ਯੇਡੀਯੁਰੱਪਾ ਨੇ ਚੁੱਕ ਲਈ ਮੁੱਖ ਮੰਤਰੀ ਅਹੁਦੇ ਦੀ ਸਹੁੰ
ਰਾਜਪਾਲ ਨੇ ਦਿੱਤਾ ਬਹੁਮਤ ਸਾਬਤ ਕਰਨ ਲਈ 15 ਦਿਨ ਦਾ ਵਕਤ, ਭਾਜਪਾ ਨੇ ਕਿਹਾ ਦੋ ਦਿਨ ‘ਚ ਸਾਬਤ ਕਰਾਂਗੇ, ਕਾਂਗਰਸ ਨੇ ਕਿਹਾ ਯੇਡੀਯੁਰੱਪਾ 1 ਦਿਨ ਦੇ ਮੁੱਖ ਮੰਤਰੀ
ਬੰਗਲੌਰ/ਬਿਊਰੋ ਨਿਊਜ਼ :ਕਰਨਾਟਕ ਦੀ ਸੱਤਾ ਲਈ ਜੰਗ ਬੰਗਲੌਰ ਸਥਿਤ ਰਾਜ ਭਵਨ ਹੁੰਦੀ ਹੋਈ ਅੱਧੀ ਰਾਤ ਸੁਪਰੀਮ ਕੋਰਟ ਪਹੁੰਚਣ ਤੋਂ ਬਾਅਦ ਵੀਰਵਾਰ ਨੂੰ ਆਪਣੇ ਅਹੁਦੇ ‘ਤੇ ਕਾਨੂੰਨੀ ਤੇ ਸਿਆਸੀ ਬੇਯਕੀਨੀ ਦੀਆਂ ਲਟਕਦੀਆਂ ਤਲਵਾਰਾਂ ਦੌਰਾਨ ਭਾਜਪਾ ਆਗੂ ਬੀ.ਐਸ. ਯੇਡੀਯੁਰੱਪਾ ਸੂਬੇ ਦੇ 24ਵੇਂ ਮੁੱਖ ਮੰਤਰੀ ਬਣ ਗਏ। ਰਾਤ ਭਰ ਚੱਲੀ ਸੁਣਵਾਈ ਤੋਂ ਬਾਅਦ ਵੀਰਵਾਰ ਸਵੇਰੇ ਸੁਪਰੀਮ ਕੋਰਟ ਨੇ ਭਾਵੇਂ ਯੇਡੀਯੁਰੱਪਾ ਦੀ ਤਾਜਪੋਸ਼ੀ ਰੋਕਣ ਤੋਂ ਨਾਂਹ ਕਰ ਦਿੱਤੀ ਪਰ ਨਾਲ ਹੀ ਸਾਫ਼ ਕਰ ਦਿੱਤਾ ਕਿ ਉਨ੍ਹਾਂ ਦੀ ਹਲਫ਼ਦਾਰੀ ਤੇ ਸਰਕਾਰ ਬਣਾਉਣ ਦੀ ਕਾਰਵਾਈ ਇਸ ਖ਼ਿਲਾਫ਼ ਜੇਡੀ (ਐਸ)-ਕਾਂਗਰਸ ਗੱਠਜੋੜ ਵੱਲੋਂ ਦਾਇਰ ਪਟੀਸ਼ਨ ਦੇ ਅੰਤਿਮ ਨਤੀਜੇ ‘ਤੇ ਨਿਰਭਰ ਕਰੇਗੀ। ਰਾਜਪਾਲ ਨੇ ਯੇਡੀਯੁਰੱਪਾ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ। ਇਸ ਤੋਂ ਬਾਅਦ ਭਾਜਪਾ ਕਹਿਣਾ ਸੀ ਕਿ ਅਸੀਂ ਦੋ ਦਿਨਾਂ ਵਿਚ ਬਹੁਮਤ ਸਾਬਤ ਕਰ ਦਿਆਂਗੇ। ਸੁਪਰੀਮ ਕੋਰਟ ਵੱਲੋਂ ਮਾਮਲੇ ‘ਤੇ ਅਗਲੀ ਸੁਣਵਾਈ ਸ਼ੁੱਕਰਵਾਰ ਨੂੰ ਕੀਤੀ ਜਾਵੇਗੀ। ਇਸੇ ਕਾਰਨ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਯੇਡੀਯੁਰੱਪਾ ਦੀ ਤਾਜਪੋਸ਼ੀ ‘ਤੇ ਤਨਜ਼ ਕਰਦਿਆਂ ਕਿਹਾ ਹੈ ਕਿ ਉਹ ਮਹਿਜ਼ ‘ਇਕ ਦਿਨ ਦੇ ਮੁੱਖ ਮੰਤਰੀ’ ਸਾਬਤ ਹੋਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਚੁਣੌਤੀ ਦਿੱਤੀ ਕਿ ਉਹ ਸ਼ੁੱਕਰਵਾਰ ਤੱਕ ਬਹੁਮਤ ਸਾਬਤ ਕਰ ਕੇ ਦਿਖਾਉਣ। ਕਰਨਾਟਕ ਦੇ ਰਾਜਪਾਲ ਵਜੂਭਾਈ ਵਾਲਾ ਨੇ ਜੇਡੀ (ਐਸ)-ਕਾਂਗਰਸ ਦੇ ਰੋਸ ਮੁਜ਼ਾਹਰਿਆਂ ਦੌਰਾਨ 75 ਸਾਲਾ ਯੇਡੀਯੁਰੱਪਾ ਨੂੰ ਅਹੁਦੇ ਤੇ ਰਾਜ਼ਦਾਰੀ ਦੀ ਸਹੁੰ ਚੁਕਾਈ। ਲਿੰਗਾਇਤ ਆਗੂ ਨੇ ਇਕੱਲਿਆਂ ਹੀ ਸਹੁੰ ਚੁੱਕੀ। ਉਹ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਹਨ, ਜਿਨ੍ਹਾਂ ‘ਮੋਦੀ-ਮੋਦੀ’ ਦੇ ਨਾਅਰਿਆਂ ਦੌਰਾਨ ਰੱਬ ਤੇ ਕਿਸਾਨਾਂ ਦੇ ਨਾਂ ‘ਤੇ ਹਲਫ਼ ਲਿਆ। ਉਂਜ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਹਾਜ਼ਰ ਨਹੀਂ ਸਨ, ਜੋ ਪਿਛਲੇ ਦਿਨੀਂ ਪਾਰਟੀ ਦੇ ਮੁੱਖ ਮੰਤਰੀਆਂ ਦੇ ਹਲਫ਼ਦਾਰੀ ਸਮਾਗਮਾਂ ਵਿੱਚ ਹੁੰਮ-ਹੁਮਾ ਕੇ ਪੁੱਜਦੇ ਰਹੇ ਹਨ। ਸਮਾਗਮ ‘ਚ ਭਾਜਪਾ ਹਾਈ ਕਮਾਂਡ ਦੀ ਨੁਮਾਇੰਦਗੀ ਕੇਂਦਰੀ ਮੰਤਰੀਆਂ ਪ੍ਰਕਾਸ਼ ਜਾਵੜੇਕਰ ਤੇ ਅਨੰਤ ਕੁਮਾਰ ਨੇ ਕੀਤੀ।
ਰਾਜਪਾਲ ਨੇ ਸ੍ਰੀ ਯੇਡੀਯੁਰੱਪਾ ਨੂੰ ਬਹੁਮਤ ਸਾਬਤ ਕਰਨ ਲਈ 15 ਦਿਨਾਂ ਦਾ ਸਮਾਂ ਦਿੱਤਾ ਹੈ। ਅਹੁਦਾ ਸੰਭਾਲਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਯੇਡੀਯੁਰੱਪਾ ਨੇ ਕਿਹਾ, ”ਮੈਨੂੰ ਪੱਕਾ ਭਰੋਸਾ ਹੈ ਕਿ ਮੈਂ ਭਰੋਸੇ ਦਾ ਵੋਟ ਜਿੱਤ ਲਵਾਂਗਾ ਅਤੇ ਮੇਰੇ ਸਰਕਾਰ ਪੰਜ ਸਾਲਾ ਕਾਰਜਕਾਲ ਪੂਰਾ ਕਰੇਗੀ।”ਬਾਅਦ ਵਿੱਚ ਉਨ੍ਹਾਂ ਸੂਬੇ ਦੇ ਸਿਵਲ ਤੇ ਪੁਲੀਸ ਅਧਿਕਾਰੀਆਂ ਦੇ ਵੱਡੀ ਪੱਧਰ ‘ਤੇ ਤਬਾਦਲੇ ਵੀ ਕੀਤੇ।
ਸਹੁੰ ਚੁੱਕ ਸਮਾਗਮ ਮੌਕੇ ਕਾਂਗਰਸ ਤੇ ਜੇਡੀ(ਐਸ) ਆਗੂਆਂ ਨੇ ਸੂਬਾਈ ਸਕੱਤਰੇਤ ‘ਵਿਧਾਨਾ ਸੌਡਾ’ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਰੋਸ ਧਰਨਾ ਦਿੱਤਾ। ਇਸ ਤੋਂ ਪਹਿਲਾਂ ਰਾਜਪਾਲ ਦੇ ਫ਼ੈਸਲੇ ਖ਼ਿਲਾਫ਼ ਜੇਡੀ (ਐਸ)-ਕਾਂਗਰਸ ਵੱਲੋਂ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਦੇ ਤਿੰਨ ਮੈਂਬਰੀ ਬੈਂਚ ਨੇ ਅੱਧੀ ਰਾਤ ਤੋਂ ਬਾਅਦ ਤੜਕੇ 2.11 ਤੋਂ ਸਵੇਰੇ 5.28 ਵਜੇ ਤੱਕ ਸੁਣਵਾਈ ਕੀਤੀ। ਕਾਂਗਰਸੀ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਬੀਤੀ ਰਾਤ ਪਟੀਸ਼ਾਨ ਦਾਇਰ ਕਰ ਕੇ ਮਾਮਲੇ ‘ਤੇ ਫ਼ੌਰੀ ਸੁਣਵਾਈ ਦੀ ਮੰਗ ਕੀਤੀ ਸੀ। ਸਿੰਘਵੀ ਨੇ ਜਸਟਿਸ ਏ.ਕੇ. ਸੀਕਰੀ, ਜਸਟਿਸ ਐਸ.ਏ. ਬੋਬਡੇ ਤੇ ਜਸਟਿਸ ਅਸ਼ੋਕ ਭੂਸ਼ਣ ਦੇ ਬੈਂਚ ਨੂੰ ਅਪੀਲ ਕੀਤੀ ਕਿ ਸ੍ਰੀ ਯੇਡੀਯੁਰੱਪਾ ਦਾ ਹਲਫ਼ਦਾਰੀ ਸਮਾਗਮ ਸ਼ਾਮ 4.30 ਵਜੇ ਤੱਕ ਟਾਲ ਕੇ ਮਾਮਲੇ ਦੀ ਸੁਣਵਾਈ ਅੱਜ ਹੀ ਕੀਤੀ ਜਾਵੇ ਪਰ ਬੈਂਚ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …