Breaking News
Home / ਜੀ.ਟੀ.ਏ. ਨਿਊਜ਼ / ਕਰੋਨਾ ਨੂੰ ਓਨਟਾਰੀਓ ‘ਚ ਸਟੇਟ ਆਫ਼ ਐਮਰਜੈਂਸੀ ਐਲਾਨਿਆ

ਕਰੋਨਾ ਨੂੰ ਓਨਟਾਰੀਓ ‘ਚ ਸਟੇਟ ਆਫ਼ ਐਮਰਜੈਂਸੀ ਐਲਾਨਿਆ

ਟੋਰਾਂਟੋ : ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਪ੍ਰੋਵਿੰਸ ਵਿੱਚ ਸਟੇਟ ਆਫ ਐਮਰਜੰਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਵੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ઠ
ਕੁਈਨਜ਼ ਪਾਰਕ ਵਿਖੇ ਫੋਰਡ ਨੇ ਆਖਿਆ ਕਿ ਐਮਰਜੰਸੀ ਵਾਲੇ ਹਾਲਾਤ ਦਾ ਐਲਾਨ ਹਲਕੇ ਢੰਗ ਨਾਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਕੋਵਿਡ-19 ਸੱਚਮੁੱਚ ਹੀ ਵੱਡਾ ਖਤਰਾ ਹੈ। ਉਨ੍ਹਾਂ ਆਖਿਆ ਕਿ ਅਸੀਂ ਇਹ ਮਾਪਦੰਡ ਇਸ ਲਈ ਚੁੱਕ ਰਹੇ ਹਾਂ ਤਾਂ ਕਿ ਇਸ ਮਹਾਮਾਰੀ ਨੂੰ ਰੋਕਣ ਲਈ ਦਿਨ ਰਾਤ ਕੋਸ਼ਿਸ਼ ਕਰ ਰਹੇ ਸਾਡੇ ਹੈਲਥ ਕੇਅਰ ਸੈਕਟਰ ਦੀ ਮਦਦ ਲਈ ਅਸੀਂ ਆਪਣੀ ਪੂਰੀ ਤਾਕਤ ਤੇ ਸਮਰਥਨ ਝੋਕ ਸਕੀਏ।ઠ ਫੋਰਡ ਵੱਲੋਂ ਇਹ ਐਲਾਨ ਕਰਨ ਸਮੇਂ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ, ਵਿੱਤ ਮੰਤਰੀ ਰੌਡ ਫਿਲਿਪਸ ਤੇ ਓਨਟਾਰੀਓ ਤੇ ਸਾਲੀਸਿਟਰ ਜਨਰਲ ਸਿਲਵੀਆ ਜੋਨਜ਼ ਵੀ ਉੱਥੇ ਹੀ ਮੌਜੂਦ ਸਨ। ਫੋਰਡ ਦਾ ਕਹਿਣਾ ਹੈ ਕਿ ਇਨ੍ਹਾਂ ਹੁਕਮਾਂ ਤਹਿਤ 31 ਮਾਰਚ ਤੱਕ 50 ਤੋਂ ਵੱਧ ਲੋਕਾਂ ਦਾ ਇੱਕਠ ਨਹੀਂ ਹੋ ਸਕੇਗਾ। ਇਸ ਵਿੱਚ ਪਰੇਡ, ਹੋਰ ਈਵੈਂਟਸ ਤੇ ਧਾਰਮਿਕ ਸਥਾਨਾਂ ਦੇ ਅੰਦਰ ਹੋਣ ਵਾਲੀਆਂ ਸਰਵਿਸਿਜ਼ ਸ਼ਾਮਲ ਹਨ।ઠਇਹ ਹੁਕਮ ਫੌਰੀ ਤੌਰ ਉੱਤੇ ਲਾਗੂ ਹੋ ਗਏ ਹਨ। ਪ੍ਰੋਵਿੰਸ ਵੱਲੋਂ ਇੰਡੋਰ ਮਨੋਰੰਜਨ ਦੀਆਂ ਸਾਰੀਆਂ ਥਾਂਵਾਂ, ਸਾਰੀਆਂ ਜਨਤਕ ਲਾਇਬ੍ਰੇਰੀਜ਼, ਸਾਰੇ ਪ੍ਰਾਈਵੇਟ ਸਕੂਲ, ਸਾਰੇ ਲਾਇਸੰਸਸ਼ੁਦਾ ਚਾਈਲਡਕੇਅਰ ਸੈਂਟਰਜ਼, ਸਾਰੇ ਥਿਏਟਰਜ਼, ਸਿਨੇਮਾਜ਼ ਤੇ ਕੰਸਰਟ ਵੈਨਿਊਜ਼ ਦੇ ਨਾਲ ਨਾਲ ਸਾਰੀਆਂ ਬਾਰਜ਼ ਤੇ ਰੈਸਟੋਰੈਂਟ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਸਿਰਫ ਟੇਕਆਊਟ ਫੂਡ ਤੇ ਡਲਿਵਰੀ ਵਾਲੀਆਂ ਥਾਂਵਾਂ ਹੀ ਕੰਮ ਜਾਰੀ ਰੱਖ ਸਕਣਗੀਆਂ।ઠ
ਫੋਰਡ ਨੇ ਆਖਿਆ ਕਿ ਇਹ ਪ੍ਰੋਵਿੰਸ਼ੀਅਲ ਸ਼ੱਟਡਾਊਨ ਨਹੀਂ ਹੈ ਤੇ ਇਨ੍ਹਾਂ ਹੁਕਮਾਂ ਨਾਲ ਬਹੁਤੇ ਕਾਰੋਬਾਰਾਂ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਜ਼ਰੂਰੀ ਸੇਵਾਵਾਂ ਜਿਵੇਂ ਕਿ ਗਰੌਸਰੀ ਸਟੋਰ ਆਦਿ ਖੁੱਲ੍ਹੇ ਰਹਿਣਗੇ। ਉਨ੍ਹਾਂ ਆਖਿਆ ਕਿ ਹਾਲ ਦੀ ਘੜੀ ਸਾਨੂੰ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਹੋਵੇਗੀ। ਸਾਨੂੰ ਆਪਣੇ ਬੱਚਿਆਂ, ਮਾਪਿਆਂ ਤੇ ਗ੍ਰੈਂਡਪੇਰੈਂਟਸ ਬਾਰੇ ਵੀ ਸੋਚਣਾ ਹੋਵੇਗਾ। ਸਾਨੂੰ ਉਨ੍ਹਾਂ ਉਮਰਦਰਾਜ਼ ਲੋਕਾਂ ਬਾਰੇ ਵੀ ਸੋਚਣਾ ਹੋਵੇਗਾ ਜਿਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹਨ। ਇਨ੍ਹਾਂ ਤੋਂ ਇਲਾਵਾ ਪ੍ਰੋਵਿੰਸ ਵਿੱਚ ਹਰ ਕਿਸੇ ਦਾ ਖਿਆਲ ਵੀ ਸਾਨੂੰ ਹੀ ਰੱਖਣਾ ਹੋਵੇਗਾ।ઠ
ਉਨ੍ਹਾਂ ਆਖਿਆ ਕਿ ਉਹ ਓਨਟਾਰੀਓ ਦੇ ਲੋਕਾਂ ਨੂੰ ਇਹ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਸੇਫਟੀ ਨੂੰ ਯਕੀਨੀ ਬਣਾਉਣ ਲਈ ਪ੍ਰੋਵਿੰਸ਼ੀਅਲ ਸਰਕਾਰ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਬੱਸ ਸਾਨੂੰ ਸਾਰਿਆਂ ਨੂੰ ਸ਼ਾਂਤੀ ਤੋਂ ਕੰਮ ਲੈਣਾ ਹੋਵੇਗਾ। ਉਨ੍ਹਾਂ ਆਖਿਆ ਕਿ ਕੋਵਿਡ-19 ਤੋਂ ਛੁਟਕਾਰਾ ਪਾਉਣ ਲਈ ਆਰਥਿਕ ਤੌਰ ਉੱਤੇ ਵੀ ਕੋਈ ਕਮੀ ਨਹੀਂ ਛੱਡੀ ਜਾਵੇਗੀ। ਓਨਟਾਰੀਓ ਵੱਲੋਂ ਐਮਰਜੰਸੀ ਵਾਲੇ ਹਾਲਾਤ ਨਾਲ ਨਜਿੱਠਣ ਲਈ 100 ਮਿਲੀਅਨ ਡਾਲਰ ਫੰਡ ਰਾਖਵੇਂ ਰੱਖੇ ਗਏ ਹਨ ਤੇ ਇਸ ਤੋਂ ਇਲਾਵਾ ਫੈਡਰਲ ਸਰਕਾਰ ਵੱਲੋਂ ਵੀ 200 ਮਿਲੀਅਨ ਡਾਲਰ ਦੀ ਮਦਦ ਮਿਲਣ ਵਾਲੀ ਹੈ।ઠ
ਇਸ ਪੈਸੇ ਦੀ ਵਰਤੋਂ ਹਸਪਤਾਲਾਂ ਵਿੱਚ 700 ਹੋਰ ਕ੍ਰਿਟੀਕਲ ਕੇਅਰ ਬੱੈਡਜ਼ ਲਾਉਣ ਲਈ ਕੀਤੀ ਜਾਵੇਗੀ, ਇਸ ਤੋਂ ਇਲਾਵਾ 500 ਪੋਸਟ ਐਕਿਊਟ ਕੇਅਰ ਬੈੱਡ ਵੀ ਲਾਏ ਜਾਣਗੇ। ਇਸ ਦੇ ਨਾਲ ਹੀ 25 ਹੋਰ ਕੋਵਿਡ-19 ਅਸੈਸਮੈਂਟ ਸੈਂਟਰ ਵੀ ਕਾਇਮ ਕੀਤੇ ਜਾਣਗੇ। ਫੋਰਡ ਨੇ ਦੱਸਿਆ ਕਿ ਓਨਟਾਰੀਓ ਸਰਕਾਰ ਫਰੰਟ ਲਾਈਨ ਹੈਲਥ ਵਰਕਰਜ਼ ਲਈ ਮਾਸਕਸ, ਗਲਵਜ਼ ਤੇ ਸਰਜੀਕਲ ਗਾਊਨਜ਼ ਦੇ ਨਾਲ ਨਾਲ ਹੋਰ ਵੈਂਟੀਲੇਟਰਜ਼ ਵੀ ਖਰੀਦ ਰਹੀ ਹੈ।ઠਇਸ ਦੌਰਾਨ ਟੋਰਾਂਟੋ ਦੇ ਮੇਅਰ ਜੌਹਨ ਟੋਰੀ ਨੇ ਤੇਜੀ ਨਾਲ ਐਨਾ ਸੂਝਬੂਝ ਵਾਲਾ ਫੈਸਲਾ ਲੈਣ ਤੇ ਪ੍ਰੋਵਿੰਸ ਵਿਚ ਐਮਰਜੰਸੀ ਵਾਲੇ ਹਾਲਾਤ ਦਾ ਐਲਾਨ ਕਰਨ ਉਤੇ ਫੋਰਡ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਉਹ ਪੂਰੀ ਤਰ੍ਹਾਂ ਇਸ ਫੈਸਲੇ ਤੇ ਐਲਾਨ ਦੇ ਨਾਲ ਹਨ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …