Breaking News
Home / ਪੰਜਾਬ / ਡਾ. ਓਬਰਾਏ ਨੇ ਕਰਤਾਰਪੁਰ ਲਾਂਘੇ ਸਬੰਧੀ ਫਾਰਮ ਭਰਨ ਦਾ ਬੀੜਾ ਚੁੱਕਿਆ

ਡਾ. ਓਬਰਾਏ ਨੇ ਕਰਤਾਰਪੁਰ ਲਾਂਘੇ ਸਬੰਧੀ ਫਾਰਮ ਭਰਨ ਦਾ ਬੀੜਾ ਚੁੱਕਿਆ

ਅੰਮ੍ਰਿਤਸਰ : ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨਾਂ ਲਈ ਆਪਣੇ ਖ਼ਰਚੇ ‘ਤੇ ਨਾ ਜਾ ਸਕਣ ਵਾਲੇ ਸ਼ਰਧਾਲੂਆਂ ਦਾ ਖ਼ਰਚ ਆਪਣੇ ਕੋਲੋਂ ਕਰਨ ਦਾ ਪਹਿਲਾਂ ਹੀ ਐਲਾਨ ਕਰ ਚੁੱਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਕਰਨ ਵਾਲੇ ਡਾ. ਐੱਸਪੀ ਸਿੰਘ ਓਬਰਾਏ ਨੇ ਹੁਣ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਲੋਕਾਂ ਦੀ ਸਾਰੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਦੀ ਨਿਸ਼ਕਾਮ ਸੇਵਾ ਕਰਨ ਦਾ ਬੀੜਾ ਵੀ ਚੁੱਕ ਲਿਆ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਹੁਤ ਸਾਰੇ ਥਾਵਾਂ ‘ਤੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਜਾਣ ਵਾਲੇ ਸ਼ਰਧਾਲੂਆਂ ਨੂੰ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਨ ਲਈ ਜਿੱਥੇ ਫਾਰਮ ਆਦਿ ਭਰਨ ਲਈ ਖੁੱਲ੍ਹ ਚੁੱਕੀਆਂ ਦੁਕਾਨਾਂ ‘ਤੇ ਲੋੜ ਤੋਂ ਵੱਧ ਪੈਸੇ ਖ਼ਰਚ ਕਰਨੇ ਪੈ ਰਹੇ ਹਨ, ਉੱਥੇ ਹੀ ਜਾਣਕਾਰੀ ਦੀ ਘਾਟ ਹੋਣ ਕਾਰਨ ਉਨ੍ਹਾਂ ਦੀ ਬੇਲੋੜੀ ਖੱਜਲ-ਖੁਆਰੀ ਵੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਇਸ ਮੁਸ਼ਕਲ ਨੂੰ ਦੇਖਦਿਆਂ ਉਨ੍ਹਾਂ ਫ਼ੈਸਲਾ ਲਿਆ ਹੈ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਪਹਿਲੀ ਦਸੰਬਰ ਤੋਂ ਸੂਬੇ ਵਿਚਲੇ ਆਪਣੇ ਸਾਰੇ ਹੀ ਜ਼ਿਲ੍ਹਾ ਦਫ਼ਤਰਾਂ ਅੰਦਰ ਇਹ ਫਾਰਮ ਭਰਨ ਦੀ ਨਿਸ਼ਕਾਮ ਸੇਵਾ ਅਰੰਭ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਰ ਜ਼ਿਲ੍ਹੇ ਅੰਦਰ ਸ਼ਰਧਾਲੂਆਂ ਦੀ ਸਹੂਲਤ ਲਈ ਟਰੱਸਟ ਵੱਲੋਂ ਹਰ ਮਹੀਨੇ ਵੱਖ-ਵੱਖ ਥਾਵਾਂ ‘ਤੇ ਦੋ ਵਿਸ਼ੇਸ਼ ਕੈਂਪ ਵੀ ਲਾਏ ਜਾਣਗੇ। ਉਨ੍ਹਾਂ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਟਰੱਸਟ ਵੱਲੋਂ ਦਿੱਤੀ ਜਾ ਰਹੀ ਇਸ ਸੇਵਾ ਦਾ ਲਾਭ ਲੈਣ ਲਈ ਆਪੋ-ਆਪਣੇ ਜ਼ਿਲ੍ਹਿਆਂ ਵਿਚ ਬਣੀਆਂ ਟਰੱਸਟ ਦੀਆਂ ਇਕਾਈਆਂ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਨ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐਸਪੀਐਸ ਓਬਰਾਏ ਨੇ 1100 ਵਿਅਕਤੀਆਂ ਦੇ ਹਰ ਸਾਲ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲਿਆਂ ਦਾ ਖਰਚਾ ਚੁੱਕਣ ਦਾ ਵੀ ਐਲਾਨ ਕੀਤਾ ਹੈ।
ਗਰੁੱਪ ਰਜਿਸਟ੍ਰੇਸ਼ਨ ਕਰਵਾ ਕੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਹੋਣਾ ਪੈ ਰਿਹਾ ਪ੍ਰੇਸ਼ਾਨ
ਗੁਰਦਾਸਪੁਰ : ਡੇਰਾ ਬਾਬਾ ਨਾਨਕ ਵਿਖੇ ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਮਗਰੋਂ ਵੱਡੀ ਸੰਖਿਆ ਵਿੱਚ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਇਹਨਾਂ ਸ਼ਰਧਾਲੂਆਂ ਨੂੰ ਯਾਤਰਾ ਦੀ ਪੂਰੀ ਜਾਣਕਾਰੀ ਨਾ ਹੋਣ ਅਤੇ ਭਾਰਤ ਸਰਕਾਰ ਵੱਲੋਂ ਯਾਤਰਾ ਸਬੰਧੀ ਰਜਿਸਟ੍ਰੇਸ਼ਨ ਕਰਾਉਣ ਲਈ ਤਿਆਰ ਕੀਤੀ ਗਈ ਵੈੱਬਸਾਈਟ ਵਿੱਚ ਕੁੱਝ ਕਮੀਆਂ ਹੋਣ ਕਾਰਨ ਇਹਨਾਂ ਯਾਤਰੀਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਸ਼ਰਧਾਲੂ ਤਾਂ ਜਾਣਕਾਰੀ ਨਾ ਹੋਣ ਕਾਰਨ ਬਿਨਾ ਪਾਸਪੋਰਟ ਅਤੇ ਬਿਨਾ ਰਜਿਸਟ੍ਰੇਸ਼ਨ ਕਰਵਾਇਆਂ ਹੀ ਡੇਰਾ ਬਾਬਾ ਨਾਨਕ ਪਹੁੰਚ ਕੇ ਨਿਰਾਸ਼ ਹੋ ਕੇ ਪਰਤ ਰਹੇ ਹਨ। ਸ਼ਰਧਾਲੂਆਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਪਰਿਵਾਰ ਦੀ ਗਰੁੱਪ ਰਜਿਟ੍ਰੇਸ਼ਨ ਕਰਵਾਈ ਹੈ, ਪਰ ਇਕ ਹੀ ਮੈਂਬਰ ਨੂੰ ਕਰਤਾਰਪੁਰ ਸਾਹਿਬ ਜਾਣ ਦਿੱਤਾ ਜਾ ਰਿਹਾ ਹੈ। ਸ਼ਰਧਾਲੂਆਂ ਦੀ ਮੰਗ ਹੈ ਕਿ ਜੇਕਰ ਪੂਰੇ ਪਰਿਵਾਰ ਨੂੰ ਇਕੱਠੇ ਯਾਤਰਾ ‘ਤੇ ਜਾਣ ਦੀ ਇਜਾਜ਼ਤ ਨਹੀਂ ਹੈ ਤਾਂ ਵੈੱਬਸਾਈਟ ਤੋਂ ਗਰੁੱਪ ਰਜਿਸਟ੍ਰੇਸ਼ਨ ਦੀ ਆਪਸ਼ਨ ਹਟਾਈ ਜਾਣੀ ਚਾਹੀਦੀ ਹੈ।
ਓ.ਸੀ.ਆਈ. ਕਾਰਡ ਨਾਲ ਪਰਵਾਸੀ ਪੰਜਾਬੀ ਵੀ ਕਰ ਸਕਦੇ ਹਨ ਕਰਤਾਰਪੁਰ ਸਾਹਿਬ ਦੀ ਯਾਤਰਾ
ਪਰਵਾਸੀ ਪੰਜਾਬੀਆਂ ‘ਚ ਖੁਸ਼ੀ ਦੀ ਲਹਿਰ
ਡੇਰਾ ਬਾਬਾ ਨਾਨਕ : ਵਿਦੇਸ਼ੀ ਸਿੱਖ ਸੰਗਤਾਂ ਜਿਨ੍ਹਾਂ ਕੋਲ ਭਾਰਤ ਦੀ ਨਾਗਰਿਕਤਾ ਨਹੀਂ ਹੈ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਇੱਕ ਓ.ਸੀ.ਆਈ. (ਓਵਰਸੀਜ਼ ਸਿਟੀਜ਼ਨਸ਼ਿਪ ਆਫ਼ ਇੰਡੀਆ) ਕਾਰਡ ਵੀ ਜਾਰੀ ਕੀਤਾ ਜਾਂਦਾ ਹੈ। ਓ.ਸੀ.ਆਈ. ਕਾਰਡ ਹੋਲਡਰ ਵੀ ਸ੍ਰੀ ਕਰਤਾਰਪੁਰ ਸਾਹਿਬ ਜਾ ਸਕਦੇ ਹਨ। ਜਿਸ ਨੂੰ ਦੇਖਦੇ ਹੋਏ ਪਰਵਾਸੀ ਪੰਜਾਬੀਆਂ ਵੱਲੋਂ ਵੱਡੀ ਗਿਣਤੀ ‘ਚ ਵਿਦੇਸ਼ਾਂ ‘ਚ ਸਥਿਤ ਭਾਰਤੀ ਰਾਜ ਦੂਤਘਰਾਂ ‘ਚ ਓ.ਸੀ.ਆਈ. ਕਾਰਡ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਲਈ ਪਰਵਾਸੀ ਭਾਰਤੀ ਓ.ਸੀ.ਆਈ. ਕਾਰਡ ਲੈ ਕੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਦੇ ਹਨ। ਜਿਸ ਕਾਰਨ ਪਰਵਾਸੀ ਪੰਜਾਬੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ।

Check Also

ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ

ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …