ਹਰਸਿਮਰਤ ਬਾਦਲ ਅਤੇ ਗੋਬਿੰਦ ਸਿੰਘ ਲੌਂਗੋਵਾਲ ਸਣੇ ਸਿੱਧੂ ਤੇ ਇਮਰਾਨ ਖਾਨ ਨਾਲ ਸਾਂਝੀ ਤਸਵੀਰ ‘ਚ ਵੀ ਨਜ਼ਰ ਆਇਆ ਚਾਵਲਾ
ਚੰਡੀਗੜ੍ਹ : ਪਹਿਲੀ ਪਾਕਿਸਤਾਨ ਫੇਰੀ ਮੌਕੇ ਫੌਜ ਮੁਖੀ ਨਾਲ ਜੱਫੀ ਪਾਉਣ ਦੇ ਵਿਵਾਦ ਤੋਂ ਬਾਅਦ ਦੂਜੀ ਫੇਰੀ ਮੌਕੇ ਨਵਜੋਤ ਸਿੱਧੂ ਫਿਰ ਵਿਵਾਦਾਂ ‘ਚ ਘਿਰ ਗਏ ਹਨ ਤੇ ਵਿਵਾਦ ਬਣਿਆ ਹੈ ਗੋਪਾਲ ਚਾਵਲਾ ਨਾਲ ਤਸਵੀਰਾਂ ਵਾਇਰਲ ਹੋਣ ਕਾਰਨ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਮੀਡੀਆ ਸਲਾਹਕਾਰ ਵਜੋਂ ਵਿਚਰਨ ਵਾਲੇ ਗੋਪਾਲ ਸਿੰਘ ਚਾਵਲਾ ਨੂੰ ਖਾਲਿਸਤਾਨ ਪੱਖੀ ਦੱਸਦਿਆਂ ਹਾਫਿਜ ਸਈਅਦ ਦਾ ਨਜ਼ੀਦੀਕੀ ਦੱਸਿਆ ਜਾ ਰਿਹਾ ਹੈ। ਪਹਿਲਾਂ ਸਿੱਧੂ ਨਾਲ ਉਸਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀ ਹੈ, ਜਿਸ ਨੂੰ ਲੈ ਕੇ ਅਕਾਲੀ ਦਲ ਹੋ ਹੱਲਾ ਮਚਾਉਂਦਾ ਹੈ ਪਰ ਇਸ ਤੋਂ ਬਾਅਦ ਇਕ ਸਾਂਝੀ ਤਸਵੀਰ ਨੀਂਹ ਪੱਥਰ ਸਮਾਗਮ ਦੀ ਆਉਂਦੀ ਹੈ, ਜਿਸ ਵਿਚ ਹਰਸਿਮਰਤ ਬਾਦਲ, ਗੋਬਿੰਦ ਸਿੰਘ ਲੌਂਗੋਵਾਲ, ਹਰਦੀਪ ਪੁਰੀ ਵੀ ਨਜ਼ਰ ਆਉਂਦੇ ਹਨ। ਜਦੋਂ ਸਮਾਗਮ ਦੌਰਾਨ ਗੋਪਾਲ ਚਾਵਲਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਹੀ ਬੈਠੇ ਨਜ਼ਰ ਆਏ। ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸਿੱਧੂ ਦਾ ਕਹਿਣਾ ਸੀ ਕਿ ਮੈਂ ਕਿਸੇ ਗੋਪਾਲ ਚਾਵਲਾ ਨੂੰ ਨਹੀਂ ਜਾਣਦਾ। ਮੇਰੇ ਨਾਲ ਉਥੇ ਸੈਂਕੜੇ ਲੋਕਾਂ ਨੇ ਤਸਵੀਰਾਂ ਖਿਚਵਾਈਆਂ, ਕੌਣ ਕੀ ਹੈ ਮੈਨੂੰ ਨਹੀਂ ਪਤਾ, ਪਰ ਜਿਸ ਨਾਲ ਮੇਰੀਆਂ ਤਸਵੀਰਾਂ ਵਿਵਾਦਤ ਦੱਸੀਆਂ ਜਾ ਰਹੀਆਂ ਹਨ, ਉਸੇ ਵਿਅਕਤੀ ਨਾਲ ਸ਼੍ਰੋਮਣੀ ਕਮੇਟੀ ਪ੍ਰਧਾਨ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਤੇ ਸਮਾਗਮ ‘ਚ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਤੇ ਹਰਦੀਪ ਪੁਰੀ ਵੀ ਸਨ, ਉਹ ਵੀ ਸਾਂਝੀਆਂ ਤਸਵੀਰਾਂ ਵਿਚ ਖੜ੍ਹੇ ਹਨ, ਫਿਰ ਮੇਰੇ ‘ਤੇ ਹੀ ਨਿਸ਼ਾਨਾ ਕਿਉਂ। ਇਕ ਪਾਸੇ ਜਿੱਥੇ ਭਾਰਤੀ ਮੀਡੀਆ ‘ਚ ਸਿੱਧੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਖ਼ਬਰਾਂ ਨਸ਼ਰ ਹੋ ਰਹੀਆਂ ਹਨ, ਉਥੇ ਅਕਾਲੀ ਦਲ ਅਤੇ ਭਾਜਪਾ ਨੇ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਨੂੰ ਘੇਰਦਿਆਂ ਪਾਕਿਸਤਾਨ ਦਾ ਏਜੰਟ ਤੱਕ ਕਰਾਰ ਦਿੱਤਾ ਹੈ। ਜਦੋਂਕਿ ਸਿੱਧੂ ਦੇ ਹੱਕ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਸਣੇ ਕੁਝ ਹੋਰ ਆਗੂ ਵੀ ਸਾਹਮਣੇ ਆ ਗਏ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਬੀਬੀ ਬਾਦਲ ਨੇ ਫਿਰ ਉਥੇ ਹੀ ਵਿਰੋਧ ਕਿਉਂ ਨਹੀਂ ਜਤਾਇਆ, ਜੋ ਖੁਦ ਉਨ੍ਹਾਂ ਤਸਵੀਰਾਂ ਵਿਚ ਨਜ਼ਰ ਆ ਰਹੀ ਹੈ। ਜਾਖੜ ਤੇ ਰੰਧਾਵਾ ਨੇ ਇਸ ਵਿਵਾਦ ਨੂੰ ਬੇਲੋੜਾ ਕਰਾਰ ਦਿੰਦਿਆਂ ਕਿਹਾ ਕਿ ਸਿੱਧੂ ਨੇ ਤਾਂ ਸ਼ਾਂਤੀ ਤੇ ਸਾਂਝ ਦਾ ਹੀ ਪੈਗਾਮ ਦਿੱਤਾ ਹੈ।
Check Also
ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ
ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …