ਕਿਹਾ : ਜੇਕਰ ਬਿੱਟੂ ਕਾਂਗਰਸ ’ਚ ਰਹਿੰਦਾ ਤਾਂ ਚੌਥੀ ਵਾਰ ਬਣਦਾ ਸੰਸਦ ਮੈਂਬਰ
ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਚੁਣੇ ਗਏ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਸਾਬਕਾ ਸੰਸਦ ਮੈਂਬਰ ਅਤੇ ਭਾਜਪਾ ਆਗੂ ਰਵਨੀਤ ਬਿੱਟੂ ’ਤੇ ਭੜਕ ਉਠੇ। ਵੜਿੰਗ ਨੇ ਕਿਹਾ ਕਿ ਵਿਰੋਧੀਆਂ ਨੇ ਮੈਨੂੰ ਬਾਹਰੀ ਉਮੀਦਵਾਰ ਐਲਾਨ ਕੇ ਲੁਧਿਆਣਾ ਵਾਸੀਆਂ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰੰਤੂ ਲੁਧਿਆਣਾ ਵਾਸੀਆਂ ਨੇ ਮੈਨੂੰ ਆਪਣਾ ਪਿਆਰ ਦਿੰਦੇ ਹੋਏ ਸੰਸਦ ਮੈਂਬਰ ਬਣਾ ਕੇ ਆਪਣਾ ਬਣਾ ਲਿਆ। ਉਨ੍ਹਾਂ ਕਿਹਾ ਕਿ ਜੇਕਰ ਰਵਨੀਤ ਬਿੱਟੂ ਕਾਂਗਰਸ ਪਾਰਟੀ ਵਿਚ ਰਹਿੰਦੇ ਤਾਂ ਉਨ੍ਹਾਂ ਨੂੰ ਚੌਥੀ ਵਾਰ ਸੰਸਦ ਮੈਂਬਰ ਬਣਨ ਦਾ ਮੌਕਾ ਮਿਲਦਾ। ਉਨ੍ਹਾਂ ਕਿਹਾ ਕਿ ਬਿੱਟੂ ਦੀ ਬੁਰੀ ਸੋਚ ਅਤੇ ਬਦਨੀਅਤ ਕਰਕੇ ਉਸ ਦਾ ਇਹ ਹਾਲ ਹੋਇਆ ਹੈ। ਅਸ਼ੋਕ ਪਰਾਸ਼ਰ ਪੱਪੀ ’ਤੇ ਤੰਜ ਕਸਦੇ ਹੋਏ ਵੜਿੰਗ ਨੇ ਕਿਹਾ ਕਿ ਮੇਰਾ ਇਕ ਦੋਸਤ ਜੋ ਚੋਣ ਹਾਰ ਗਿਆ ਹੈ ਉਸ ਨੂੰ ਆਪਣੀਆਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਪੱਪੀ ਦਾ ਬੇਟਾ ਵਿਕਾਸ ਪਰਾਸ਼ਰ ਮੈਨੂੰ ਮਿੰਨਤਾ ਕਰਕੇ ਚਾਹ ਪਿਲਾਉਣ ਲਈ ਘਰ ਲੈ ਕੇ ਗਿਆ ਅਤੇ ਬਾਅਦ ਉਸ ਨੇ ਝੂਠੀ ਅਫਵਾਹ ਉਡਾ ਦਿੱਤੀ ਕਿ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਹੈ। ਜਦਕਿ ਲੁਧਿਆਣਾ ਵਾਸੀਆਂ ਨੇ ਉਨ੍ਹਾਂ ਦੀ ਇਸ ਅਫ਼ਵਾਹ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।