Breaking News
Home / Special Story / ਇਕ-ਇਕ ਸ਼ਬਦ ‘ਚ ਅਰਥ ਹੈ…

ਇਕ-ਇਕ ਸ਼ਬਦ ‘ਚ ਅਰਥ ਹੈ…

ਇਕ ਓਂਕਾਰ ਸਤਿਨਾਮ, ਕਰਤਾ ਪੁਰਖ, ਨਿਰਭਉ ਨਿਰਵੈਰ, ਅਕਾਲ ਮੂਰਤ, ਅਜੂਨੀ ਸੈਭੰਗ ਗੁਰ ਪ੍ਰਸਾਦਿ
ਇਕ ਓਂਕਾਰ : ‘ਪਰਮਾਤਮਾ ਇਕ ਹੈ, ਹਰ ਜਗ੍ਹਾ ਮੌਜੂਦ ਹੈ।
ਸਤਿਨਾਮ : ਪਰਮਾਤਮਾ ਦਾ ਨਾਮ ਸੱਚਾ। ਹਮੇਸ਼ਾ ਰਹਿਣ ਵਾਲਾ।
ਕਰਤਾ ਪੁਰਖ : ਇਹ ਸਭ ਕੁਝ ਬਣਾਉਣ ਵਾਲਾ ਏ।
ਨਿਰਭਉ : ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ।
ਨਿਰਵੈਰ : ਪਰਮਾਤਮਾ ਨੂੰ ਕਿਸੇ ਨਾਲ ਦੁਸ਼ਮਣੀ ਨਹੀਂ।
ਅਕਾਲ ਮੂਰਤ : ਪਰਮਾਤਮਾ ਦਾ ਕੋਈ ਆਕਾਰ ਨਹੀਂ।
ਅਜੂਨੀ : ਇਹ ਅਲੱਗ-ਅਲੱਗ ਜੂਨ ਵਿਚ ਨਹੀਂ ਪੈਂਦਾ, ਨਾ ਇਹ ਪੈਦਾ ਹੁੰਦਾ ਹੈ, ਨ ਹੀ ਮਰਦਾ ਹੈ।
ਸੈਭੰਗ : ਇਸ ਨੂੰ ਕਿਸੇ ਨੇ ਨਹੀਂ ਬਣਾਇਆ। ਨਾ ਪੈਦਾ ਕੀਤਾ ਏ, ਇਹ ਖੁਦ ਪ੍ਰਕਾਸ਼ ਹੋਇਆ ਏ।
ਗੁਰ ਪ੍ਰਸਾਦਿ : ਗੁਰੂ ਦੀ ਕਿਰਪਾ ਨਾਲ ਪਰਮਾਤਮਾ ਸਭ ਦੇ ਹਿਰਦੇ ਵਿਚ ਵਸਦਾ ਏ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਸਾਲ ‘ਚ 28 ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ ਕੀਤੀ, ਯਾਨੀ ਇਕ ਸਾਲ ‘ਚ ਔਸਤਨ 1167 ਕਿਲੋਮੀਟਰ ਸਫ਼ਰ ਕੀਤਾ
ਪਹਿਲੀ ਉਦਾਸੀ…8,169 ਕਿਲੋਮੀਟਰ
ਸੁਲਤਾਨਪੁਰ ਲੋਧੀ ਤੋਂ
ਉਮਰ : 31 ਸਾਲ ‘ਚ ਸ਼ੁਰੂ ਕੀਤੀ ਯਾਤਰਾ
ਸਨ : 1500 ਤੋਂ 1506 ਤੱਕ
ਕੁਲ : 7 ਸਾਲ ਸਫ਼ਰ ‘ਚ ਗੁਜਾਰੇ
ਦੂਜੀ ਉਦਾਸੀ…8,169 ਕਿਲੋਮੀਟਰ
ਕਰਤਾਰਪੁਰ ਤੋਂ
ਉਮਰ : 37 ਸਾਲ ‘ਚ ਸ਼ੁਰੂ ਕੀਤੀ ਯਾਤਰਾ
ਸਨ : 1506 ਤੋਂ 1513 ਤੱਕ
ਕੁਲ : 7 ਸਾਲ ਸਫ਼ਰ ‘ਚ ਗੁਜਾਰੇ
ਤੀਜੀ ਉਦਾਸੀ…5,835 ਕਿਲੋਮੀਟਰ
ਸੁਲਤਾਨਪੁਰ ਲੋਧੀ ਤੋਂ
ਉਮਰ : 45 ਸਾਲ ‘ਚ ਸ਼ੁਰੂ ਕੀਤੀ ਯਾਤਰਾ
ਸਨ : 1514 ਤੋਂ 1518 ਤੱਕ
ਕੁਲ : 5 ਸਾਲ ਸਫ਼ਰ ‘ਚ ਗੁਜਾਰੇ
ਚੌਥੀ ਉਦਾਸੀ…3,501 ਕਿਲੋਮੀਟਰ
ਕਰਤਾਰਪੁਰ ਤੋਂ
ਉਮਰ : 50 ਸਾਲ ‘ਚ ਸ਼ੁਰੂ ਕੀਤੀ ਯਾਤਰਾ
ਸਨ : 1519 ਤੋਂ 1521 ਤੱਕ
ਕੁਲ : 3 ਸਾਲ ਸਫ਼ਰ ‘ਚ ਗੁਜਾਰੇ
ਪੰਜਵੀਂ ਉਦਾਸੀ…2,334 ਕਿਲੋਮੀਟਰ
ਉਮਰ : 54 ਸਾਲ ‘ਚ ਸ਼ੁਰੂ ਕੀਤੀ ਯਾਤਰਾ
ਸਨ : 1523 ਤੋਂ 1525 ਤੱਕ
ਕੁਲ : 2 ਸਾਲ ਸਫ਼ਰ ‘ਚ ਗੁਜਾਰੇ
(ਹਾਲਾਂਕਿ ਇਸ ਯਾਤਰਾ ਦੀ ਪੁਸ਼ਟੀ ਨਹੀਂ)
ਗੁਰੂ ਜੀ ਦੀਆਂ ਯਾਤਰਾਵਾਂ ਅਤੇ ਉਨ੍ਹਾਂ ਦਾ ਉਦੇਸ਼
ਸ੍ਰੀ ਗੁਰੂ ਨਾਨਕ ਦੇਵ ਜੀ ਨੇ 24 ਸਾਲ ‘ਚ ਦੋ ਉਪ ਮਹਾਂਦੀਪਾਂ ਦੇ 60 ਪ੍ਰਮੁੱਖ ਸ਼ਹਿਰਾਂ ਦੀ ਪੈਦਲ ਯਾਤਰਾ ਕੀਤੀ। ਇਸ ਦੌਰਾਨ ਉਨ੍ਹਾਂ ਨੇ 28 ਹਜ਼ਾਰ ਕਿਲੋਮੀਟਰ ਦਾ ਸਫ਼ਰ ਕੀਤਾ। ਉਨ੍ਹਾਂ ਦੀ ਯਾਤਰਾ ਦਾ ਉਦੇਸ਼ ਸਮਾਜ ‘ਚੋਂ ਊਚ-ਨੀਚ, ਜਾਤ-ਪਾਤ, ਅੰਧਵਿਸ਼ਵਾਸ ਆਦਿ ਨੂੰ ਖਤਮ ਕਰਕੇ ਆਪਸੀ ਪਿਆਰ ਅਤੇ ਸਮਾਨਤਾ ਨੂੰ ਕਾਇਮ ਕਰਨਾ ਸੀ। ਗੁਰੂ ਜੀ ਜਿੱਥੇ ਵੀ ਗਏ ਇਕ ਪ੍ਰਮਾਤਮਾ ਦੀ ਗੱਲ ਕੀਤੀ ਅਤੇ ਸਾਰਿਆਂ ਨੂੰ ਉਸੇ ਦੀ ਸੰਤਾਨ ਦੱਸਿਆ। ਇਨ੍ਹਾਂ ਯਾਤਰਾਵਾਂ ਦੌਰਾਨ ਰਸਤੇ ‘ਚ ਪੈਣ ਵਾਲੀ ਹਰ ਰਿਆਸਤ ਦੇ ਰਾਜਾ ਜਾਂ ਬਾਦਸ਼ਾਹ ਨਾਲ ਮਿਲੇ ਅਤੇ ਉਨ੍ਹਾਂ ਨੂੰ ਇਹ ਗੱਲ ਸਮਝਾਈਆਂ।
ਪਹਿਲੀ ਉਦਾਸੀ : ਗੁਰੂ ਜੀ ਨੇ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਪੰਜਾਬ ਤੋਂ ਹਰਿਆਣਾ, ਉਤਰਾਖੰਡ, ਦਿੱਲੀ, ਉਤਰ ਪ੍ਰਦੇਸ਼, ਬਿਹਾਰ, ਨੇਪਾਲ, ਸਿੱਕਮ, ਭੂਟਾਨ, ਢਾਕਾ, ਅਸਮ, ਨਾਗਾਲੈਂਡ, ਤ੍ਰਿਪੁਰਾ, ਚਟਗਾਂਵ ਤੋਂ ਹੁੰਦੇ ਹੋਏ ਬਰਮਾ (ਮਿਆਂਮਾਰ) ਪਹੁੰਚੇ ਸਨ। ਉਥੋਂ ਗੁਰੂ ਜੀ ਉੜੀਸਾ, ਛੱਤੀਸਗੜ੍ਹ, ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਹਰਿਆਣਾ ਹੁੰਦੇ ਹੋਏ ਵਾਪਸ ਆਏ ਸਨ।
ਦੂਜੀ ਉਦਾਸੀ : ਦੂਜੀ ਉਦਾਸੀ ਦੌਰਾਨ ਗੁਰੂ ਜੀ ਪੱਛਮੀ ਬੰਗਾਲ (ਪਾਕਿਸਤਾਨ), ਸਿੰਧ, ਸਮੁੰਦਰੀ ਤਟ ਦੇ ਇਲਾਕੇ ਘੁੰਮਦੇ ਹੋਏ ਗੁਜਰਾਤ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ ਦੇ ਤੱਟੀ ਇਲਾਕਿਆਂ ‘ਚੋਂ ਹੁੰਦੇ ਹੋਏ ਸ੍ਰੀਲੰਗਾ ਪਹੁੰਚੇ ਅਤੇ ਫਿਰ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਉੜੀਸਾ, ਕਰਨਾਟਕ, ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ ਹੁੰਦੇ ਹੋਏ ਵਾਪਸ ਆਏ।
ਤੀਜੀ ਉਦਾਸੀ : ਤੀਜੀ ਉਦਾਸੀ ‘ਚ ਗੁਰੂ ਜੀ ਹਰਿਆਣਾ, ਹਿਮਾਚਲ ਪ੍ਰਦੇਸ਼, ਤਿੱਬਤ (ਸੁਮੇਰ ਪਰਬਤ ਦਾ ਇਲਾਕਾ) ਹੁੰਦੇ ਹੋਏ ਲੇਹ-ਲੱਦਾਖ, ਕਸ਼ਮੀਰ, ਅਫਗਾਨਿਸਤਾਨ (ਕਾਬੁਲ), ਪੱਛਮੀ ਪੰਜਾਬ ਹੁੰਦੇ ਹੋਏ ਵਾਪਸ ਆਏ।
ਚੌਥੀ ਉਦਾਸੀ : ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਚੌਥੀ ਉਦਾਸੀ ਦੌਰਾਨ ਮੁਲਤਾਨ, ਸਿੰਧ, ਬਲੋਚਿਸਤਾਨ, ਜੈਦਾ, ਮੱਕਾ ਅਤੇ ਮਦੀਨਾ ਪਹੁੰਚੇ, ਬਗਦਾਦ, ਖੁਰਮਾਬਾਦ, ਈਰਾਨ (ਇਥੇ ਉਨ੍ਹਾਂ ਸਾਥੀ ਮਰਦਾਨਾ ਦੀ ਮੌਤ ਹੋ ਗਈ), ਇਸਫਾਹਾਨ, ਕਾਬੁਲ, ਪੱਛਮੀ ਬੰਗਾਲ ਤੋਂ ਹੁੰਦੇ ਹੋਏ ਕਰਤਾਰਪੁਰ ਸਾਹਿਬ ਵਾਪਸ ਪਹੁੰਚੇ।
ਪੰਜਵੀਂ ਉਦਾਸੀ: ਇਸ ਉਦਾਸੀ ਦੇ ਪ੍ਰਮਾਣ ਦੀ ਪੁਸ਼ਟੀ ਨਹੀਂ ਹੈ ਪ੍ਰੰਤੂ ਡਾ. ਕੁਲਦੀਪ ਸਿੰਘ ਢਿੱਲੋਂ ਦੀ ਸੋਧ ਅਨੁਸਾਰ 5ਵੀਂ ਯਾਤਰਾ ‘ਚ 2334 ਕਿਲੋਮੀਟਰ ਦਾ ਸਫ਼ਰ ਗੁਰੂ ਜੀ ਨੇ ਕੀਤਾ।
ਅੱਜ ਦੇ ਸੰਦਰਭ ‘ਚ ਯਾਤਰਾਵਾਂ ਦਾ ਮਹੱਤਵ… : ਗੁਰੂ ਜੀ ਨੇ ਆਪਣੀਆਂ ਯਾਤਰਾਵਾਂ ਦੇ ਜਰੀਏ ਸਮਾਜ ਅਤੇ ਮਾਨਵਤਾ ਨੂੰ ਇਕ ਸੂਤਰ ‘ਚ ਪਰੋਣ ਦੀ ਕੋਸ਼ਿਸ਼ ਕੀਤੀ। ਇਹ ਅੱਜ ਵੀ ਪ੍ਰਸੰਗਿਕ ਹੈ ਕਿਉਂਕਿ ਯਾਤਰਾ ਵਾਲੇ ਇਲਾਕੇ ਅੱਜ ਵੀ ਤਰ੍ਹਾਂ-ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਇਨ੍ਹਾਂ ‘ਚ ਅੱਤਵਾਦ ਪ੍ਰਮੁੱਖ ਹੈ। ਵਿਦਵਾਨਾਂ ਦੀ ਮੰਨੀਏ ਤਾਂ ਇਨ੍ਹਾਂ ਰੂਟਾਂ ਤੋਂ ਸਾਊਥ ਏਸ਼ੀਆ, ਸੈਂਟਰਲ ਏਸ਼ੀਆ ਅਤੇ ਅਰਬ ਮੁਲਕਾਂ ਨਾਲ ਅਸਾਨੀ ਨਾਲ ਜੁੜਿਆ ਜਾ ਸਕਦਾ ਹੈ। ਇਨ੍ਹਾਂ ਦੇ ਰਾਹੀਂ ਜੇਕਰ ਵਪਾਰ ਅਤੇ ਸਰਹੱਦੀ ਪਾਬੰਦੀਆਂ ‘ਚ ਖੁੱਲ੍ਹ ਦੇ ਕੇ ਆਵਾਜਾਈ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਤਾਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ।
3 ਕਹਾਣੀਆਂ : ਧਰਮ ਦੀ ਕਮਾਈ ‘ਚੋਂ ਨਿਕਲਿਆ ਦੁੱਧ ਅਤੇ ਪਾਪ ਦੀ ਕਮਾਈ ‘ਚੋਂ ਨਿਕਲਿਆ ਖੂਨ
1 : ਗੁਰੂ ਜੀ ਪਹਿਲੀ ਉਦਾਸੀ ‘ਤੇ ਸਨ। ਉਹ ਭਾਈ ਮਰਦਾਨਾ ਦੇ ਨਾਲ ਸੈਦਪੁਰ ਨਗਰ ਪਹੁੰਚੇ ਅਤੇ ਉਥੇ ਮਿਹਨਤਕਸ਼ ਭਾਈ ਲਾਲੋ ਦੇ ਘਰ ਰੁਕੇ। ਸ਼ੂਦਰ ਅਰਥਾਤ ਨੀਵੀਂ ਜਾਤੀ ਦੇ ਭਾਈ ਲਾਲੋ ਨੇ ਸੇਵਾ ਭਾਵ ਨਾਲ ਜੋ ਰੁੱਖਾ-ਸੁੱਖਾ ਦਿੱਤਾ ਗੁਰੂ ਸਾਹਿਬ ਨੇ ਉਸ ਨੂੰ ਸਵੀਕਾਰ ਕਰ ਲਿਆ। ਹਾਲਾਂਕਿ ਉਸ ਦੌਰ ‘ਚ ਨੀਵੀਂ ਜਾਤੀ ਦੇ ਘਰ ਉਚੀ ਜਾਤ ਵਾਲਿਆਂ ਦਾ ਖਾਣਾ-ਪੀਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਖੈਰ, ਭਾਈ ਮਰਦਾਨਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਇਸ ਰੁੱਖੇ-ਸੁੱਖੇ ਭੋਜਨ ‘ਚ ਵੀ ਸਵਾਦਿਸ਼ਟ ਖਾਣੇ ਵਰਗਾ ਸਵਾਦ ਕਿਵੇਂ ਹੈ? ਗੁਰੂ ਜੀ ਨੇ ਕਿਹਾ ਕਿ ਇਸ ਇਨਸਾਨ ਦੇ ਦਿਲ ‘ਚ ਪ੍ਰੇਮ ਹੈ, ਇਹ ਸਖਤ ਮਿਹਨਤ ਕਰਕੇ ਕਮਾਈ ਕਰਦਾ ਹੈ। ਇਸ ‘ਚ ਪ੍ਰਮਾਤਮਾ ਦੀ ਬਰਕਤ ਪਾਈ ਹੋਈ ਹੈ।
2 : ਉਸੇ ਦੌਰ ‘ਚ ਸੈਦਪੁਰ ਨਗਰ ਦੇ ਜਗੀਰਦਾਰ ਮਲਿਕ ਭਾਗੋ ਨੇ ਬ੍ਰਹਮਭੋਜ ਰੱਖਿਆ ਸੀ। ਉਸਨੇ ਦੂਜੇ ਸਾਧੂਆਂ-ਸੰਗਤਾਂ ਦੇ ਨਾਲ ਗੁਰੂ ਜੀ ਨੂੰ ਵੀ ਸੱਦਾ ਭੇਜਿਆ। ਭੋਜ ਦੇ ਲਈ ਜੋ ਸਮੱਗਰੀ ਇਕੱਠੀ ਕੀਤੀ ਗਈ ਸੀ, ਉਹ ਕਿਸਾਨਾਂ ਦੇ ਘਰਾਂ ਤੋਂ ਜਬਰਦਸਤੀ ਲਿਆਂਦੀ ਗਈ ਸੀ। ਸਭ ਹੁੰਚੇ ਪ੍ਰੰਤੂ ਗੁਰੂ ਜੀ ਨਹੀਂ ਆਏ। ਭਾਗੋ ਨੇ ਗੁਰੂ ਜੀ ਦੇ ਨਾ ਆਉਣ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਉਤਰ ਦੇਣ ਦੀ ਬਜਾਏ ਭਾਈ ਲਾਲੋ ਦੇ ਘਰ ਦਾ ਰੁੱਖਾ-ਸੁੱਖਾ ਅਤੇ ਭਾਗੋ ਦੇ ਘਰ ਦਾ ਪੂੜੀ-ਹਲਵਾ ਮੰਗਵਾਇਆ। ਇਕ ਮੁੱਠੀ ‘ਚ ਲਾਲੋ ਜੀ ਦੇ ਰੁੱਖੇ-ਸੁੱਖੇ ਖਾਣੇ ਨੂੰ ਨਿਚੋੜਿਆ ਤਾਂ ਉਸ ‘ਚੋਂ ਦੁੱਧ ਨਿਕਲਿਆ ਅਤੇ ਦੂਜੀ ਮੁੱਠੀ ‘ਚੋਂ ਜਦੋਂ ਮਲਿਕ ਭਾਗੋ ਦੇ ਘਰ ਦੇ ਖਾਣੇ ਨੂੰ ਨਿਚੋੜਿਆ ਤਾਂ ਉਸ ‘ਚੋਂ ਖੂਨ ਨਿਕਲਿਆ।
ਗੁਰੂ ਜੀ ਨੇ ਉਥੇ ਕਿਹਾ, ਇਹ ਹੈ ਧਰਮ ਦੀ ਕਮਾਈ : ਜਿਸ ‘ਚੋਂ ਦੁੱਧ ਨਿਕਲਿਆ ਅਤੇ ਇਹ ਹੈ ‘ਪਾਪ ਦੀ ਕਮਾਈ’ ਜਿਸ ‘ਚੋਂ ਖੂਨ ਨਿਕਲਿਆ। ਇਹ ਦੇਖ ਮਲਿਕ ਭਾਗੋ ਗੁਰੂ ਜੀ ਦੇ ਚਰਨਾਂ ‘ਚ ਗਿਰ ਗਿਆ ਅਤੇ ਆਪਣੇ ਕੀਤੇ ਪਾਪਾਂ ਅਤੇ ਲੁੱਟ-ਖਸੁੱਟ ‘ਤੇ ਪਛਤਾਵਾ ਕਰਕੇ ਧਰਮ ਦੀ ਕਮਾਈ ਕਰਨ ਲੱਗਿਆ।
ਚੰਗਾ ਕਰੋਗੇ ਤਾਂ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਹੀ ਜ਼ਿੰਦਾ ਰਹੋਗੇ
3 : ਇਕ ਪਿੰਡ ‘ਚੋਂ ਲੰਘਦੇ ਹੋਏ ਖੂਹ ਦੇ ਲਾਲਚੀ ਮਾਲਿਕ ਨੇ ਗੁਰੂ ਜੀ ਨੂੰ ਪੈਸੇ ਦਿੱਤੇ ਬਿਨਾ ਪਾਣੀ ਦੇਣ ਤੋਂ ਮਨ੍ਹਾ ਕਰ ਦਿੱਤਾ। ਗੁਰੂ ਜੀ ਹੱਥ ਨਾਲ ਮਿੱਟੀ ਪੁੱਟਣ ਲੱਗੇ। ਕੁਝ ਹੀ ਦੇਰ ‘ਚ ਸਾਫ਼ ਪਾਣੀ ਆਉਣ ਲੱਗਿਆ। ਪਿੰਡ ਵਾਲੇ ਵੀ ਪਾਣੀ ਪੀਣ ਲਈ ਉਥੇ ਪਹੁੰਚ ਗਏ। ਖੂਹ ਦੇ ਮਾਲਿਕ ਨੇ ਦੇਖਿਆ ਕਿ ਇਕ ਪਾਸੇ ਧਾਰਾ ਚੱਲ ਰਹੀ ਹੈ, ਦੂਜੇ ਪਾਸੇ ਖੂਹ ਦਾ ਪਾਣੀ ਘੱਟ ਹੁੰਦਾ ਜਾ ਰਿਹਾ ਹੈ। ਗੁੱਸੇ ‘ਚ ਆ ਕੇ ਉਸ ਨੇ ਗੁਰੂ ਜੀ ਵੱਲ ਪੱਥਰ ਮਾਰਿਆ। ਗੁਰੂ ਜੀ ਨੇ ਹੱਥ ਅੱਗੇ ਕੀਤਾ ਅਤੇ ਪੱਥਰ ਉਥੇ ਹੀ ਰੁਕ ਗਿਆ। ਇਹ ਸਭ ਕੁਝ ਦੇਖ ਕੇ ਖੂਹ ਦਾ ਮਾਲਕ ਹੈਰਾਨ ਰਹਿ ਗਿਆ ਅਤੇ ਗੁਰੂ ਜੀ ਦੇ ਚਰਨਾ ਵਿਚ ਡਿੱਗ ਪਿਆ। ਗੁਰੂ ਜੀ ਨੇ ਸਮਝਾਇਆ, ਕਿਸ ਗੱਲ ਦਾ ਹੰਕਾਰ, ਖਾਲੀ ਹੱਥ ਆਏ ਸੀ, ਖਾਲੀ ਹੱਥ ਜਾਓਗੇ। ਜੇ ਚੰਗਾ ਕਰੋਗੇ ਤਾਂ ਲੋਕਾਂ ਦੇ ਦਿਲਾਂ ‘ਚ ਹਮੇਸ਼ਾ ਜ਼ਿੰਦਾ ਰਹੋਗੇ।
ਲੰਗਰ ਦੀ ਪ੍ਰਥਾ ਪਿੱਛੇ ਉਦੇਸ਼ ਕੀ ਹੈ?
ਅਮਨਦੀਪ ਸਿੰਘ ਸਿੱਧੂ
ਕਈ ਵਾਰ ਵਿਦਵਾਨ ਅਤੇ ਪ੍ਰਚਾਰਕ ‘ਲੰਗਰ’ ਦੇ ਨਾਲ ਲੋੜਵੰਦ ਸ਼ਬਦ ਜੋੜ ਕੇ ਇਸ ਦੇ ਡੂੰਘੇ ਭਾਵਾਂ ਨੂੰ ਭੋਜਨ ਤੱਕ ਹੀ ਸੀਮਤ ਕਰ ਦਿੰਦੇ ਹਨ। ਵਿਸ਼ਾਲ ਭੰਡਾਰੇ ਜਾਂ ਭੋਜ ਤਾਂ ਪਹਿਲਾਂ ਵੀ ਬਹੁਤ ਚਲਦੇ ਸਨ, ਜਿਨ੍ਹਾਂ ਨੂੰ ਸਮਾਜਿਕ ਸੇਵਾ ਦਾ ਦਰਜਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਭੋਜਾਂ ਅਤੇ ਲੰਗਰ ਵਿਚਲੇ ਬਹੁਤ ਹੀ ਸੂਖਮ ਫ਼ਰਕ ਦੀ ਪੜਚੋਲ ਇਸ ਲੇਖ ਵਿਚ ਕਰਾਂਗੇ। ਜਦੋਂ ਅਸੀਂ ਗੁਰੂ ਸਾਹਿਬਾਨਾਂ ਵਲੋਂ ਚਲਾਏ ਲੰਗਰਾਂ ਨੂੰ ਗੌਰ ਨਾਲ ਵਾਚਦੇ ਹਾਂ ਤਾਂ ਸਮਝ ਆਉਂਦੀ ਹੈ ਕਿ ਲੰਗਰ ਸਿਰਫ਼ ਭੋਜਨ ਖਾਣ ਵਾਲੀ ਪ੍ਰਕਿਰਿਆ ਨਹੀਂ ਹੈ। ਪਹਿਲੇ ਗੁਰਾਂ ਨੇ ਸਾਧੂਆਂ ਲਈ ਲੰਗਰ ਲਗਾਇਆ ਅਤੇ ਉਨ੍ਹਾਂ ਨੂੰ ਭੋਜਨ ਛਕਾਇਆ। ਕੀ ਭੋਜਨ ਛਕਣਾ ਅਤੇ ਛਕਾਉਣਾ ਹੀ ਮੰਤਵ ਸੀ? ਮੇਰੀ ਸਮਝੇ ਨਹੀਂ। ਬਾਲ ਗੁਰੂ ਅਤੇ ਗਿਆਨਵਾਨ ਸਾਧੂਆਂ ਦਾ ਇਕੱਠੇ ਭੋਜਨ ਛਕਣਾ ਸਾਂਝੀਵਾਲਤਾ ਦਾ ਮੁਜ਼ਾਹਰਾ ਸੀ, ਜਿਸ ਉਪਰੰਤ ਬ੍ਰਹਮ ਗਿਆਨ ਗੋਸ਼ਟ ਹੋਈ ਹੋਵੇਗੀ। ਵੱਡੇ-ਛੋਟੇ, ਊਚ-ਨੀਚ ਵਰਗੇ ਮਾਨਸਿਕ ਪਰਦੇ ਤੋੜ ਕੇ ਹੀ ਗਿਆਨ ਦੀ ਸਾਂਝ ਪੈ ਸਕਦੀ ਹੈ, ਜੋ ਕਿ ਕਈ ਹਜ਼ਾਰਾਂ ਸਾਲਾਂ ਤੋਂ ਭਾਰਤੀ ਗਿਆਨ ਪ੍ਰਣਾਲੀ ਵਿਚੋਂ ਲੁਪਤ ਕਰ ਦਿੱਤੀ ਗਈ ਸੀ। ਗਿਆਨ ਦੀ ਸਾਂਝ ਪਾਉਣ ਦੀ ਪਿਰਤ ਨੂੰ ਮੁੜ ਸੁਰਜੀਤ ਕਰਨ ਦਾ ਇਹ ਇਕ ਨੁਕਤਾ ਪੇਸ਼ ਕੀਤਾ ਗਿਆ। ਇਸੇ ਹੀ ਸਿਧਾਂਤ ਨੂੰ ਦੂਜੇ ਗੁਰੂ ਸਾਹਿਬ ਨੇ ਅੱਗੇ ਤੋਰਿਆ। ਤੀਸਰੇ ਗੁਰਾਂ ਨੇ ਇਸ ਨੂੰ ਹੋਰ ਯੋਜਨਾਬੱਧ ਤਰੀਕੇ ਨਾਲ ਦ੍ਰਿੜ੍ਹ ਕੀਤਾ। ਰਾਜੇ ਅਤੇ ਰੰਕ ਦੀ ਬਰਾਬਰੀ ਦੀ ਮਿਸਾਲ ਕਾਇਮ ਕਰਕੇ ਜਾਤਾਂ-ਪਾਤਾਂ ਜਾਂ ਵਿਤਕਰੇ ਦੇ ਅੰਤ ਦੀ ਸ਼ੁਰੂਆਤ ਕਰ ਦਿੱਤੀ। ਦੇਸ਼ ਵਾਸੀਆਂ ਨੂੰ ਵਿਤਕਰਿਆਂ ਦੀਆਂ ਜ਼ੰਜੀਰਾਂ ਵਿਚੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ। ਇਕ ਸਮਾਂ ਇਹ ਸੀ ਕਿ ਉੱਚ ਜਾਤ ਵਾਲੇ ਜਾਂ ਅਮੀਰ ਰਾਜੇ ਜਦੋਂ ਭੋਜ ਕਰਿਆ ਕਰਦੇ ਸਨ ਤਾਂ ਨੀਵੀਂ ਜਾਤੀ ਲਈ ਉਧਰ ਨੂੰ ਤੱਕਣ ਦੀ ਵੀ ਆਗਿਆ ਨਹੀਂ ਸੀ ਹੁੰਦੀ। ਉੱਚੇ-ਅਮੀਰ ਆਪਸ ਵਿਚ ਰਲ ਬੈਠਦੇ। ਜੇ ਕਿਧਰੇ ਗ਼ਰੀਬ ਜਾਂ ਨੀਚ ਜਾਤ ਨੂੰ ਦਾਨ ਕਰਦੇ ਤਾਂ ਵੀ ਉਸ ਵਿਚ ਕੋਈ ਅਮੀਰ ਰਲ ਕੇ ਨਾ ਬੈਠਦਾ।
ਹਜ਼ਾਰਾਂ ਸਾਲ ਇਸ ਤਰ੍ਹਾਂ ਚੱਲਣ ਨਾਲ ਗਿਆਨ ਅਤੇ ਵਿਚਾਰਾਂ ਦੀ ਉੱਤਮਤਾ ਵਿਚ ਫ਼ਰਕ ਪੈਂਦਾ ਰਿਹਾ। ਸਮਾਜ ਛਲਣੀ ਹੋ ਗਿਆ ਅਤੇ ਅਖ਼ੀਰ ਨੂੰ ਗ਼ੁਲਾਮ ਹੋ ਗਿਆ। ਜਦੋਂ ਗੁਰੂ-ਘਰ ਰਾਹੀਂ ਇਹ ਜੰਜਾਲ ਟੁੱਟਣ ਦੀ ਸੂਚਨਾ ਸਮਾਜ ਨੂੰ ਮਿਲੀ ਤਾਂ ਸਿੱਖ ਅਤੇ ਹੋਰ ਚਾਹਵਾਨ ਗੁਰੂ-ਘਰ ਆਉਣ ਲੱਗੇ। ਆਉਂਦੇ ਹੀ ਪਹਿਲਾਂ ਪੰਗਤ ਵਿਚ ਬੈਠ ਕੇ ਭੋਜਨ ਛੱਕਣਾ ਅਤੇ ਫਿਰ ਗੁਰੂ ਦੀ ਸੰਗਤ ਕਰ ਕੇ ਬ੍ਰਹਮ ਗਿਆਨ ਸਰਵਣ ਕਰਨਾ, ਮਾਨੋ ਇਸ ਤਰ੍ਹਾਂ ਹੋਇਆ ਜਿਵੇਂ ਮਾਰੂਥਲ ਵਿਚ ਕਈ ਵਰ੍ਹਿਆਂ ਦੇ ਸੋਕੇ ਉਪਰੰਤ ਘਣੇ ਬੱਦਲ ਦੀਆਂ ਬੂੰਦਾਂ ਡਿਗੀਆਂ ਹੋਣ। ਇਸ ਦੀ ਸੋਭਾ ਇਉਂ ਫੈਲੀ ਜਿਵੇਂ ਪਹਿਲੇ ਮੀਂਹ ਦੀਆਂ ਕਣੀਆਂ ਦੀ ਛੋਹ ਨਾਲ ਮਿੱਟੀ ਦੀ ਮਹਿਕ ਫੈਲਦੀ ਹੈ। ਸੋ, ਲੰਗਰ ਸਿਰਫ਼ ਭੋਜਨ ਨਹੀਂ ਹੈ, ਰਸੋਈ ਵਿਚੋਂ ਸਾਦਗੀ ਨਾਲ ਪੱਕ ਰਹੇ ਭੋਜਨ ਦੀ ਮਹਿਕ ਹੈ, ਇਹ ਪੰਗਤ ਵਿਚ ਬੈਠਣ ਦੀ ਸਾਂਝੀਵਾਲਤਾ ਹੈ ਅਤੇ ਉਪਰੰਤ ਸੰਗਤ ਵਿਚ ਇਕੱਠੇ ਬੈਠ ਕੇ ਹਰੀ ਦਾ ਜੱਸ ਹੈ। ਜੇ ਇਹ ਤਿੰਨ ਸਿਧਾਂਤ ਇਕੱਠੇ ਨਹੀਂ ਹਨ ਤਾਂ ਗੁਰਮਤ ਸਿਧਾਂਤ ਅਨੁਸਾਰ ਲੰਗਰ ਕਸਵੱਟੀ ‘ਤੇ ਸਹੀ ਨਹੀਂ ਹੈ।
ਕਈ ਵਿਦਵਾਨ ਲੰਗਰ ਨੂੰ ਸਿਰਫ਼ ਭੋਜਨ ਤੱਕ ਸੀਮਤ ਨਜ਼ਰੀਆ ਦਿੰਦੇ ਹਨ ਅਤੇ ਇਸ ਪ੍ਰਥਾ ਨੂੰ ਸਿਰਫ਼ ਸਮਾਜਿਕ ਪੱਖ ਤੋਂ ਹੀ ਦੇਖਣਾ ਚਾਹੁੰਦੇ ਹਨ। ਉਹ ਇਉਂ ਸੋਚਦੇ ਹਨ ਕਿ ਲੋੜਵੰਦ ਸਿਰਫ਼ ਗ਼ਰੀਬ ਹੁੰਦਾ ਹੈ ਅਤੇ ਲੰਗਰ ਸਿਰਫ਼ ਗ਼ਰੀਬਾਂ ਲਈ ਸੀ। ਕੀ ਗੋਇੰਦਵਾਲ ਸਾਹਿਬ ਸਿਰਫ਼ ਗ਼ਰੀਬ ਜਾਂ ਭੁੱਖੇ ਵਸਦੇ ਸਨ? ਮੇਰੀ ਸਮਝੇ ਤਾਂ ਉਸ ਸਮੇਂ ਦੇ ਦੁਨੀਆ ਦੇ ਸਭ ਤੋਂ ਰੱਜੇ ਅਤੇ ਸ੍ਰਿਸ਼ਟੀ ਦੇ ਪਾਤਸ਼ਾਹ ਉਸ ਧਰਤੀ ‘ਤੇ ਬਿਰਾਜਮਾਨ ਸਨ, ਜਿਨ੍ਹਾਂ ਨੂੰ ਦੇਸ਼ ਦਾ ਬਾਦਸ਼ਾਹ ਆਪ ਚੱਲ ਕੇ ਮਿਲਣ ਆਇਆ। ਸਿਰਫ਼ ਭੁੱਖਿਆਂ ਲਈ ਲੰਗਰ ਦੀ ਪ੍ਰਥਾ ਸ਼ੁਰੂ ਕਰ ਕੇ ਕਿੰਨੀ ਕੁ ਲੁਕਾਈ ਨੂੰ ਰਜਾਇਆ ਜਾ ਸਕਦਾ ਸੀ? ਅਸਲ ਵਿਚ ਗ਼ਰੀਬ ਨੂੰ ਭੋਜਨ ਖੁਆ ਕੇ ਉਸ ਦੀ ਭੁੱਖ ਹੀ ਦੂਰ ਨਹੀਂ ਸੀ ਕਰਦੇ ਗੁਰੂ ਸਾਹਿਬ। ਉਪਰੰਤ ਉਸ ਨੂੰ ਨਾਮ ਨਾਲ ਜੋੜ ਕੇ ਕਿਰਤ ਕਰਨ ਦਾ ਸਿਧਾਂਤ ਵੀ ਦ੍ਰਿੜ੍ਹਾਉਂਦੇ ਸਨ। ਇਹੀ ਸਿਧਾਂਤ ਤਾਂ ਸਿੱਖਾਂ ਦੀ ਹਰ ਗ਼ਰੀਬੀ ਨੂੰ ਅੱਜ ਵੀ ਦੂਰ ਕਰ ਰਿਹਾ ਹੈ।
ਸਾਂਝੀਵਾਲਤਾ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਗੁਰੂ ਅਮਰਦਾਸ ਜੀ ਨੇ ਬਾਉਲੀ ਬਣਵਾਈ, ਜਿਸ ਦੇ ਜਲ ਨਾਲ ਹਰ ਕੋਈ ਇਸ਼ਨਾਨ ਕਰ ਸਕਦਾ ਸੀ। ਲੰਗਰ ਪਹਿਲਾ ਹੀ ਚਲਦਾ ਸੀ। ਉਨ੍ਹਾਂ ਦੀ ਹਦਾਇਤ ਉੱਤੇ ਗੁਰੂ ਰਾਮ ਦਾਸ ਜੀ ਨੇ ‘ਗੁਰੂ ਕੇ ਚੱਕ ਅੰਮ੍ਰਿਤਸਰ’ ਦੀ ਮੋੜ੍ਹੀ ਗੱਡੀ। ਸਰੋਵਰ ਬਣਾਏ ਗਏ। ਪੰਜਵੇਂ ਗੁਰਾਂ ਨੇ ਦੋ ਗੁਰਧਾਮ ਤਿਆਰ ਕਰਵਾਏ, ਹਰਿਮੰਦਰ ਅਤੇ ਗੁਰਦੁਆਰਾ ਤਰਨ ਤਾਰਨ ਸਾਹਿਬ। ਦੋਵਾਂ ਗੁਰਧਾਮਾਂ ਵਿਖੇ ਵਿਸ਼ਾਲ ਸਰੋਵਰ ਹਨ ਅਤੇ ਦਰਬਾਰ ਸਾਹਿਬ। ਇਹ ਨਕਸ਼ਾ ਗੁਰਮਤਿ ਸਿਧਾਂਤ ਅਨੁਸਾਰ ਸੰਪੂਰਨ ਹੈ।
ਰੂਹਾਨੀ ਸਿਧਾਂਤ ਇਹ ਕਹਿੰਦਾ ਹੈ ਜਦੋਂ ਸਾਡੀ ਰੂਹ ਵੈਰਾਗ ਦੀ ਭੁੱਖ ਨਾਲ ਤੜਫਦੀ ਹੈ ਤਾਂ ਅਸੀਂ ਦੂਰ-ਦੂਰ ਤੱਕ ਗੁਰੂ ਦੀ ਭਾਲ ਕਰਦੇ ਹਾਂ। ਦੱਸ ਪੈਣ ‘ਤੇ ਚੱਲ ਕੇ ਉਸ ਵੱਲ ਨੂੰ ਤੁਰ ਪੈਂਦੇ ਹਾਂ ਅਤੇ ਪੈਂਡਾ ਤਹਿ ਕਰ ਕੇ ਉਸ ਦੇ ਦੁਆਰੇ ਪਹੁੰਚਦੇ ਹਾਂ ਤਾਂ ਅੱਗੋਂ ਇਕ ਸਿੱਖ ਉਸ ਦਾ ਸਵਾਗਤ ਕਰਦਾ ਹੈ ਅਤੇ ਜੀ ਆਇਆਂ ਕਹਿੰਦਾ ਹੈ। ਪਰ ਯਾਤਰੀ ਸਫ਼ਰ ਅਤੇ ਵੈਰਾਗ ਤੋਂ ਵਿਆਕੁਲ ਹੋਇਆ ਹੈ, ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਹੈ। ਸਿੱਖ ਜਾਣਦਾ ਹੈ ਕਿ ਜਿਸ ਤਰ੍ਹਾਂ ਸਮੁੰਦਰੀ ਬੇੜੇ ਨੂੰ ਬੰਦਰਗਾਹ ਨਾਲ ਜੁੜਨ ਲਈ ਲੰਗਰ ਦੀ ਲੋੜ ਹੈ, ਉਸੇ ਹੀ ਤਰ੍ਹਾਂ ਇਸ ਯਾਤਰੀ ਨੂੰ ਵੀ ਪਹਿਲਾਂ ਠਹਿਰਾਓ ਦੀ ਲੋੜ ਹੈ। ਉਹ ਉਸ ਨੂੰ ਰਸਤੇ ਦੀ ਥਕਾਨ ਤੋਂ ਨਿਰਮਲ ਹੋਣ ਲਈ ਸਰੋਵਰ ਵਿਚ ਇਸ਼ਨਾਨ ਕਰਨ ਲਈ ਪ੍ਰੇਰਦਾ ਹੈ। ਸਰੋਵਰ ਵਿਚ ਹੋਰ ਕਿੰਨੇ ਪ੍ਰਾਣੀ ਇਸ਼ਨਾਨ ਕਰ ਰਹੇ ਹਨ ਦੇਖ ਵਿਸਮਾਦ ਹੋ ਜਾਂਦਾ ਹੈ ਕਿ ਸਾਰੇ ਇਕੋ ਹੀ ਥਾਂ ਪਵਿੱਤਰ ਹੋ ਰਹੇ ਹਨ? ਉਪਰੰਤ ਉਹ ਸਿੱਖ ਯਾਤਰੀ ਨੂੰ ਪੰਗਤ ਵਿਚ ਬਿਠਾ ਕੇ ਲੰਗਰ ਛਕਾਉਂਦਾ ਹੈ ਅਤੇ ਉਸ ਦੇ ਪੇਟ ਦੀ ਭੁੱਖ-ਪਿਆਸ ਨੂੰ ਮਿਟਾਉਂਦਾ ਹੈ। ਉਪਰੰਤ ਉਸ ਨੂੰ ਆਰਾਮ ਕਰ ਕੇ ਰਹਿਰਾਸ ਵੇਲੇ ਸੰਗਤ ਵਿਚ ਆ ਕੇ ਗੁਰੂ ਦਰਸ਼ਨ ਕਰਨ ਲਈ ਕਹਿੰਦਾ ਹੈ। ਹੁਣ ਤੱਕ ਸਰੀਰ ਨਿਰਮਲ ਹੋ ਚੁੱਕਾ ਸੀ ਪਰ ਵੈਰਾਗ ਹੋਰ ਪ੍ਰਚੰਡ ਹੋ ਰਿਹਾ ਸੀ ਕਿ ਜੇ ਗੁਰੂ ਕਾ ਸਿੱਖ ਇਹੋ ਜਿਹਾ ਹੈ ਤਾਂ ਗੁਰੂ ਦਾ ਕੀ ਰੂਪ ਹੋਵੇਗਾ? ਸ਼ਾਮ ਨੂੰ ਗੁਰੂ-ਦਰਬਾਰ ਵਿਚ ਪਹੁੰਚ ਕੇ ਜਿਵੇਂ ਹੀ ਗੁਰੂ ਦੇ ਮੁੱਖ ਵੱਲ ਤੱਕਦਾ ਹੈ ਤਾਂ ਉਹ ਵਿਸਮਾਦ ਵਿਚ ਸੁੰਨ ਹੋ ਜਾਂਦਾ ਹੈ। ਇਹ ਤਾਂ ਉਹ ਸਿੱਖ ਹੀ ਸੀ, ਜੋ ਉਸ ਦੀ ਸਵੇਰੇ ਤੋਂ ਸੇਵਾ ਕਰ ਰਿਹਾ ਸੀ। ਏਨਾ ਮਹਾਨ ਹੈ ਗੁਰੂ! ਜੀ ਹਾਂ, ਇਹ ਪੰਜਵੇਂ ਗੁਰਾਂ ਦੀ ਵਾਰਤਾ ਹੈ।
ਕੀ ਅੱਜ ਵੀ ਲੰਗਰ ਦੀ ਅਹਿਮੀਅਤ ਹੈ? ਜੀ ਬਿਲਕੁਲ, ਉਤਨੀ ਹੀ ਜਿਤਨੀ ਗੁਰੂ ਸਾਹਿਬ ਵਕਤ ਸੀ। ਅੱਜ ਇਕੱਲੇ ਹਰਮਿੰਦਰ ਸਾਹਿਬ ਵਿਖੇ ਦੋ ਲੱਖ ਪ੍ਰਾਣੀ ਪੰਗਤ ਵਿਚ ਬੈਠ ਕੇ ਲੰਗਰ ਛਕਦੇ ਹਨ ਅਤੇ ਰੂਹਾਨੀਅਤ ਨਾਲ ਜੁੜਦੇ ਹਨ। ਦੁਨੀਆ ਦੇ ਹਰ ਕੋਨੇ ਵਿਚ ਗੁਰੂ-ਘਰਾਂ ਵਿਚ ਜਾ ਕੇ ਕਰੋੜਾਂ ਪ੍ਰਾਣੀ ਬਾਣੀ ਨਾਲ ਜੁੜਦੇ ਹਨ ਅਤੇ ਲੋੜ ਮੁਤਾਬਿਕ ਲੰਗਰ ਵੀ ਛਕਦੇ ਹਨ ਅਤੇ ਲੋੜ ਪੈਣ ‘ਤੇ ਲੰਗਰ ਲਾਉਂਦੇ ਵੀ ਹਨ। ਲੱਖਾਂ ਭਾਈ ਮੰਝ ਹਨ, ਜੋ ਬਿਨਾਂ ਸਵਾਲ ਗੁਰੂ ਦੀ ਗੋਲਕ ਵਿਚ ਦਸਵੰਧ ਪਾਉਂਦੇ ਹਨ।
ਆਪਣੇ ਪਿੰਡਾਂ ਜਾਂ ਵਿਦੇਸ਼ਾਂ ਵਿਚ ਗੁਰੂ-ਘਰਾਂ ਦੀ ਲੰਗਰ ਵਿਵਸਥਾ ਕਿਹੋ ਜਿਹੀ ਹੋਣੀ ਚਾਹੀਦੀ ਹੈ? ਬਿਲਕੁਲ ਗੁਰਮਤ ਵਾਲੀ ਅਤੇ ਛਕਣ ਵਾਲੇ ਭਾਈ ਮੰਝ ਵਰਗੇ। ਕਈ ਥਾਵਾਂ ‘ਤੇ ਸੁਣਨ ਅਤੇ ਦੇਖਣ ਨੂੰ ਮਿਲਿਆ ਹੈ ਕਿ ਕੁਝ ਕੁ ਪ੍ਰਾਣੀ ਗੁਰੂ-ਘਰ ਸਿਰਫ਼ ਲੰਗਰ ਛਕਣ ਹੀ ਜਾਂਦੇ ਹਨ ਅਤੇ ਕੁਝ ਕੁ ਆਪਣੇ ਨਾਲ ਕਈ ਦਿਨਾਂ ਦਾ ਲੰਗਰ ਡੱਬਿਅ ਵਿਚ ਬੰਨ੍ਹ ਕੇ ਲੈ ਜਾਦੇ ਹਨ। ਇਹ ਸਰਾਸਰ ਮਨਮੁੱਖਤਾ ਹੈ ਅਤੇ ਉਨ੍ਹਾਂ ਨੂੰ ਬਿਲਕੁਲ ਵੀ ਜਚਦਾ ਨਹੀਂ। ਕਈ ਵਾਰੀ ਇਹੋ ਜਿਹੀ ਸਥਿਤੀ ਆ ਸਕਦੀ ਹੈ ਪਰ ਇਹ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਢੁਕਵੀਂ ਸੇਵਾ ਜ਼ਰੂਰ ਕੀਤੀ ਜਾਵੇ। ਹਾਂ, ਜੇ ਕੋਈ ਭਾਈਚਾਰੇ ਵਿਚੋਂ ਬਿਮਾਰ ਹੋ ਜਾਵੇ ਜਾਂ ਅਤਿ ਲੋੜ ਪੈ ਜਾਵੇ ਤਾਂ ਪ੍ਰਬੰਧਕਾਂ ਨੂੰ ਦੱਸ ਕੇ ਉਸ ਤੱਕ ਲੰਗਰ ਅੱਪੜਦਾ ਕਰਨਾ ਪੁੰਨ ਹੋਵੇਗਾ। ਜੇ ਕੋਈ ਬੇਅਦਬੀ ਕਰੇ ਤਾਂ ਉਸ ਨੂੰ ਗੁਰਬਾਣੀ ਦੀ ਰੌਸ਼ਨੀ ਵਿਚ ਸਿਧਾਂਤ ਨਾਲ ਜੋੜਨਾ ਚਾਹੀਦਾ ਹੈ।
ਇਸ ਗੱਲ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਭੁੱਖੇ ਪੇਟ ਕਦੇ ਵੀ ਭਗਤੀ ਨਹੀਂ ਹੁੰਦੀ। ਸੰਗਤ ਨੂੰ ਭੁੱਖਿਆਂ ਦਰਬਾਰ ਵਿਚ ਬਿਠਾਈ ਰੱਖਣਾ ਅਤੇ ਸਮੇਂ ਸਿਰ ਲੰਗਰ ਨਾ ਵਰਤਾਉਣਾ ਵੀ ਗੁਰ-ਸੰਗਤ ਸਿਧਾਂਤ ਨੂੰ ਕਮਜ਼ੋਰ ਕਰਦਾ ਹੈ। ਸੋ, ਲੰਗਰ ਸਮੇਂ ਸਿਰ ਹੀ ਵਰਤਾ ਦੇਣਾ ਚਾਹੀਦਾ ਹੈ। ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਲੰਗਰ ਸਾਦਾ ਹੋਵੇ ਅਤੇ ਉਸ ਵਿਚ ਸਮੇਂ ਦੀਆਂ ਘਰੇਲੂ ਪ੍ਰਚੱਲਿਤ ਵੰਨਗੀਆਂ ਹੋਣ।
ਲੰਗਰ ਅਤਿ ਪੌਸ਼ਟਿਕ ਹੋਣਾ ਚਾਹੀਦਾ ਹੈ ਅਤੇ ਸਫ਼ਾਈ ਤੇ ਸੰਭਾਲ ਦੇ ਸਥਾਨਕ ਭੋਜਨ ਕਾਨੂੰਨਾਂ ਦੀ ਵੀ ਪਾਲਣਾ ਕੀਤੀ ਜਾਵੇ। ਇਸ ਤਰ੍ਹਾਂ ਕਰਨ ਨਾਲ ਲੰਗਰ ਦੀ ਪਵਿੱਤਰਤਾ ਕਾਇਮ ਰਹੇਗੀ ਅਤੇ ਨਵੀਂ ਪੀੜ੍ਹੀ ਦਾ ਵਿਸ਼ਵਾਸ ਹੋਰ ਵਧੇਗਾ।
ੲੲੲ

Check Also

ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ

ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …