ਪਹਿਲਾਂ ਲੜਕੀਆਂ ਨੂੰ ਹੀ ਸੀ ਪ੍ਰਾਈਵੇਟ ਇਮਤਿਹਾਨ ਦੀ ਸਹੂਲਤ
ਪਟਿਆਲਾ/ਬਿਊਰੋ ਨਿਊਜ਼ : ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇਸ ਵਾਰ ਲੜਕਿਆਂ ਨੂੰ ਵੀ ਪ੍ਰਾਈਵੇਟ ਤੌਰ ਉੱਤੇ ਐੱਮ.ਏ. ਅਤੇ ਬੀ.ਏ.ਕੋਰਸ ਕਰਵਾਉਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਪਹਿਲਾਂ ਪ੍ਰਾਈਵੇਟ ਇਮਤਿਹਾਨ ਦੀ ਸਹੂਲਤ ਸਿਰਫ਼ ਲੜਕੀਆਂ ਲਈ ਹੀ ਸੀ। ਯੂਨੀਵਰਸਿਟੀ ਨੇ ਇਸ ਸਬੰਧੀ ਹਦਾਇਤਾਂ ਆਪਣੀ ਵੈਬਸਾਈਟ ਉੱਤੇ ਅਪਲੋਡ ਕਰ ਦਿੱਤੀਆਂ ਹਨ। ਪ੍ਰਾਈਵੇਟ ਤੌਰ ‘ਤੇ ਬੀ.ਏ. ਕੋਰਸ ਵਿਚ ਦਾਖਲ ਹੋਣ ਤੋਂ ਬਾਅਦ ਬੀ.ਏ. ਪਹਿਲੇ ਸਮੈਸਟਰ ਵਿਚ ਇਮਤਿਹਾਨ ਨੂੰ ਪਾਸ ਕਰਨ ਲਈ ਹਰੇਕ ਵਿਸ਼ੇ ਵਿਚ 35 ਫੀਸਦ ਅੰਕ ਹਾਸਲ ਕਰਨੇ ਜ਼ਰੂਰੀ ਹੋਣਗੇ। ਪ੍ਰਾਈਵੇਟ ਵਿਦਿਆਰਥੀਆਂ ਲਈ ਅੰਦਰੂਨੀ ਮੁਲਾਂਕਣ ਨਹੀਂ ਹੋਵੇਗਾ। ਬੀ.ਏ. ਭਾਗ ਪਹਿਲਾ ਦੇ ਪ੍ਰਾਈਵੇਟ ਵਿਦਿਆਰਥੀਆਂ ਦੀ ਪ੍ਰੀਖਿਆ ਯੂਨੀਵਰਸਿਟੀ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਕਾਲਜਾਂ ਵਿਚ ਹੀ ਹੋਵੇਗੀ। ਪ੍ਰਾਈਵੇਟ ਵਿਦਿਆਰਥੀ ਪ੍ਰੈਕਟੀਕਲ ਵਿਸ਼ਾ ਨਹੀਂ ਲੈ ਸਕਣਗੇ ਜਿਨ੍ਹਾਂ ਵਿਦਿਆਰਥੀਆਂ ਦੀ ਬਾਰ੍ਹਵੀਂ (+2) ਦੇ ਵਿਸ਼ੇ ਵਿੱਚ ਰੀਅਪੀਅਰ ਹੈ, ਉਨ੍ਹਾਂ ਵਿਦਿਆਰਥੀਆਂ ਨੂੰ ਉਸੇ ਸਾਲ ਦੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਆਪਣੀ ਰੀਅਪੀਅਰ ਦੀ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੋਵੇਗਾ। ਅਜਿਹਾ ਨਾ ਕਰਨ ਦੀ ਸੂਰਤ ਵਿਚ ਉਸ ਦਾ ਬੀ.ਏ.ਭਾਗ ਪਹਿਲਾ ਕੋਰਸ ਵਿਚ ਦਾਖਲਾ ਆਪਣੇ ਆਪ ਰੱਦ ਹੋ ਜਾਵੇਗਾ। ਯੂਨੀਵਰਸਿਟੀ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਬਾਰ੍ਹਵੀਂ ਸੀਬੀਐਸਈ ਬੋਰਡ ਜਾਂ ਕੋਈ ਕਿਸੇ ਹੋਰ ਬੋਰਡ ਤੋਂ ਕੀਤੀ ਹੈ, ਉਹ ਆਪਣੇ ਅਸਲ ਮਾਈਗ੍ਰੇਸ਼ਨ ਸਰਟੀਫਿਕੇਟ ਵੈਰੀਫਿਕੇਸ਼ਨ ਸਮੇਂ ਨਾਲ ਲੈ ਕੇ ਯੂਨੀਵਰਸਿਟੀ ਆਉਣ।
ਇਸੇ ਤਰ੍ਹਾਂ ਪ੍ਰਾਈਵੇਟ ਤੌਰ ‘ਤੇ ਐੱਮ.ਏ. ਵਿਚ ਦਾਖ਼ਲਾ ਲੈਣ ਲਈ ਸ਼ਰਤਾਂ ਰੱਖੀਆਂ ਗਈਆਂ ਹਨ। ਦਾਖ਼ਲਾ ਲੈਣ ਵਾਲੇ ਵਿਦਿਆਰਥੀ ਆਪਣੇ ਜਿਸ ਕੋਰਸ ਦੇ ਆਧਾਰ ਉੱਤੇ ਐੱਮ.ਏ. ਵਿੱਚ ਦਾਖ਼ਲਾ ਲੈ ਰਹੇ ਹਨ, ਉਸ ਦੇ ਅਸਲ ਅੰਕਾਂ ਦਾ ਬਿਉਰਾ ਕਾਰਡ ਪ੍ਰੀਖਿਆ ਸ਼ਾਖਾ ਤੋਂ ਤਸਦੀਕ ਕਰਵਾਉਣਗੇ। ਪੰਜਾਬੀ ਯੂਨੀਵਰਸਿਟੀ ਤੋਂ ਇਲਾਵਾ ਦੂਜੀਆਂ ਯੂਨੀਵਰਸਿਟੀਆਂ ਤੋਂ ਕੋਰਸ ਪਾਸ ਕਰਨ ਵਾਲੇ ਐੱਮ.ਏ. ਵਿੱਚ ਦਾਖ਼ਲਾ ਲੈਣ ਵਾਲ਼ੇ ਵਿਦਿਆਰਥੀ ਆਪਣਾ ਅਸਲ ਮਾਈਗ੍ਰੇਸ਼ਨ ਸਰਟੀਫ਼ਿਕੇਟ ਪ੍ਰੀਖਿਆ ਸ਼ਾਖਾ ਵਿਚ ਜਮ੍ਹਾਂ ਕਰਵਾਉਣਗੇ ਜਿਹੜੇ ਵਿਦਿਆਰਥੀ ਪੰਜਾਬੀ ਯੂਨੀਵਰਸਿਟੀ ਨਾਲ਼ ਰਜਿਸਟਰਡ ਨਹੀਂ ਹਨ, ਉਹ ਪ੍ਰੀਖਿਆ ਫ਼ੀਸ ਨਾਲ਼ ਨਿਰਧਾਰਿਤ ਰਜਿਸਟਰੇਸ਼ਨ ਫ਼ੀਸ ਅਤੇ ਵੈਰੀਫਿਕੇਸ਼ਨ ਫ਼ੀਸ ਵੀ ਜਮ੍ਹਾਂ ਕਰਵਾਉਣਗੇ।