Breaking News
Home / ਪੰਜਾਬ / ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ

ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਦਾ ਦਰਜਾ ਦਿਵਾਉਣ ਲਈ

ਪੰਜਾਬੀ ਦਰਦੀਆਂ ਨੇ ਕੀਤੀ ਸਮੂਹਿਕ ਭੁੱਖ ਹੜਤਾਲ
ਪੰਜਾਬ ਦੀ ਰਾਜਧਾਨੀ ਵਿਚ ਪੰਜਾਬੀ ਦੇ ਸਨਮਾਨ ਦੀ ਬਹਾਲੀ ਤੱਕ ਸੰਘਰਸ਼ ਦਾ ਲਿਆ ਅਹਿਦ
ਮੰਚ ਵੱਲੋਂ ਐਲਾਨ : ਹੁਣ ਚੰਡੀਗੜ੍ਹ ਪ੍ਰਸ਼ਾਸਨ ਨਾਲ ਹੋਵੇਗੀ ਆਰ-ਪਾਰ ਦੀ ਜੰਗ
ਚੰਡੀਗੜ੍ਹ/ਬਿਊਰੋ ਨਿਊਜ਼ ਲੰਮੇ ਸਮੇਂ ਤੋਂ ਚੰਡੀਗੜ੍ਹ ਵਿਚ ਪੰਜਾਬੀ ਨੂੰ ਪਹਿਲੀ ਭਾਸ਼ਾ ਅਤੇ ਪ੍ਰਸ਼ਾਸਕੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸੰਘਰਸ਼ ਕਰ ਰਹੇ ਪੰਜਾਬੀ ਦਰਦੀਆਂ ਨੇ ਇਕ ਵਾਰ ਫਿਰ ‘ਚੰਡੀਗੜ੍ਹ ਪੰਜਾਬੀ ਮੰਚ’ ਦੇ ਝੰਡੇ ਹੇਠ ਇਕੱਤਰ ਹੋ ਕੇ ਸਮੂਹਿਕ ਭੁੱਖ ਹੜਤਾਲ ਕੀਤੀ। ਸੈਕਟਰ 17 ਸਥਿਤ ਪਲਾਜ਼ਾ ‘ਚ ਪੁਲ ਹੇਠਾਂ ਵੱਡੀ ਗਿਣਤੀ ਵਿਚ ਇਕੱਤਰ ਹੋਏ ਪੰਜਾਬੀ ਹਿਤੈਸ਼ੀਆਂ ਨੇ 1 ਰੋਜ਼ਾ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀਂ 4 ਵਜੇ ਤੱਕ ਭੁੱਖ ਹੜਤਾਲ ਕਰਦਿਆਂ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਰਾਹੀਂ ਦੇਸ਼ ਦੇ ਗ੍ਰਹਿ ਮੰਤਰੀ ਨੂੰ ਸੁਨੇਹਾ ਘੱਲਿਆ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਭੀਖ ਨਹੀਂ।
ਇਸ ਮੌਕੇ ‘ਤੇ ਮੰਚ ਦੇ ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਤ੍ਰਿਲੋਚਨ ਸਿੰਘ ਤੇ ਦੀਪਕ ਚਨਾਰਥਲ ਹੁਰਾਂ ਨੇ ਆਪਣੀ ਤਕਰੀਰ ਵਿਚ ਸਮੂਹਿਕ ਤੌਰ ‘ਤੇ ਆਖਿਆ ਕਿ ਅਸੀਂ ਹੁਣ ਤੱਕ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਸੰਘਰਸ਼ ਕਰ ਰਹੇ ਸਾਂ। ਪਰ ਹੁਣ ਅਸੀਂ ਪ੍ਰਸ਼ਾਸਨ ਨਾਲ ਆਰ-ਪਾਰ ਦੀ ਜੰਗ ਲੜਾਂਗੇ ਤੇ ਚੰਡੀਗੜ੍ਹ ਵਿਚ ਪੰਜਾਬੀ ਨੂੰ ਬਣਦਾ ਉਸਦਾ ਸਥਾਨ ਦਿਵਾ ਕੇ ਰਹਾਂਗੇ। ਜਿਕਰਯੋਗ ਹੈ ਕਿ ਪੰਜਾਬੀ ਮੰਚ ਦੇ ਸੱਦੇ ‘ਤੇ ਹੋਈ ਇਸ ਇਕ ਰੋਜ਼ਾ ਭੁੱਖ ਹੜਤਾਲ ਵਿਚ 500 ਤੋਂ ਵੱਧ ਪੰਜਾਬੀ ਦਰਦੀਆਂ ਨੇ ਭੁੱਖ ਹੜਤਾਲ ਕੀਤੀ ਤੇ ਮਾਂ ਬੋਲੀ ਦੀ ਬਹਾਲੀ ਦੇ ਸੰਘਰਸ਼ ਵਿਚ ਆਪਣਾ ਹਿੱਸਾ ਪਾਇਆ।
ਇਕ ਰੋਜ਼ਾ ਸਮੂਹਿਕ ਭੁੱਖ ਹੜਤਾਲ ਵਿਚ ਚੰਡੀਗੜ੍ਹ ਪੰਜਾਬੀ ਮੰਚ ਦੇ ਨਾਲ ਉਸ ਦੇ ਸਹਿਯੋਗੀ ਸੰਗਠਨਾਂ ਵਿਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ, ਸਮੂਹ ਗੁਰਦੁਆਰਾ ਪ੍ਰਬੰਧਕ ਸੰਗਠਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਸਬੰਧਤ ਸਾਹਤਿਕ ਸਭਾਵਾਂ, ਵੱਖੋ-ਵੱਖ ਟਰੇਡ ਯੂਨੀਅਨਾਂ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਨੌਜਵਾਨ ਸੰਗਠਨ, ਵਿਦਿਆਰਥੀ ਯੂਨੀਅਨਾਂ, ਵੱਖੋ-ਵੱਖ ਰਾਜਨੀਤਿਕ ਦਲ, ਵੱਖੋ-ਵੱਖ ਸਮਾਜਿਕ ਸੰਗਠਨ, ਧਾਰਮਿਕ ਤੇ ਮੁਲਾਜ਼ਮ ਜਥੇਬੰਦੀਆਂ ਨੇ ਜਿੱਥੇ ਸ਼ਿਰਕਤ ਕੀਤੀ, ਉਥੇ ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਨੌਜਵਾਨ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੇ ਆਪਣੇ 100 ਦੇ ਕਰੀਬ ਸਮਰਥਕਾਂ ਨਾਲ ਭੁੱਖ ਹੜਤਾਲ ਵਿਚ ਸ਼ਮੂਲੀਅਤ ਕਰਕੇ ਪੰਜਾਬੀ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ‘ਤੇ ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਸਿਰੀਰਾਮ ਅਰਸ਼, ਪ੍ਰਧਾਨ ਸੁਖਦੇਵ ਸਿੰਘ ਸਿਰਸਾ, ਜਨਰਲ ਸਕੱਤਰ ਦੇਵੀ ਦਿਆਲ ਸ਼ਰਮਾ, ਪੇਂਡੂ ਸੰਘਰਸ਼ ਕਮੇਟੀ ਦੇ ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ, ਪੱਤਰਕਾਰ ਤ੍ਰਿਲੋਚਨ ਸਿੰਘ, ਗੁਰਪ੍ਰੀਤ ਸਿੰਘ ਹੈਪੀ, ਸੁਖਜੀਤ ਸਿੰਘ ਸੁੱਖਾ, ਅਜੈਬ ਸਿੰਘ, ਬਲਕਾਰ ਸਿੱਧੂ, ਦੀਪਕ ਸ਼ਰਮਾ ਚਨਾਰਥਲ, ਜੋਗਿੰਦਰ ਸਿੰਘ ਬੁੜੈਲ, ਜਗਤਾਰ ਸਿੰਘ ਸਿੱਧੂ, ਬਲਬੀਰ ਜੰਡੂ, ਸਰਬਜੀਤ ਕੌਰ ਸੋਹਲ, ਜਰਨੈਲ ਸਿੰਘ ਘੁਮਾਣ, ਰਾਜ ਕੁਮਾਰ, ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਕੈਪਟਨ ਅਜਾਇਬ ਸਿੰਘ, ਰਘਵੀਰ ਸਿੰਘ ਰਾਮਪੁਰ, ਸੁੱਚਾ ਸਿੰਘ ਕਲੌੜ, ਗੁਰਮੇਲ ਸਿੰਘ ਸਿੱਧੂ, ਗੁਰਨਾਮ ਸਿੰਘ ਸਿੱਧੂ, ਰਘਵੀਰ ਸਿੰਘ ਸੰਧੂ, ਮੋਹਨ ਸਿੰਘ, ਰਘਵੀਰ ਢਿੱਲੋਂ ਸਮੇਤ ਹੋਰ ਵੱਖੋ-ਵੱਖ ਨੁਮਾਇੰਦਿਆਂ ਨੇ ਆਪਣੇ ਸੰਬੋਧਨ ਵਿਚ ਕੇਂਦਰ ਸਰਕਾਰ, ਗ੍ਰਹਿ ਮੰਤਰੀ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੂੰ ਅਪੀਲ ਕੀਤੀ ਕਿ ਜਿੰਨੀ ਛੇਤੀ ਹੋ ਸਕੇ ਭਾਰਤੀ ਸੰਵਿਧਾਨ ਅਨੁਸਾਰ ਚੰਡੀਗੜ੍ਹ ‘ਚੋਂ ਅੰਗਰੇਜ਼ੀ ਦਾ ਗਲ਼ਬਾ ਲਾਹ ਕੇ ਇਥੋਂ ਦੀ ਪਹਿਲੀ ਭਾਸ਼ਾ, ਪ੍ਰਸ਼ਾਸਕੀ ਅਤੇ ਕੰਮ-ਕਾਜ ਦੀ ਭਾਸ਼ਾ ਵਜੋਂ ਪੰਜਾਬੀ ਨੂੰ ਲਾਗੂ ਕੀਤਾ ਜਾਵੇ। ਇਨ੍ਹਾਂ ਬੁਲਾਰਿਆਂ ਨੇ ਜਦੋਂ ਅਪੀਲ ਕੀਤੀ ਤਾਂ ਸਮੂਹ ਇਕੱਤਰਤਾ ਨੇ ਬਾਹਾਂ ਖੜ੍ਹੀਆਂ ਕਰਕੇ ਅਹਿਦ ਲਿਆ ਕਿ ਜਦੋਂ ਤੱਕ ਚੰਡੀਗੜ੍ਹ ਵਿਚ ਪੰਜਾਬੀ ਭਾਸ਼ਾ ਦੀ ਬਹਾਲੀ ਨਹੀਂ ਹੁੰਦੀ, ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ। ਅੱਜ ਦੀ ਇਸ ਭੁੱਖ ਹੜਤਾਲ ਵਿਚ ਵੱਖ-ਵੱਖ ਸਿਆਸੀ ਦਲਾਂ ਦੇ ਲੀਡਰਾਂ,ਨੁਮਾਇੰਦਿਆਂ ਤੇ ਵਰਕਰਾਂ ਨੇ ਜਿੱਥੇ ਹਿੱਸਾ ਲਿਆ, ਉਥੇ ਉਚੇਚੇ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਦੇ ਸਥਾਨਕ ਪ੍ਰਧਾਨ ਤੇ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਦੀ ਅਗਵਾਈ ਵਿਚ ਉਨ੍ਹਾਂ ਦੇ ਸਮਰਥਕਾਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਕਾਂਗਰਸ ਪਾਰਟੀ ਦੇ ਬੁਲਾਰੇ ਰਿੰਪਲ ਮਿੱਢਾ, ਭਾਜਪਾ ਆਗੂ ਜੁਝਾਰ ਸਿੰਘ ਕਜਹੇੜੀ, ਐਸ.ਐਫ. ਐਸ ਦੇ ਆਗੂ ਹਰਮਨਦੀਪ ਸਿੰਘ, ਪ੍ਰੋ. ਮਨਜੀਤ ਸਿੰਘ, ਸੇਵੀ ਰਾਇਤ, ਡਾ. ਗੁਰਮਿੰਦਰ ਸਿੱਧੂ, ਮਨਜੀਤ ਕੌਰ ਮੀਤ, ਕਰਤਾਰ ਸਿੰਘ ਪਾਲ, ਰਣਜੀਤ ਸਿੰਘ ਸੀਟੀਯੂ ਆਗੂ, ਮਨਜੀਤ ਇੰਦਰਾ, ਮਨਮੋਹਨ ਸਿੰਘ ਦਾਊਂ, ਜੰਗ ਸਿੰਘ, ਪ੍ਰਿਤਪਾਲ ਸਿੰਘ ਧਨਾਸ, ਸੁੱਖੀ ਬਰਾੜ, ਕਸ਼ਮੀਰ ਕੌਰ ਸੰਧੂ, ਜਗਦੀਪ ਨੂਰਾਨੀ, ਮਲਕੀਤ ਬਸਰਾ, ਨਰਿੰਦਰ ਨਸਰੀਨ ਆਦਿ ਵੀ ਮੌਜੂਦ ਸਨ।
ਇਸੇ ਤਰ੍ਹਾਂ ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਵੀ ਆਪਣੇ ਸਾਥੀਆਂ ਸਣੇ ਜਿੱਥੇ ਭੁੱਖ ਹੜਤਾਲ ‘ਤੇ ਬੈਠੇ, ਉਥੇ ਪੈਨਸ਼ਨ ਐਸੋਸੀਏਸ਼ਨਾਂ ਤੇ ਸੀਨੀਅਰ ਸਿਟੀਜਨ ਦੀਆਂ ਜਥੇਬੰਦੀਆਂ ਨੇ ਵੀ ਭੁੱਖ ਹੜਤਾਲ ਵਿਚ ਸ਼ਾਮਲ ਹੋ ਕੇ ਮਾਂ ਬੋਲੀ ਦੀ ਬਹਾਲੀ ਦਾ ਨਾਅਰਾ ਬੁਲੰਦ ਕੀਤਾ।
ਇਸ ਮੌਕੇ ‘ਤੇ ਪੁਆਧੀ ਅਖਾੜੇ ਦੌਰਾਨ ਪੁਆਧੀ ਗਾਇਕ ਸਮਰ ਸਿੰਘ ਸੰਮੀ ਨੇ ਜਿੱਥੇ ਪੁਆਧ ਦਾ ਰੰਗ ਪੇਸ਼ ਕੀਤਾ ਉਥੇ ਪੰਜਾਬ ਅਤੇ ਪੰਜਾਬੀਅਤ ਦੀ ਪੀੜ ਵੀ ਪੇਸ਼ ਕੀਤੀ।
ਇਸ ਮੌਕੇ ‘ਤੇ ਬਲਕਾਰ ਸਿੱਧੂ ਦੀ ਅਗਵਾਈ ਹੇਠ ਦੀਪਤੀ ਬਬੂਟਾ ਦਾ ਲਿਖਿਆ ਤੇ ਨੀਤੂ ਸ਼ਰਮਾ ਵੱਲੋਂ ਨਿਰਦੇਸ਼ਤ ਨਾਟਕ ‘ਸੂਲਾਂ ਵਿੰਨਿਆਂ ਅੰਦਰ’ ਜਦੋਂ ਪੇਸ਼ ਕੀਤਾ ਤਾਂ ਉਸ ਨੇ ਜਿੱਥੇ ਸਭ ਦੇ ਲੂੰ ਕੰਢੇ ਖੜ੍ਹੇ ਕਰ ਦਿੱਤੇ ਤੇ ਕੁਝ ਕਰ ਗੁਜਰਨ ਦੀ ਤਾਂਘ ਵੀ ਜਗਾ ਦਿੱਤੀ। ਸਮੁੱਚੀ ਭੁੱਖ ਹੜਤਾਲ ਦੌਰਾਨ ਮੰਚ ਦੀ ਕਾਰਵਾਈ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਸੋਮਲ ਨੇ ਬਾਖੂਬੀ ਨਿਭਾਈ। ਧਿਆਨ ਰਹੇ ਕਿ ਚੰਡੀਗੜ੍ਹ ਪੰਜਾਬੀ ਮੰਚ ਦੇ ਸੱਦੇ ‘ਤੇ ਹੋਈ ਇਸ ਸਮੂਹਿਕ ਭੁੱਖ ਹੜਤਾਲ ਵਿਚ ਚੰਡੀਗੜ੍ਹ ਦੇ ਉਜੜੇ ਅਤੇ ਅੱਜ ਔਖੇ ਸਾਹ ਲੈ ਰਹੇ ਵੱਖੋ-ਵੱਖ ਪਿੰਡਾਂ ਦੇ ਨਿਵਾਸੀਆਂ ਨੇ ਜਿੱਥੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ, ਉਥੇ ਲੇਖਕ, ਸਾਹਿਤਕਾਰ, ਪੱਤਰਕਾਰ, ਕਵੀ, ਵਿਦਿਆਰਥੀ, ਨੌਜਵਾਨ, ਔਰਤਾਂ ਤੇ ਬਜ਼ੁਰਗ ਵੀ ਵੱਡੀ ਗਿਣਤੀ ਵਿਚ ਸ਼ਾਮਲ ਹੋਏ।

Check Also

ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ

ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …