Breaking News
Home / ਹਫ਼ਤਾਵਾਰੀ ਫੇਰੀ / ਸਾਲ 2019 ਚੜ੍ਹਦਿਆਂ ਹੀ ਸੱਜਣ ਕੁਮਾਰ ਪਹੁੰਚੇ ਸਹੀ ਟਿਕਾਣੇ ‘ਤੇ

ਸਾਲ 2019 ਚੜ੍ਹਦਿਆਂ ਹੀ ਸੱਜਣ ਕੁਮਾਰ ਪਹੁੰਚੇ ਸਹੀ ਟਿਕਾਣੇ ‘ਤੇ

ਸੱਜਣ ਕੁਮਾਰ ਜੇਲ੍ਹ ‘ਚ
ਨਵੀਂ ਦਿੱਲੀ/ਬਿਊਰੋ ਨਿਊਜ਼ : ’84 ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਠਹਿਰਾਏ ਗਏ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਅਤੇ ਉਸ ਦੇ ਦੋ ਸਾਥੀਆਂ ਨੇ ਸੋਮਵਾਰ ਨੂੰ ਕੜਕੜਡੂਮਾ ਦੀ ਅਦਾਲਤ ਅੱਗੇ ਆਤਮ ਸਮਰਪਣ ਕਰ ਦਿੱਤਾ। ਦਿੱਲੀ ਹਾਈ ਕੋਰਟ ਵੱਲੋਂ ਤਾਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਮਗਰੋਂ ਉਸ ਨੂੰ 31 ਦਸੰਬਰ ਤਕ ਆਤਮ ਸਮਰਪਣ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਸੱਜਣ ਕੁਮਾਰ ਨੂੰ ਮੰਡੋਲੀ ਜੇਲ੍ਹ ਅਤੇ ਦੋ ਹੋਰ ਦੋਸ਼ੀਆਂ ਮਹਿੰਦਰ ਯਾਦਵ ਤੇ ਕ੍ਰਿਸ਼ਨ ਖੋਖਰ ਨੂੰ ਤਿਹਾੜ ਜੇਲ੍ਹ ਭੇਜਿਆ ਗਿਆ ਹੈ। ਮੰਡੋਲੀ ਜੇਲ੍ਹ ਦੇ ਮੁੱਖ ਗੇਟ ‘ਤੇ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਸੂਤਰਾਂ ਮੁਤਾਬਕ ਉਸ ਨੂੰ 14 ਨੰਬਰ ਜੇਲ੍ਹ ਵਿਚ ਰੱਖਿਆ ਜਾਵੇਗਾ। ਸਿੱਖ ਆਗੂਆਂ ਵੱਲੋਂ ਕੜਕੜਡੂਮਾ ਅਦਾਲਤ ਕੋਲ ਨਾ ਜਾਣ ਦੀ ਅਪੀਲ ਕੀਤੇ ਜਾਣ ਦੇ ਬਾਵਜੂਦ ਦਿੱਲੀ ਕਮੇਟੀ ਦੇ ਆਗੂ ਅਤੇ ਸਿੱਖ ਕਤਲੇਆਮ ਦੇ ਪੀੜਤ ਅਦਾਲਤ ਦੇ ਬਾਹਰ ਬਾਣੀ ਦਾ ਜਾਪ ਕਰਦੇ ਰਹੇ।
ਸੱਜਣ ਕੁਮਾਰ ਨੇ ਮੈਟਰੋਪਾਲਿਟਨ ਮੈਜਿਸਟਰੇਟ ਅਦਿੱਤੀ ਗਰਗ ਦੀ ਅਦਾਲਤ ਵਿੱਚ ਸਖ਼ਤ ਸੁਰੱਖਿਆ ਪਹਿਰੇ ਹੇਠ ਆਤਮ ਸਮਰਪਣ ਕੀਤਾ। ਇਸ ਮਗਰੋਂ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਫਿਰ ਉੱਤਰ-ਪੱਛਮੀ ਦਿੱਲੀ ਦੀ ਮੰਡੋਲੀ ਜੇਲ੍ਹ ਵਿਚ ਭੇਜ ਦਿੱਤਾ। ਸੱਜਣ ਕੁਮਾਰ ਵੱਲੋਂ ਦੇਸ਼ ਦੀ ਸੁਰੱਖਿਅਤ ਜੇਲ੍ਹ ਤਿਹਾੜ ਵਿੱਚ ਭੇਜੇ ਜਾਣ ਦੀ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ ਪਰ ਉਸ ਨੂੰ ਵੱਖ ਵੈਨ ਵਿੱਚ ਭੇਜਣ ਦੀ ਦਿੱਲੀ ਪੁਲਿਸ ਨੂੰ ਹਦਾਇਤ ਕੀਤੀ ਗਈ। ਸੱਜਣ ਦੇ ਵਕੀਲ ਨੇ ਕਿਹਾ ਸੀ ਕਿ ਉਸ ਦੇ ਮੁਵੱਕਿਲ ਦਾ ਨਵੰਬਰ 1984 ਦੇ ਸਿੱਖ ਕਤਲੇਆਮ ਨਾਲ ਸਬੰਧਤ ਹੋਰ ਮਾਮਲਾ ਚੱਲ ਰਿਹਾ ਹੋਣ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਹੈ। ਸੱਜਣ ਕੁਮਾਰ ਵੱਲੋਂ ਆਤਮ ਸਮਰਪਣ ਲਈ ਹੋਰ ਮੋਹਲਤ ਮੰਗੇ ਜਾਣ ਦੀ ਪਟੀਸ਼ਨ ਨੂੰ ਹਾਈ ਕੋਰਟ ਨੇ 21 ਦਸੰਬਰ ਨੂੰ ਰੱਦ ਕਰ ਦਿੱਤਾ ਸੀ। ਉਂਜ ਸੱਜਣ ਕੁਮਾਰ ਨੇ ਹਾਈ ਕੋਰਟ ਦੇ 17 ਦਸੰਬਰ ਨੂੰ ਸੁਣਾਏ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵਿੱਚ ਅਰਜ਼ੀ ਦਿੱਤੀ ਹੋਈ ਹੈ।
ਸੱਜਣ ਕੁਮਾਰ ਨੂੰ ਪਾਲਮ ਕਾਲੋਨੀ ਦੇ ਰਾਜ ਨਗਰ ਪਾਰਟ-1 ਵਿੱਚ 5 ਸਿੱਖਾਂ ਦੇ ਕਤਲ ਅਤੇ ਰਾਜ ਨਗਰ ਦੇ ਪਾਰਟ-2 ਵਿਖੇ ਗੁਰਦੁਆਰਾ ਸਾੜਨ ਦੇ ਮੁਕੱਦਮੇ ਵਿੱਚ ਤਾਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਕਤਲੇਆਮ ਦੇ ਪੀੜਤਾਂ ਨੇ ਅਦਾਲਤ ਦੇ ਬਾਹਰ ਕੀਤਾ ਪਾਠ : ਸੋਮਵਾਰ ਸਵੇਰ ਤੋਂ ਹੀ ਕਤਲੇਆਮ ਪੀੜਤ ਤੇ ਸਿੱਖ ਭਾਈਚਾਰੇ ਦੇ
ਵਿਅਕਤੀ ਅਦਾਲਤ ਦੇ ਬਾਹਰ ਇਕੱਠੇ ਹੋਣ ਲੱਗੇ ਸਨ। ਇੱਥੇ ਲੋਕਾਂ ਨੇ ਗੁਰਬਾਣੀ ਦਾ ਪਾਠ ਕੀਤਾ। ਜਦੋਂ ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਜੇਲ੍ਹ ਭੇਜਿਆ ਤਾਂ ਪੀੜਤਾਂ ਦੀਆਂ ਅੱਖਾਂ ਵਿਚ ਹੰਝੂ ਡਲਕ ਪਏ। ਦਿੱਲੀ ਸਿੱਖ ਗੁਰਦੁਅਰਾ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਸੱਜਣ ਕੁਮਾਰ ਦਾ 2018 ਵਿਚ ਅੰਤ ਹੋ ਗਿਆ ਹੈ, 2019 ਵਿਚ ਕਤਲੇਆਮ ਦੇ ਹੋਰ ਮੁਲਜ਼ਮ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੀ ਵਾਰੀ ਹੈ। ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸੱਜਣ ਕੁਮਾਰ ਨੂੰ ਸਜ਼ਾ ਮਿਲਣ ਮਗਰੋਂ ਸਿੱਖ ਭਾਈਚਾਰੇ ‘ਚ ਇਨਸਾਫ ਪ੍ਰਾਪਤੀ ਦੀ ਉਮੀਦ ਜਾਗੀ ਹੈ। ਭਾਈਚਾਰੇ ਨੂੰ ਪੂਰਾ ਭਰੋਸਾ ਹੈ ਕਿ ਬਾਕੀਆਂ ਨੂੰ ਵੀ ਅਦਾਲਤ ਛੇਤੀ ਸਜ਼ਾ ਦੇਵੇਗੀ।
ਜੇਲ੍ਹ ਵਿਚ ਬੇਚੈਨ ਹੋਇਆ ਸੱਜਣ ਕੁਮਾਰ
ਨਵੀਂ ਦਿੱਲੀ : ਸੱਜਣ ਕੁਮਾਰ ਦੀ ਮੰਡੋਲੀ ਜੇਲ੍ਹ ਵਿਚ ਪਹਿਲੀ ਰਾਤ ਬੇਚੈਨੀ ਭਰੀ ਰਹੀ। ਉਸ ਨੇ ਨਾ ਖਾਣਾ ਖਾਧਾ ਤੇ ਉਂਜ ਵੀ ਬੇਚੈਨ ਨਜ਼ਰ ਆਇਆ। ਸੂਤਰਾਂ ਨੇ ਦੱਸਿਆ ਕਿ ਜੇਲ੍ਹ ਦੀ ਵਾਰਡ ਨੰਬਰ 14 ਵਿਚ ਬੰਦ ਸੱਜਣ ਕੁਮਾਰ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ। ਰਾਤ ਨੂੰ ਉਸ ਨੂੰ ਮਿਲਣ ਕੋਈ ਵੀ ਨਾ ਆਇਆ। 73 ਸਾਲਾ ਸੱਜਣ ਕੁਮਾਰ ਨੇ ਸਿੱਖ ਕਤਲੇਆਮ ਦੇ ਇਕ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਅਦਾਲਤ ਵਿਚ ਆਤਮ ਸਮਰਪਣ ਕੀਤਾ ਸੀ ਜਿੱਥੋਂ ਉਸ ਨੂੰ ਮੰਡੋਲੀ ਜੇਲ੍ਹ ਭੇਜ ਦਿੱਤਾ ਗਿਆ ਸੀ।
ਦੁੱਧ ਵੇਚ ਕੇ ਗੁਜ਼ਾਰਾ ਕਰਨ ਵਾਲਾ ਸੱਜਣ ਕੁਮਾਰ ਹੁਣ 250 ਕਰੋੜ ਦੀ ਜਾਇਦਾਦ ਦਾ ਮਾਲਕ
ਸੰਨ 1965-66 ‘ਚ ਆਪਣਾ ਘਰ ਚਲਾਉਣ ਲਈ ਸੱਜਣ ਕੁਮਾਰ ਦਾ ਸਹਾਰਾ ਇਕ ਮੱਝ ਸੀ, ਉਸ ਦਾ ਦੁੱਧ ਨਾਂਗਲੋਈ ‘ਚ ਵੇਚ ਕੇ ਉਹ ਆਪਣਾ ਚੁੱਲ੍ਹਾ ਚਲਾਉਂਦਾ ਸੀ। ਹਾਲਤ ਇੰਨੀ ਪਤਲੀ ਸੀ ਕਿ ਇਕ ਵਾਰ ਉਸ ਦੀ ਭੈਣ ਨੇ ਇਕ ਦੁਕਾਨ ਤੋਂ ਉਧਾਰ ਚੀਨੀ ਖਰੀਦੀ ਤੇ ਅੱਗੇ ਕੁਝ ਦੁਕਾਨਾਂ ਛੱਡ ਕੇ ਦੂਜੀ ਦੁਕਾਨ ‘ਤੇ ਚੀਨੀ ਵੇਚ ਕੇ ਉਸ ਬਦਲੇ ਆਟਾ ਲਿਆ। ਉਹੀ ਸੱਜਣ ਕੁਮਾਰ ਹੁਣ 250 ਕਰੋੜ ਦਾ ਮਾਲਕ ਹੈ। ਸੰਨ 1977 ‘ਚ ਦਿੱਲੀ ਤੋਂ ਨਗਰ ਨਿਗਮ ਦੀ ਚੋਣ ਜਿੱਤ ਕੇ ਉਹ ਸੰਜੇ ਗਾਂਧੀ ਦੀ ਨਜ਼ਰ ‘ਚ ਆਇਆ ਤੇ ਫਿਰ ਐਮ ਪੀ ਬਣਿਆ ਤੇ ਇਸ ਦੌਰਾਨ ਹੀ ਉਸ ਨੇ ਬੇਗੁਨਾਹਾਂ ਦੇ ਕਤਲ ‘ਚ ਆਪਣੇ ਹੱਥ ਰੰਗੇ।
ਦੂਜਿਆਂ ਨੂੰ ਨਜ਼ਰਾਂ ਥੱਲੇ ਕਰਨ ਲਈ ਕਹਿਣ ਵਾਲਾ ਅੱਜ ਖੁਦ ਨਜ਼ਰਾਂ ਚੁਰਾਉਂਦਾ ਦਿਖਿਆ
ਸੰਨ 1980 ‘ਚ 35 ਸਾਲ ਦੀ ਉਮਰ ‘ਚ ਦਿੱਲੀ ਦੇ ਚੌਧਰੀ ਬ੍ਰਹਮ ਪ੍ਰਕਾਸ਼ ਨੂੰ ਲੋਕ ਸਭਾ ਚੋਣਾਂ ‘ਚ ਹਰਾਉਣ ਤੋਂ ਬਾਅਦ ਸੱਜਣ ਕੁਮਾਰ ਇੰਨੀ ਹਵਾ ‘ਚ ਸੀ ਕਿ ਜੇਕਰ ਕੋਈ ਉਸ ਨਾਲ ਅੱਖ ਮਿਲਾ ਕੇ ਗੱਲ ਕਰਦਾ ਤਾਂ ਉਹ ਉਸ ਟੁੱਟ ਕੇ ਪੈ ਜਾਂਦਾ ਤੇ ਆਖਦਾ ਨਜ਼ਰਾਂ ਥੱਲੇ ਕਰ, ਅੱਜ ਉਹੀ ਸੱਜਣ ਕੁਮਾਰ ਖੁਦ ਨਜ਼ਰਾਂ ਚੁਰਾ ਰਿਹਾ ਸੀ।
’84 ਸਿੱਖ ਕਤਲੇਆਮ ਦੇ ਹਰ ਦੋਸ਼ੀ ਨੂੰ ਅਸੀਂ ਸਜ਼ਾ ਦਿਲਾਵਾਂਗੇ। ਹੁਣ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਦੇ ਖਿਲਾਫ਼ ਵੀ ਕੇਸ਼ ਸ਼ੁਰੂ ਕੀਤਾ ਜਾਵੇਗਾ। ਲੜਾਈ ਜਾਰੀ ਰਹੇਗੀ। -ਐਚ ਐਸ ਫੂਲਕਾ
ਗਾਂਧੀ ਪਰਿਵਾਰ ‘ਤੇ ਵੀ ਕੇਸ ਚੱਲਣਾ ਚਾਹੀਦਾ ਹੈ। ਸਿੱਖ ਕਤਲੇਆਮ ਕਰਵਾਉਣ ਵਾਲੇ ਅਸਲੀ ਦੋਸ਼ੀ ਉਹੀ ਹਨ। ਇਸ ਸਬੰਧੀ ਸੋਨੀਆ ਗਾਂਧੀ ਤੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। -ਸੁਖਬੀਰ ਬਾਦਲ

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …