Breaking News
Home / ਹਫ਼ਤਾਵਾਰੀ ਫੇਰੀ / ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਜ਼ਿਆਦਾ ਦਿਲਚਸਪ

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਇਸ ਵਾਰ ਜ਼ਿਆਦਾ ਦਿਲਚਸਪ

117 ਵਿਚੋਂ 6 ਸੀਟਾਂ ਮਾਰਦੀਆਂ ਹਨ ਸਭਤੋਂ ਜ਼ਿਆਦਾ ਸੇਕ
ਬਾਦਲ, ਚੰਨੀ, ਕੈਪਟਨ, ਸੁਖਬੀਰ, ਭਗਵੰਤ ਅਤੇ ਮਜੀਠੀਆ-ਸਿੱਧੂ’ਤੇ ਸਭ ਦੀਆਂ ਨਜ਼ਰਾਂ
ਪੰਜਾਬ ਵਿਚ ਆਉਂਦੀ 20 ਫਰਵਰੀ ਨੂੰ ਵਿਧਾਨ ਸਭਾ ਲਈ ਵੋਟਾਂ ਪੈਣੀਆਂ ਹਨ ਅਤੇ ਇਸ ਵਾਰ ਦੀਆਂ ਚੋਣਾਂ ਪਹਿਲਾਂ ਨਾਲੋਂ ਜ਼ਿਆਦਾ ਦਿਲਚਸਪ ਹੋ ਗਈਆਂ ਹਨ। ਧਿਆਨ ਰਹੇ ਕਿ ਇਸ ਵਾਰ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਚੋਣ ਲੜ ਰਿਹਾ ਹੈ। ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੈ, ਭਾਜਪਾ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਅਤੇ ਢੀਂਡਸਾ ਦੀ ਪਾਰਟੀ ਨਾਲ ਗਠਜੋੜ ਕਰਕੇ ਚੋਣਾਂ ਲੜ ਰਹੀ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਲੇ ਤੌਰ ‘ਤੇ ਮੈਦਾਨ ਵਿਚ ਹਨ। ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਵੀ ਚੋਣ ਲੜ ਰਹੀ ਹੈ। ਆਓ ਨਜ਼ਰ ਮਾਰਦੇ ਹਾਂ ਪੰਜਾਬ ਦੀਆਂ ਸਭ ਤੋਂ ਹੌਟ ਵਿਧਾਨ ਸਭਾ ਸੀਟਾਂ ‘ਤੇ।
ਧੂਰੀ ‘ਚ ਫਸਿਆ ਪੇਚ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰਾ ਭਗਵੰਤ ਮਾਨ ਧੂਰੀ ਤੋਂ ਚੋਣ ਲੜ ਰਹੇ ਹਨ। ਇੱਥੋਂ ਕੁੱਲ 12 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਅਕਾਲੀ ਦਲ ਨੇ ਪ੍ਰਕਾਸ਼ ਚੰਦ ਗਰਗ ਅਤੇ ਕਾਂਗਰਸ ਨੇ ਦਲਵੀਰ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਹੈ। ਧੂਰੀ ਤੋਂ ਵੀ ਚੋਣ ਮੁਕਾਬਲਾ ਸਖਤ ਹੋ ਗਿਆ ਹੈ।
ਲੰਬੀ ਵਿਧਾਨ ਸਭਾ ਸੀਟ
ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਵਿੱਚ ਵੀ ਚੋਣ ਮੈਦਾਨ ਵਿੱਚ ਹਨ। ਉਹ ਫਿਰ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ। ਬਾਦਲ ਦੇਸ਼ ਦੇ ਸਭ ਤੋਂ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਹਨ। ਉਹ ਸ਼ਾਇਦ ਪੰਜਾਬ ਵਿੱਚ ਹੁਣ ਤੱਕ ਦੇ ਸਭ ਤੋਂ ਸੀਨੀਅਰ ਉਮੀਦਵਾਰ ਹਨ। ‘ਆਪ’ ਨੇ ਇੱਥੋਂ ਗੁਰਮੀਤ ਸਿੰਘ ਖੁੱਡੀਆਂ ਅਤੇ ਕਾਂਗਰਸ ਨੇ ਜਗਪਾਲ ਸਿੰਘ ਅਬੁੱਲਖੁਰਾਣਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਸੀਟ ਤੋਂ 7 ਉਮੀਦਵਾਰ ਮੈਦਾਨ ਵਿੱਚ ਹਨ।
ਚਮਕੌਰ ਸਾਹਿਬ ਤੇ ਭਦੌੜ ਵਿਧਾਨ ਸਭਾ ਸੀਟ
ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਚਰਨਜੀਤ ਸਿੰਘ ਚੰਨੀ ਇਸ ਵਾਰ ਵਿਧਾਨ ਸਭਾ ਦੀਆਂ ਦੋ ਸੀਟਾਂ ਤੋਂ ਕਿਸਮਤ ਅਜ਼ਮਾ ਰਹੇ ਹਨ। ਉਹ ਇਸ ਸਮੇਂ ਚਮਕੌਰ ਸਾਹਿਬ ਅਤੇ ਭਦੌੜ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿੱਚ ਹਨ। ਚਮਕੌਰ ਸਾਹਿਬ ਸੀਟ ਤੋਂ 9 ਉਮੀਦਵਾਰ ਚੋਣ ਲੜ ਰਹੇ ਹਨ। ਆਮ ਆਦਮੀ ਪਾਰਟੀ ਨੇ ਚਰਨਜੀਤ ਸਿੰਘ ਨੂੰ ਟਿਕਟ ਦਿੱਤੀ ਹੈ ਅਤੇ ਅਕਾਲੀ ਦਲ-ਬਸਪਾ ਗਠਜੋੜ ਨੇ ਹਰਮੋਹਨ ਸਿੰਘ ਨੂੰ ਟਿਕਟ ਦਿੱਤੀ ਹੈ।
ਪਟਿਆਲਾ ਸ਼ਹਿਰੀ ਵਿਧਾਨ ਸਭਾ ਸੀਟ
ਪਟਿਆਲਾ ਸ਼ਹਿਰੀ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੋਣ ਲੜ ਰਹੇ ਹਨ। ਇੱਥੇ ਕੁੱਲ 17 ਉਮੀਦਵਾਰ ਚੋਣ ਲੜ ਰਹੇ ਹਨ। ‘ਆਪ’ ਨੇ ਸਾਬਕਾ ਮੇਅਰ ਅਜੀਤਪਾਲ ਕੋਹਲੀ ਨੂੰ ਟਿਕਟ ਦਿੱਤੀ ਹੈ ਅਤੇ ਕਾਂਗਰਸ ਨੇ ਸਾਬਕਾ ਮੇਅਰ ਵਿਸ਼ਨੂੰ ਸ਼ਰਮਾ ਨੂੰ ਟਿਕਟ ਦਿੱਤੀ ਹੈ। ਅਕਾਲੀ ਦਲ ਨੇ ਇਥੋਂ ਹਰਪਾਲ ਜੁਨੇਜਾ ਨੂੰ ਉਮੀਦਵਾਰ ਬਣਾਇਆ ਹੈ। ਕਾਂਗਰਸ ਤੋਂ ਵੱਖ ਹੋਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਹੈ।
ਜਲਾਲਾਬਾਦ ਵਿਧਾਨ ਸਭਾ ਸੀਟ
ਜਲਾਲਾਬਾਦ ਵਿਧਾਨ ਸਭਾ ਹਲਕੇ ਤੋਂ 15 ਉਮੀਦਵਾਰ ਚੋਣ ਲੜ ਰਹੇ ਹਨ। ਜਲਾਲਾਬਾਦ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਦਾ ਮੁੱਖ ਮੰਤਰੀ ਚਿਹਰਾ ਸੁਖਬੀਰ ਬਾਦਲ ਚੋਣ ਮੈਦਾਨ ਵਿੱਚ ਹੈ। ਕਾਂਗਰਸ ਨੇ ਮੋਹਨ ਸਿੰਘ ਫਲੀਆਂਵਾਲਾ ਨੂੰ ਟਿਕਟ ਦਿੱਤੀ ਹੈ ਅਤੇ ਆਮ ਆਦਮੀ ਪਾਰਟੀ ਨੇ ਜਗਦੀਪ ਕੰਬੋਜ ਨੂੰ ਟਿਕਟ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਨਾਲ ਗੱਠਜੋੜ ਕਰਕੇ ਚੋਣ ਲੜ ਰਿਹਾ ਹੈ ਤੇ ਅਕਾਲੀ ਦਲ ਨੇ 20 ਸੀਟਾਂ ਬਸਪਾ ਨੂੰ ਦਿੱਤੀਆਂ ਹੋਈਆਂ ਹਨ।
ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਸੀਟ
ਅੰਮ੍ਰਿਤਸਰ ਪੂਰਬੀ ਹਲਕੇ ਤੋਂ 10 ਉਮੀਦਵਾਰ ਮੈਦਾਨ ‘ਚ ਹਨ। ਇਹ ਸੀਟ ਨਵਜੋਤ ਸਿੱਧੂ ਤੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਦੇ ਚੋਣ ਲੜਨ ਕਾਰਨ ਚਰਚਾ ਵਿੱਚ ਹੈ। ਇੱਥੇ ਭਾਜਪਾ ਗਠਜੋੜ ਨੇ ਜਗਮੋਹਨ ਸਿੰਘ ਰਾਜੂ ਨੂੰ ਉਮੀਦਵਾਰ ਬਣਾਇਆ ਹੈ। ਰਾਜੂ ਤਾਮਿਲਨਾਡੂ ਕੇਡਰ ਦਾ ਆਈਏਐਸ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਵੀਆਰਐਸ ਲੈ ਕੇ ਰਾਜਨੀਤੀ ‘ਚ ਪ੍ਰਵੇਸ਼ ਕੀਤਾ ਸੀ। ਇਸ ਸੀਟ ‘ਤੇ ਸਿੱਧੂ ਅਤੇ ਮਜੀਠੀਆ ਦੇ ਆਹਮੋ-ਸਾਹਮਣੇ ਹੋਣ ਕਾਰਨ ਇਹ ਸੀਟ ਚਰਚਾ ‘ਚ ਹੈ। ਦੋਵੇਂ ਨੇਤਾ ਹੁਣ ਤੱਕ ਕੋਈ ਵਿਧਾਨ ਸਭਾ ਚੋਣ ਨਹੀਂ ਹਾਰੇ ਹਨ। ਪਰ, ਇਸ ਵਾਰ ਕਿਸੇ ਨਾ ਕਿਸੇ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …