16.2 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀ29 ਸਾਲ ਪੁਰਾਣੇ ਅਗਵਾ ਮਾਮਲੇ 'ਚ ਸੁਮੇਧ ਸੈਣੀ ਸਣੇ 8 ਦੇ ਖਿਲਾਫ਼...

29 ਸਾਲ ਪੁਰਾਣੇ ਅਗਵਾ ਮਾਮਲੇ ‘ਚ ਸੁਮੇਧ ਸੈਣੀ ਸਣੇ 8 ਦੇ ਖਿਲਾਫ਼ ਮਾਮਲਾ ਦਰਜ

ਹਿਮਾਚਲ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਸੁਮੇਧ ਸੈਣੀ ਨੂੰ ਹਿਮਾਚਲ ਪੁਲਿਸ ਨੇ ਬੇਰੰਗ ਮੋੜਿਆ
ਮੋਹਾਲੀ/ਬਿਊਰੋ ਨਿਊਜ਼
ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਸਣੇ ਅੱਠ ਖ਼ਿਲਾਫ਼ ਮੁਹਾਲੀ ਦੇ ਮਟੌਰ ਥਾਣੇ ਵਿੱਚ ਵੱਖ-ਵੱਖ ਧਰਾਵਾਂ ਤਹਿਤ ਫੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਸੁਮੇਧ ਸੈਣੀ ‘ਤੇ 29 ਸਾਲ ਪਹਿਲਾਂ ਮੁਹਾਲੀ ਦੇ ਬਲਵੰਤ ਸਿੰਘ ਮੁਲਤਾਨੀ ਨੂੰ 11 ਦਸੰਬਰ 1991 ਨੂੰ ਤੜਕੇ 4 ਵਜੇ ਫੇਜ਼-7 ਸਥਿਤ ਉਸ ਦੇ ਘਰੋਂ ਚੁੱਕ ਕੇ ਤਸ਼ੱਦਦ ਢਾਹੁਣ ਦਾ ਦੋਸ਼ ਹੈ। ਮੁਲਤਾਨੀ ਦੀ ਪੁਲੀਸ ਹਿਰਾਸਤ ਦੌਰਾਨ ਮੌਤ ਹੋ ਗਈ ਸੀ। ਉਸ ਸਮੇਂ ਸੈਣੀ ਚੰਡੀਗੜ੍ਹ ਦਾ ਐੱਸਐੱਸਪੀ ਸੀ। ਹਾਲਾਂਕਿ ਪੀੜਤ ਪਰਿਵਾਰ ਨੇ ਇਨਸਾਫ਼ ਪ੍ਰਾਪਤੀ ਲਈ ਵੱਡੇ ਪੱਧਰ ‘ਤੇ ਕਾਨੂੰਨੀ ਚਾਰਜੋਈ ਕੀਤੀ ਗਈ ਸੀ ਪਰ ਉਦੋਂ ਸੈਣੀ ਦੇ ਰੁਤਬੇ ਅੱਗੇ ਉਨ੍ਹਾਂ ਦੀ ਕੋਈ ਵਾਹ ਨਹੀਂ ਚੱਲੀ। ਬਾਕੀ ਮੁਲਜ਼ਮਾਂ ਵਿੱਚ ਡੀਐੱਸਪੀ ਬਲਦੇਵ ਸਿੰਘ ਸੈਣੀ, ਸਬ ਇੰਸਪੈਕਟਰ ਸਤਵੀਰ ਸਿੰਘ, ਸਬ ਇੰਸਪੈਕਟਰ ਹਰਸਹਾਏ ਸ਼ਰਮਾ, ਸਬ ਇੰਸਪੈਕਟਰ ਜਗੀਰ ਸਿੰਘ, ਸਬ ਇੰਸਪੈਕਟਰ ਅਨੂਪ ਸਿੰਘ, ਏਐੱਸਈ ਕੁਲਦੀਪ ਸਿੰਘ ਤੇ ਇਕ ਅਣਪਛਾਤਾ ਸ਼ਾਮਲ ਹੈ। ਇਨ੍ਹਾਂ ਸਾਰਿਆਂ ਖ਼ਿਲਾਫ਼ ਆਈਪੀਸੀ ਦੀ ਧਾਰਾ 364, 201, 344,330 219 ਤੇ 120 ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸੇ ਦੌਰਾਨ ਸੁਮੇਧ ਸੈਣੀ ਜਦੋਂ ਆਪਣੇ ਦੋਸਤਾਂ ਸਣੇ ਹਿਮਾਚਲ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਉਥੋਂ ਵੀ ਪੁਲਿਸ ਉਨ੍ਹਾਂ ਨੂੰ ਬੇਰੰਗ ਮੋੜ ਦਿੱਤਾ। ਚਰਚਾ ਤਾਂ ਇਹ ਵੀ ਹੈ ਕਿ ਸੁਮੇਧ ਸੈਣੀ ਨੂੰ ਇਸ ਗੱਲ ਦਾ ਅੰਦਾਜ਼ਾ ਸੀ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋ ਸਕਦੀ। ਇਸ ਲਈ ਉਹ ਤੜਕੇ 3-4 ਵਜੇ ਹੀ ਹਿਮਾਚਲ ਲਈ ਨਿਕਲ ਗਏ। ਪਰ ਜਿਵੇਂ ਹੀ ਆਪਣੇ ਦੋ ਦੋਸਤਾਂ ਨਾਲ ਉਨ੍ਹਾਂ ਦੀ ਗੱਡੀ ਬਿਲਾਸਪੁਰ ਜ਼ਿਲ੍ਹੇ ਦੇ ਸਰਕਾਘਾਟ ਸਰਹੱਦ ਰਾਹੀਂ ਹਿਮਾਚਲ ਵਿਚ ਦਾਖਲ ਹੋਣ ਲੱਗੇ ਤਾਂ ਉਥੇ ਤਾਇਨਾਤ ਪੁਲਿਸ ਦਸਤੇ ਨੇ ਸੁਮੇਧ ਸੈਣੀ ਤੋਂ ਕਰਫਿਊ ਅਤੇ ਮੂਵਮੈਂਟ ਪਾਸ ਦੀ ਮੰਗ ਕੀਤੀ। ਸੁਮੇਧ ਸੈਣੀ ਨਾਲ ਉਨ੍ਹਾਂ ਦੇ ਸੁਰੱਖਿਆ ਕਰਮੀ ਵੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸੁਮੇਧ ਸੈਣੀ ਵੱਲੋਂ ਆਪਣੇ ਰੁਤਬੇ ਦਾ ਹਵਾਲਾ ਦੇ ਕੇ ਜਦੋਂ ਆਖਿਆ ਕਿ ਉਹ ਹਿਮਾਚਲ ਦੇ ਨਗਰ ਮੰਡੀ ਵਿਖੇ ਸਥਿਤ ਆਪਣੇ ਫਾਰਮ ਹਾਊਸ ਜਾ ਰਹੇ ਹਨ ਤਦ ਇਸ ਦੇ ਬਾਵਜੂਦ ਵੀ ਹਿਮਾਚਲ ਪੁਲਿਸ ਨੇ ਉਨ੍ਹਾਂ ਆਪਣੇ ਸੂਬੇ ‘ਚ ਦਾਖਲ ਹੋਣ ਦੀ ਆਗਿਆ ਨਹੀਂ ਦਿੱਤੀ। ਪਤਾ ਲੱਗਾ ਹੈ ਕਿ ਸੁਮੇਧ ਸੈਣੀ ਨੇ ਉਕਤ ਜ਼ਿਲ੍ਹੇ ਦੇ ਐਸ ਐਸ ਪੀ ਫੋਨ ਵੀ ਕੀਤਾ ਪਰ ਉਸ ਨੇ ਵੀ ਕਿਸੇ ਤਰ੍ਹਾਂ ਦੀ ਸਹਾਇਤਾ ਤੋਂ ਕੋਰਾ ਇਨਕਾਰ ਕਰ ਦਿੱਤਾ ਤੇ ਆਖਰ ਸੁਮੇਧ ਸੈਣੀ ਨੂੰ ਹਿਮਾਚਲ ਤੋਂ ਬੇਰੰਗ ਹੀ ਪਰਤਣਾ ਪਿਆ ਅਤੇ ਹੁਣ ਇਹ 29 ਸਾਲ ਪੁਰਾਣਾ ਅਗਵਾ ਘਟਨਾਕ੍ਰਮ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਸੁਮੇਧ ਸੈਣੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।

RELATED ARTICLES
POPULAR POSTS