Breaking News
Home / ਹਫ਼ਤਾਵਾਰੀ ਫੇਰੀ / ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਸੰਘੀ ਬਜਟ ਵਿਚ ਰੱਖੇ 100 ਕਰੋੜ ਰੁਪਏ

ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਲਾਂਘੇ ਲਈ ਸੰਘੀ ਬਜਟ ਵਿਚ ਰੱਖੇ 100 ਕਰੋੜ ਰੁਪਏ

ਅੰਮ੍ਰਿਤਸਰ/ਬਿਊਰੋ ਨਿਊਜ਼ : ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਵਿਕਾਸ ਲਈ 2019-20 ਦੇ ਸੰਘੀ ਬਜਟ ਵਿਚ 100 ਕਰੋੜ ਰੁਪਏ ਰੱਖੇ ਹਨ। ਇਨ੍ਹਾਂ ਫ਼ੰਡਾਂ ਨੂੰ ਅਗਲੇ ਵਿੱਤੀ ਸਾਲ 2019-20 ਦੌਰਾਨ ਜਨਤਕ ਖੇਤਰ ਵਿਕਾਸ ਪ੍ਰੋਗਰਾਮ (ਪੀ. ਐਸ. ਡੀ. ਪੀ.) ਅਧੀਨ ਸ੍ਰੀ ਕਰਤਾਰਪੁਰ ਸਾਹਿਬ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਤੇ ਭੂਮੀ ਹਾਸਲ ਕਰਨ ਲਈ ਵਰਤਿਆ ਜਾਵੇਗਾ। ਉਕਤ ਫ਼ੰਡਾਂ ਬਾਰੇ ਇਹ ਐਲਾਨ ਇਮਰਾਨ ਖ਼ਾਨ ਦੀ ਸਰਕਾਰ ਵਲੋਂ ਪਾਕਿ ਦੀ ਕੌਮੀ ਅਸੈਂਬਲੀ ਵਿਚ ਆਪਣੇ ਪਹਿਲੇ ਪੇਸ਼ ਕੀਤੇ ਗਏ ਬਜਟ ਦੌਰਾਨ ਕੀਤਾ ਗਿਆ। ਪਾਕਿਸਤਾਨ ਯੋਜਨਾ ਕਮਿਸ਼ਨ, ਯੋਜਨਾ, ਵਿਕਾਸ ਤੇ ਸੁਧਾਰ ਮੰਤਰਾਲਾ ਵਲੋਂ ਜਾਰੀ ਅੰਕੜਿਆਂ ਅਨੁਸਾਰ ਪ੍ਰਾਜੈਕਟ ਦੀ ਅੰਦਾਜ਼ਨ ਲਾਗਤ 300 ਕਰੋੜ ਰੁਪਏ ਹੈ, ਜੋ ਕਿ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਤੇ ਇੰਟਰਫੇਥ ਸੁਮੇਲ ਦੀ ਮਾਰਫ਼ਤ ਖ਼ਰਚ ਕੀਤੇ ਜਾਣੇ ਹਨ। ਦੱਸਣਯੋਗ ਹੈ ਕਿ ਉਕਤ ਫੰਡ ਵਿਚੋਂ ਪਾਕਿਸਤਾਨ ਦੀ ਸੰਘੀ ਜਾਂਚ ਏਜੰਸੀ (ਐਫ. ਆਈ. ਏ.) ਨੂੰ ਸ੍ਰੀ ਕਰਤਾਰਪੁਰ ਲਾਂਘੇ ਵਿਖੇ ਇਮੀਗ੍ਰੇਸ਼ਨ ਸਬੰਧੀ ਸੇਵਾਵਾਂ ਦੇਣ ਲਈ ਸਰਕਾਰ ਵਲੋਂ 53 ਕਰੋੜ 94 ਲੱਖ 15 ਹਜ਼ਾਰ 623 ਰੁਪਏ (ਭਾਰਤੀ ਕਰੰਸੀ ਮੁਤਾਬਿਕ 24.82 ਕਰੋੜ ਰੁਪਏ) ਦੇ ਫ਼ੰਡ ਨਵੰਬਰ 2019 ਤੋਂ ਪਹਿਲਾਂ-ਪਹਿਲਾਂ ਜਾਰੀ ਕੀਤੇ ਜਾਣੇ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਾਕਿ ਦੀ ਫ਼ਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ (ਐਫ. ਡਬਲਿਊ. ਓ.) ਨੇ ਸ੍ਰੀ ਕਰਤਾਰਪੁਰ ਲਾਂਘਾ ਪ੍ਰੋਜੈਕਟ ਲਈ ਹੋਰ 622 ਏਕੜ ਜ਼ਮੀਨ ਹਾਸਲ ਕਰਨ ਦੀ ਯੋਜਨਾ ਬਣਾਈ ਹੈ। ਐਫ. ਡਬਲਿਊ. ਓ. ‘ਡਿਵੈਲਪਮੈਂਟ ਆਫ਼ ਕਰਤਾਰਪੁਰ ਕੋਰੀਡੋਰ’ ਪ੍ਰਾਜੈਕਟ ਅਧੀਨ ਉਸਾਰੇ ਜਾ ਰਹੇ ਲਾਂਘੇ ਲਈ ਪਹਿਲਾਂ ਵੀ ਨਾਲ ਲਗਦੇ ਪਿੰਡਾਂ ਦੀ ਕਾਫ਼ੀ ਜ਼ਮੀਨ ਹਾਸਲ ਕਰ ਚੁੱਕਾ ਹੈ। ਉਕਤ ਭੂਮੀ ਵਿਚੋਂ 408 ਏਕੜ ਜ਼ਮੀਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੇ 214 ਏਕੜ ਜ਼ਮੀਨ ਸੜਕਾਂ ਦੇ ਨਿਰਮਾਣ, ਪਾਰਕਿੰਗ ਤੇ ਬਾਰਡਰ ਟਰਮੀਨਲ ਲਈ ਵਰਤੋਂ ਵਿਚ ਲਿਆਂਦੀ ਜਾਵੇਗੀ, ਜਦਕਿ ਉਕਤ ਜ਼ਮੀਨ ਦੇ ਇਲਾਵਾ ਅਜੇ 871 ਏਕੜ ਜ਼ਮੀਨ ਭਵਿੱਖ ਦੇ ਹੋਰਨਾਂ ਪ੍ਰੋਜੈਕਟਾਂ ਲਈ ਲੋੜੀਂਦੀ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਵਲੋਂ ਲਾਂਘੇ ਦੀ 75 ਫ਼ੀਸਦੀ ਤੇ ਦਰਿਆ ਰਾਵੀ ‘ਤੇ ਪੁਲ ਦੀ ਲਗਪਗ ਸਾਰੀ ਉਸਾਰੀ ਮੁਕੰਮਲ ਕਰ ਲਈ ਗਈ ਹੈ ਤੇ ਪਾਕਿ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਉਸਾਰੇ ਜਾਣ ਵਾਲੇ ਹੋਟਲਾਂ ਤੇ ਸਰਾਵਾਂ ਲਈ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਨੂੰ ਨਿਵੇਸ਼ ਕਰਨ ਲਈ ਕਿਹਾ ਹੈ।

Check Also

ਕੈਨੇਡਾ ‘ਚ ਪੱਕੇ ਹੋਣ ਦਾ LMIA ਵਾਲਾ ਰਾਹ ਵੀ ਹੋਵੇਗਾ ਬੰਦ

ਪੱਕੀ ਰਿਹਾਇਸ਼ ਲਈ LMIA ਦੀ ਵੱਡੇ ਪੱਧਰ ‘ਤੇ ਹੋ ਰਹੀ ਦੁਰਵਰਤੋਂ : ਮਾਰਕ ਮਿੱਲਰ ਟੋਰਾਂਟੋ/ਬਿਊਰੋ …