ: ਰਾਜ ਕਪੂਰ ਨੂੰ ਸਮਰਪਿਤ ਇਹ ਸੜਕ ਬਰੈਂਪਟਨ ਵਿਖੇ ਸਥਿਤ ਹੈ। ਅੱਲ੍ਹਾ ਰਾਖਾ ਰਹਿਮਾਨ ਸਟਰੀਟ : ਬਾਲੀਵੁੱਡ ਸੰਗੀਤਕਾਰ ਏ. ਆਰ. ਰਹਿਮਾਨ ਦੇ ਨਾਮ ‘ਤੇ ਬਣੀ ਇਹ ਸੜਕ ਉਨਟਾਰੀਓ ਸੂਬੇ ਦੇ ਮਾਰਖਮ ਸ਼ਹਿਰ ਵਿਖੇ ਸਥਿਤ ਹੈ। ਗਰੇਵਾਲ ਕਰੈਸੇਂਟ : ਕੈਨੇਡਾ ਦੀ ਸਿਆਸਤ ਵਿਚ ਪਹਿਲੇ ਪੰਜਾਬੀ ਸਿਆਸਤਦਾਨ ਵਜੋਂ ਸੁਨਹਿਰੀ ਅੱਖਰਾਂ ਵਿਚ ਆਪਣਾ ਨਾਮ ਦਰਜ ਕਰਵਾਉਣ ਵਾਲੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੋਧਾਂ ਦੇ ਜੰਮਪਲ ਨਰੰਜਣ ਸਿੰਘ ਗਰੇਵਾਲ ਨੂੰ ਸਮਰਪਿਤ ਇਹ ਸੜਕ ਬਿਮਸ਼ਿ ਕੋਲੰਬੀਆ ਸੂਬੇ ਦੇ ਮਿਸ਼ਨ ਸ਼ਹਿਰ ਵਿਖੇ ਬਣੀ ਹੋਈ ਹੈ। ਨਰੰਜਣ ਸਿੰਘ ਗਰੇਵਾਲ ਸੰਨ 1952 ਵਿਚ ਮਿਸ਼ਨ ਦੇ ਮੇਅਰ ਬਣੇ ਸਨ। ਰਾਏ ਸਟਰੀਟ : ਗੁਰਦੁਆਰਾ ਗੁਰਸਿੱਖ ਸੁਸਾਇਟੀ ਮਿਸ਼ਨ ਨੂੰ ਜਾਂਦੀ ਸੜਕ ਦਾ ਨਾਮ ਰਾਏ ਸਟਰੀਟ ਹੈ, ਜਿਹੜੀ ਇਸ ਗੁਰਦੁਆਰੇ ਦੇ ਸਾਬਕਾ ਪ੍ਰਧਾਨ ਮਰਹੂਮ ਮੇਜਰ ਸਿੰਘ ਰਾਏ ਦੇ ਨਾਮ ‘ਤੇ ਬਣੀ ਹੋਈ ਹੈ। ਹੇਰਾਰ ਸਟਰੀਟ : ਇਹ ਸੜਕ ਉੱਘੇ ਸਮਾਜ ਸੇਵੀ ਰਹੇ ਸਵ: ਸੰਤੋਖ ਸਿੰਘ ਹੇਰਾਰ ਦੀ ਯਾਦ ਵਿਚ ਬਣੀ ਹੋਈ ਹੈ, ਜਿਹੜੇ ਸੰਨ 1952 ਵਿਚ ਜਲੰਧਰ ਤੋਂ ਕੈਨੇਡਾ ਆਏ ਸਨ। ਇਸ ਤੋਂ ਇਲਾਵਾ ਗਿੱਲ ਕਰੈਸੈਂਟ ਸਕੌਮਿਸ, ਢਿੱਲੋਂ ਵੇਅ ਨਿਊ ਵੈਸਟ ਮਨਿਸਟਰ ਤੇ ਬਰੈਂਪਟਨ ਵਿਖੇ ਹਰਪ੍ਰੀਤ ਕਰੈਸੈਂਟ ਨਾਮ ਦੀਆਂ ਸੜਕਾਂ ਵੀ ਬਣੀਆਂ ਹੋਈਆਂ ਹਨ। ਸੜਕਾਂ ਤੋਂ ਇਲਾਵਾ ਕੈਨੇਡਾ ਵਿਚ ਮੋਢੀ ਪੰਜਾਬੀਆਂ ਦੇ ਨਾਮ ‘ਤੇ ਕੁਝ ਪਾਰਕ ਵੀ ਬਣੇ ਹੋਏ ਹਨ, ਜਿਹੜੇ ਪਿਛਲੀ ਸਦੀ ਦੇ ਸ਼ੁਰੂ ਵਿਚ ਪੰਜਾਬ ਤੋਂ ਪ੍ਰਵਾਸ ਕਰਕੇ ਕੈਨੇਡਾ ਆਏ ਸਨ। ਕਪੂਰ ਰਿਜਨਲ ਪਾਰਕ : ਇਹ ਪਾਰਕ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਰਾਜਧਾਨੀ ਵਿਕਟੋਰੀਆ ਨੇੜੇ ਬਣੀ ਹੋਈ ਹੈ। ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਔੜ ਦੇ ਜੰਮਪਲ ਕਪੂਰ ਸਿੰਘ ਸਿੱਧੂ 1906 ਵਿਚ ਕੈਨੇਡਾ ਆਏ ਸਨ, ਜਿਹੜੇ ਸਖ਼ਤ ਮਿਹਨਤ ਕਰਕੇ ਕਈ ਲੱਕੜ ਮਿੱਲਾਂ ਦੇ ਮਾਲਕ ਬਣੇ। ਕਪੂਰ ਸਿੰਘ ਸਿੱਧੂ ਦੀ ਯਾਦ ਵਿਚ ਪਿੰਡ ਔੜ ਵਿਖੇ ਹਸਪਤਾਲ ਵੀ ਬਣਿਆ ਹੋਇਆ ਹੈ। ਸੋਹਣ ਸਿੰਘ ਭੁੱਲਰ ਪਾਰਕ : ਇਹ ਪਾਰਕ ਅਲਬਰਟਾ ਸੂਬੇ ਦੀ ਰਾਜਧਾਨੀ ਐਡਮਿੰਟਨ ਵਿਖੇ ਮੋਢੀ ਪੰਜਾਬੀ ਸੋਹਣ ਸਿੰਘ ਭੁੱਲਰ ਦੀ ਯਾਦ ਵਿਚ ਬਣੀ ਹੋਈ ਹੈ, ਜਿਹੜੇ ਸੰਨ 1900 ਵਿਚ ਕੈਨੇਡਾ ਆਏ ਸਨ। ਸੋਹਣ ਸਿੰਘ ਭੁੱਲਰ ਪੰਜਾਬ ਤੋਂ ਕੈਨੇਡਾ ਆਏ ਨਵੇਂ ਪਰਵਾਸੀਆਂ ਤੇ ਵਿਦਿਆਰਥੀਆਂ ਦੀ ਬਹੁਤ ਮਦਦ ਕਰਦੇ ਸਨ। ਡਾ: ਜਗਦੀਸ਼ ਕੌਰ ਸਿੱਧੂ ਤੇ ਡਾ: ਸਰਬਜੀਤ ਕੌਰ ਸਿੱਧੂ ਪਾਰਕ : 8 ਹੈਕਟੇਅਰ ਜ਼ਮੀਨ ਵਿਚ ਬਣਿਆ ਇਹ ਪਾਰਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਾਊਚਨ ਵੈਲੀ ਵਿਖੇ ਕੈਨੇਡਾ ਦੀਆਂ ਜੰਮਪਲ ਦੋ ਸਕੀਆਂ ਡਾਕਟਰ ਭੈਣਾਂ ਡਾ: ਜਗਦੀਸ਼ ਕੌਰ ਸਿੱਧੂ ਤੇ ਡਾ: ਸਰਬਜੀਤ ਕੌਰ ਸਿੱਧੂ ਦੀ ਯਾਦ ਵਿਚ ਬਣਿਆ ਹੋਇਆ ਹੈ, ਜਿਨ੍ਹਾਂ ਦਾ ਸਮਾਜ ਸੇਵਾ ਵਿਚ ਅਹਿਮ ਯੋਗਦਾਨ ਸੀ। ਇਸ ਤੋਂ ਇਲਾਵਾ ਸਿੰਘ ਬੋਅਲ ਪਾਰਕ ਕੈਮਲੂਪਸ, ਕਾਮਾਗਾਟਾਮਾਰੂ ਪਾਰਕ ਐਬਟਸਫੋਰਡ ਵਿਖੇ ਬਣੇ ਹੋਏ ਹਨ।

RELATED ARTICLES
POPULAR POSTS