Breaking News
Home / ਜੀ.ਟੀ.ਏ. ਨਿਊਜ਼ / ਬਰੈਂਪਟਨ ਵਿਚ ਲਾਈਫ ਸਰਟੀਫਿਕੇਟ ਬਣਾਉਣ ਲਈ ਲਗਾਏ ਕੈਂਪ ‘ਚ ਪੈਨਸ਼ਨਰਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ

ਬਰੈਂਪਟਨ ਵਿਚ ਲਾਈਫ ਸਰਟੀਫਿਕੇਟ ਬਣਾਉਣ ਲਈ ਲਗਾਏ ਕੈਂਪ ‘ਚ ਪੈਨਸ਼ਨਰਾਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ

ਬਰੈਂਪਟਨ/ਡਾ. ਝੰਡ : ਹਰ ਸਾਲ ਨਵੰਬਰ ਮਹੀਨੇ ਵਿਚ ਭਾਰਤ ਦੇ ਟੋਰਾਂਟੋ ਸਥਿਤ ਕੌਂਸਲੇਟ ਜਨਰਲ ਆਫ਼ ਇੰਡੀਆ ਵੱਲੋਂ ਬਰੈਂਪਟਨ, ਮਿਸੀਸਾਗਾ, ਲੰਡਨ, ਵਿੰਨੀਪੈਗ, ਸਕਾਰਬਰੋ, ਪੀਟਰਬੋਰੋ, ਆਦਿ ਸ਼ਹਿਰਾਂ ਵਿਚ ਪੈੱਨਸ਼ਨਰਾਂ ਦੀ ਸਹੂਲਤ ਲਈ ਉਨ੍ਹਾਂ ਨੂੰ ਲਾਈਫ਼-ਸਰਟੀਫ਼ੀਕੇਟ ਜਾਰੀ ਕਰਨ ਲਈ ਕੈਂਪ ਲਗਾਏ ਜਾਂਦੇ ਹਨ। ਅਜਿਹਾ ਪਹਿਲਾ ਕੈਂਪ ਵਿੰਨੀਪੈੱਗ ਵਿਚ 4 ਨਵੰਬਰ ਨੂੰ ਲਗਾਇਆ ਗਿਆ, ਜਦਕਿ ਬਰੈਂਪਟਨ ਸ਼ਹਿਰ ਵਿਚ ਪਹਿਲਾ ਕੈਂਪ 5 ਨਵੰਬਰ ਐਤਵਾਰ ਵਾਲੇ ਦਿਨ ਗੋਰ ਰੋਡ ਸਥਿਤ ਹਿੰਦੂ ਸਭਾ ਮੰਦਰ ਵਿਚ ਲੱਗਿਆ। ਇਸ ਕੈਂਪ ਵਿਚ ਲਾਈਫ਼ ਸਰਟੀਫ਼ੀਕੇਟ ਬਨਾਉਣ ਲਈ ਪੈੱਨਸ਼ਨਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ।
ਕੈਂਪ ਦੀ ਕਾਰਵਾਈ ਆਰੰਭ ਹੋਣ ਦਾ ਸਮਾਂ ਭਾਵੇਂ ਸਵੇਰੇ 10.00 ਵਜੇ ਦਾ ਸੀ ਪਰ ਬਹੁਤ ਸਾਰੇ ਪੈੱਨਸ਼ਨਰ ਸਵੇਰੇ ਅੱਠ ਵਜੇ ਤੋਂ ਪਹਿਲਾਂ ਹੀ ਲਾਈਨ ਵਿਚ ਲੱਗ ਗਏ ਅਤੇ ਉਨ੍ਹਾਂ ਵਿੱਚੋਂ ਕਈ ਤਾਂ ਸੱਤ ਵਜੇ ਹੀ ਪਹੁੰਚੇ ਹੋਏ ਸਨ। ਪਹਿਲਾਂ ਮੰਦਰ ਦੇ ਬਾਹਰਵਾਰ ਵਾਲੰਟੀਅਰ ਸਰਟੀਫ਼ੀਕੇਟਾਂ ਲਈ ਲੋੜੀਂਦੇ ਫ਼ਾਰਮ ਵੰਡ ਰਹੇ ਸਨ ਜਿਨ੍ਹਾਂ ਨੂੰ ਭਰਨ ਤੋਂ ਬਾਅਦ ਪੈੱਨਸ਼ਨਰ ਪਹਿਲਾਂ ਤੋਂ ਲੱਗੀ ਹੋਈ ਲੰਮੀ ਲਾਈਨ ਦੇ ਅਖ਼ੀਰ ਵਿਚ ਖੜੇ ਹੁੰਦੇ ਜਾ ਰਹੇ ਸਨ। ਮੰਦਰ ਦੇ ਬਾਹਰ ਲੱਗੇ ਹੋਏ ਇਕ ਟੈਂਟ ਵਿਚ ਚਾਰ ਵਾਲੰਟੀਅਰ ਉਨ੍ਹਾਂ ਦੇ ਪਾਸਪੋਰਟ ਅਤੇ ਭਰੇ ਹੋਏ ਫ਼ਾਰਮ ਚੈੱਕ ਕਰਨ ਤੋਂ ਬਾਅਦ ਉਨ੍ਹਾਂ ਨੂੰ ਟੋਕਨ ਨੰਬਰ ਦੇ ਰਹੇ ਸਨ। ਟੋਕਨ ਨੰਬਰਾਂ ਅਨੁਸਾਰ ਇਕ ਵਾਲੰਟੀਅਰ ਵੱਲੋਂ ਉਨ੍ਹਾਂ ਨੂੰ ਬੁਲਾਇਆ ਜਾ ਰਿਹਾ ਸੀ ਅਤੇ ਉਹ ਚੁਪ-ਚਾਪ ਲਾਈਨ ਵਿਚ ਲਾਈਨ ਵਿਚ ਲੱਗ ਰਹੇ ਸਨ।
ਕੌਂਸਲੇਟ ਜਨਰਲ ਆਫ਼ ਇੰਡੀਆ ਦੇ ਸਟਾਫ਼ ਵੱਲੋਂ ਉਨ੍ਹਾਂ ਦੇ ਪਾਸਪੋਰਟ ਅਤੇ ਦੋ ਪਰਤਾਂ ਵਿਚ ਭਰੇ ਹੋਏ ਫ਼ਾਰਮ ਬਾਰੀਕੀ ਨਾਲ ਚੈੱਕ ਕਰਨ ਤੋਂ ਬਾਅਦ ਇਨ੍ਹਾਂ ਉੱਪਰ ਆਫ਼ਿਸ ਦੀ ਲੌੜੀਂਦੀ ਮੋਹਰ ਲਗਾਉਣ ਅਤੇ ਸਬੰਧਿਤ ਉੱਚ-ਅਧਿਕਾਰੀ ਦੇ ਦਸਤਖਤ ਹੋਣ ਤੋਂ ਬਾਅਦ ਉਨ੍ਹਾਂ ਵਿੱਚੋਂ ਇਕ ਫ਼ਾਰਮ ਪੈੱਨਸ਼ਨਰ ਨੂੰ ਦਿੱਤਾ ਜਾ ਰਿਹਾ ਸੀ ਅਤੇ ਦੂਸਰਾ ਆਫ਼ਿਸ ਦੇ ਰਿਕਾਰਡ ਲਈ ਰੱਖਿਆ ਜਾ ਰਿਹਾ ਸੀ। ਸਾਰਾ ਕੰਮ ਬੜੇ ਸੁਚੱਜੇ ਢੰਗ ਨਾਲ ਹੋ ਰਿਹਾ ਸੀ ਅਤੇ ਕਿਸੇ ਕਿਸਮ ਦੀ ਕੋਈ ਕਾਹਲੀ ਜਾਂ ਹਫੜਾ-ਦਫੜੀ ਨਹੀਂ ਸੀ। ਬਾਅਦ ਦੁਪਹਿਰ ਇਕ ਵਜੇ ਤੱਕ ਸਾਢੇ ਚਾਰ ਸੌ ਦੇ ਲੱਗਭੱਗ ਲਾਈਫ਼-ਸਰਟੀਫ਼ੀਕੇਟ ਜਾਰੀ ਹੋ ਚੁੱਕੇ ਸਨ ਅਤੇ ਇਸ ਤੋਂ ਅਗਲੇ ਟੋਕਨ ਨੰਬਰਾਂ ਵਾਲੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ।
ਪਤਾ ਲੱਗਾ ਹੈ ਕਿ ਇਸ ਕੈਂਪ ਵਿਚ 950 ਲੋਕਾਂ ਨੂੰ ਲੋੜੀਂਦੇ ਲਾਈਫ਼ ਸਰਟੀਫ਼ੀਕੇਟ ਜਾਰੀ ਕੀਤੇ ਗਏ। ਵੀਲ੍ਹ-ਚੇਅਰ ਵਾਲਿਆਂ ਅਤੇ ਵਾਕਰਾਂ ‘ਤੇ ਕਈਆਂ ਮੁਸ਼ਕਲ ਨਾਲ ਚੱਲਣ ਵਾਲਿਆਂ ਨੂੰ ਪਹਿਲ ਦੇ ਆਧਾਰ ‘ਤੇ ਭੁਗਤਾਇਆ ਗਿਆ। ਪਰ ਇਸ ਦੇ ਨਾਲ ਹੀ ਟੋਕਨ ਨੰਬਰ ਪ੍ਰਾਪਤ ਕਰਨ ਲਈ ਪੈੱਨਸ਼ਨਰਾਂ ਨੂੰ ਬਾਹਰ ਠੰਢ ਵਿਚ ਦੋ ਤੋਂ ਚਾਰ ਘੰਟੇ ਤੀਕ ਖਲੋਣਾ ਪਿਆ ਜੋ ਕਈਆਂ ਲਈ ਤਾਂ ਕਾਫ਼ੀ ਕਸ਼ਟਦਾਇਕ ਸੀ ਅਤੇ ਉਹ ਸੜਕ ਦੇ ਕਿਨਾਰੇ ਬਣੀ ਬੰਨੀ ‘ਤੇ ਬੈਠ ਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਸਨ। ਉਂਜ, ਵੇਖਿਆ ਜਾਏ ਤਾਂ ਕੁਲ ਮਿਲਾ ਕੇ ਸਾਰਾ ਪ੍ਰਬੰਧ ਠੀਕ ਹੀ ਸੀ।
ਇੱਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਇਸ ਵਾਰ ਲਾਈਫ਼ ਸਰਟੀਫ਼ੀਕੇਟ ਫ਼ਾਰਮ ਵਿਚ ਇਕ ਕਾਲਮ ਪੈੱਨਸ਼ਨਰਾਂ ਦੇ ਪੀ.ਪੀ.ਓ. ਨੰਬਰ ਦਾ ਸੀ। ਕਈ ਪੈੱਨਸ਼ਨਰਾਂ ਨੂੰ ਆਪਣਾ ਇਹ ਪੀ.ਪੀ.ਓ ਨੰਬਰ ਯਾਦ ਨਹੀਂ ਸੀ ਅਤੇ ਨਾ ਹੀ ਉਹ ਇਹ ਲਿਖ ਕੇ ਆਪਣੇ ਨਾਲ ਲਿਆਏ ਸਨ। ਅਜਿਹੇ ਕੇਸਾਂ ਵਿਚ ਵਾਲੰਟੀਅਰਾਂ ਵੱਲੋਂ ਉਨ੍ਹਾਂ ਨੂੰ ਘਰਾਂ ਨੂੰ ਵਾਪਸ ਮੋੜਿਆ ਜਾ ਰਿਹਾ ਸੀ। ਇਸ ਦੇ ਨਾਲ ਹੀ ਇਸ ਵਾਰ ਫ਼ਾਰਮ ਦੇ ਨਾਲ ਪਾਸਪੋਰਟ ਦੀ ਫ਼ੋਟੋ ਕਾਪੀ ਲਗਾਉਣੀ ਵੀ ਜ਼ਰੂਰੀ ਕੀਤੀ ਗਈ ਸੀ।
ਕੌਂਸਲੇਟ ਜਨਰਲ ਆਫ਼ ਇੰਡੀਆ ਦੇ ਦਫ਼ਤਰ ਵੱਲੋਂ ਬਰੈਂਪਟਨ ਵਿਚ ਅਜਿਹੇ ਦੋ ਹੋਰ ਕੈਂਪ 11 ਨਵੰਬਰ ਨੂੰ 1295 ਵਿਲੀਅਮ ਪਾਰਕਵੇਅ ਸਥਿਤ ‘ਟੈਰੀ ਮਿਲਰ ਸੈਂਟਰ’ ਅਤੇ 18 ਨਵੰਬਰ ਨੂੰ ਏਅਰਪੋਰਟ ਰੋਡ ਅਤੇ ਮੇਅਫ਼ੀਲਡ ਦੇ ਇੰਟਰਸੈੱਕਸ਼ਨ ਦੇ ਨਜ਼ਦੀਕ ‘ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ’ ਵਿਚ ਲਗਾਏ ਜਾ ਰਹੇ ਹਨ। ਭਾਰਤ ਵਿਚਲੇ ਪੈੱਨਸ਼ਨਰ ਇਨ੍ਹਾਂ ਕੈਂਪਾਂ ਤੋਂ ਇਸ ਸਹੂਲਤ ਦਾ ਲਾਭ ਉਠਾ ਸਕਦੇ ਹਨ।

 

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …