Breaking News
Home / Special Story / ਗਰੀਬ ਬੱਚਿਆਂ ਤੋਂ ਸਕੂਲੀ ਛੁੱਟੀਆਂ ਦੀਆਂ ਖੁਸ਼ੀਆਂ ਹੋਈਆਂ ਦੂਰ

ਗਰੀਬ ਬੱਚਿਆਂ ਤੋਂ ਸਕੂਲੀ ਛੁੱਟੀਆਂ ਦੀਆਂ ਖੁਸ਼ੀਆਂ ਹੋਈਆਂ ਦੂਰ

ਗਰੀਬ ਘਰਾਂ ਦੀਆਂ ਬੱਚੀਆਂ ਆਪਣੀਆਂ ਛੁੱਟੀਆਂ ਮਾਤਾ-ਪਿਤਾ ਨਾਲ ਕੰਮ ਕਰ ਕੇ ਬਿਤਾਉਣਗੀਆਂ
ਸੰਗਰੂਰ : ਮਹਿੰਗਾਈ ਦੇ ਸਮੇਂ ਵਿੱਚ ਮਾੜੇ ਆਰਥਿਕ ਹਾਲਾਤ ਕਾਰਨ ਗ਼ਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਜਿਥੇ ਸਕੂਲੀ ਛੁੱਟੀਆਂ ਦੀਆਂ ਖੁਸ਼ੀਆਂ ਨੇ ਮੂੰਹ ਫੇਰ ਲਿਆ ਹੈ, ਉਥੇ ਨਾਨਕੇ ਪਿੰਡ ਦੀਆਂ ਰਾਹਾਂ ਵੀ ਕੋਹਾਂ ਦੂਰ ਕਰ ਦਿੱਤੀਆਂ ਹਨ। ਸਕੂਲਾਂ ਵਿਚ ਛੁੱਟੀਆਂ ਹੁੰਦੇ ਸਾਰ ਬੱਚਿਆਂ ਵਿਚ ਨਾਨਕੇ ਜਾਣ ਦਾ ਚਾਅ ਹੁੰਦਾ ਸੀ ਪਰ ਸਮੇਂ ਦੀ ਚਾਲ ਦੇ ਨਾਲ-ਨਾਲ ਰਿਸ਼ਤਿਆਂ ਦੀ ਸਾਂਝ ਉਪਰ ਖੁਦਗਰਜ਼ੀ ਭਾਰੂ ਪੈ ਚੁੱਕੀ ਹੈ। ਜਿਹੜੇ ਦਲਿਤ ਪਰਿਵਾਰਾਂ ਦਾ ਗੁਜ਼ਾਰਾ ਹੀ ਮਜ਼ਦੂਰੀ ‘ਤੇ ਨਿਰਭਰ ਹੋਵੇ, ਉਨ੍ਹਾਂ ਦੇ ਬੱਚਿਆਂ ਨੂੰ ਛੁੱਟੀਆਂ ਵਿਚ ਘੁੰਮਣ ਘੁਮਾਉਣ ਦੀਆਂ ਖੁਸ਼ੀਆਂ ਨਸੀਬ ਨਹੀਂ ਹੁੰਦੀਆਂ। ਗ਼ਰੀਬ ਘਰਾਂ ਦੀਆਂ ਸਕੂਲ ਪੜ੍ਹਦੀਆਂ ਬੱਚੀਆਂ ਆਪਣੀਆਂ ਛੁੱਟੀਆਂ ਮਾਤਾ-ਪਿਤਾ ਨਾਲ ਝੋਨਾ ਲਾਉਣ ਲਈ ਬਿਤਾਉਣਗੀਆਂ। ਪਿੰਡ ਫਤਹਿਗੜ੍ਹ ਛੰਨਾ ਦੇ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਤਿੰਨ ਹੋਣਹਾਰ ਨਾਬਾਲਗ ਲੜਕੀਆਂ ਗਰਮੀਆਂ ਦੀਆਂ ਛੁੱਟੀਆਂ ਵਿਚ ਕਿਸੇ ਰਿਸ਼ਤੇਦਾਰੀ ਵਿਚ ਛੁੱਟੀਆਂ ਬਿਤਾਉਣ ਨਾਲੋਂ ਮਾਤਾ-ਪਿਤਾ ਨਾਲ ਝੋਨਾ ਲਗਾਉਣਗੀਆਂ। ਪਿਤਾ ਪੱਲੇਦਾਰ ਹੈ ਤੇ ਮਾਤਾ ਘਰੇਲੂ ਕੰਮਕਾਰ ਕਰਦੀ ਹੈ। ਤਿੰਨੋਂ ਲੜਕੀਆਂ ਵਿਚੋਂ 17 ਸਾਲਾ ਰੀਤੂ ਬਾਰ੍ਹਵੀਂ ਕਲਾਸ ‘ਚ ਮੈਡੀਕਲ ਦੀ ਪੜ੍ਹਾਈ ਕਰ ਰਹੀ ਹੈ, 15 ਸਾਲਾ ਸ਼ਗਨ ਕੌਰ ਦਸਵੀਂ ਕਲਾਸ ਜਦੋਂਕਿ ਛੋਟੀ ਗੀਤਾ ਨੌਵੀਂ ਕਲਾਸ ਵਿਚ ਪੜ੍ਹਦੀ ਹੈ। ਰੀਤੂ ਦਾ ਕਹਿਣਾ ਹੈ ਕਿ ਮਾਤਾ-ਪਿਤਾ ਅਨਪੜ੍ਹ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਮਿਹਨਤ ਮਜ਼ਦੂਰੀ ਕਰ ਕੇ ਪੜ੍ਹਾ ਰਹੇ ਹਨ, ਜਿਸ ਕਰਕੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਛੁੱਟੀਆਂ ਦਾ ਲਾਹਾ ਲੈਂਦਿਆਂ ਆਪਣੇ ਮਾਤਾ-ਪਿਤਾ ਨਾਲ ਕੰਮ ਵਿੱਚ ਹੱਥ ਵਟਾਉਣ। ਰੀਤੂ ਨੇ ਦੱਸਿਆ ਕਿ ਉਹ ਦੋ ਸਾਲ ਤੋਂ ਮਾਤਾ-ਪਿਤਾ ਨਾਲ ਝੋਨਾ ਲਗਾਉਣ ਜਾਂਦੀ ਹੈ। ਸ਼ਗਨ ਨੇ ਪਿਛਲੇ ਸਾਲ ਹੀ ਝੋਨਾ ਲਗਾਉਣਾ ਸ਼ੁਰੂ ਕੀਤਾ ਸੀ ਅਤੇ ਇਸ ਵਾਰ 9 ਸਾਲਾ ਗੀਤਾ ਵੀ ਝੋਨਾ ਲਗਾਉਣ ਲਈ ਪਰਿਵਾਰਕ ਟੀਮ ਵਿਚ ਸ਼ਾਮਲ ਹੋ ਜਾਵੇਗੀ। ਸਕੂਲੀ ਛੁੱਟੀਆਂ ਉਨ੍ਹਾਂ ਦੇ ਪਰਿਵਾਰ ਲਈ ਆਰਥਿਕ ਤੌਰ ‘ਤੇ ਫਾਇਦੇਮੰਦ ਸਾਬਤ ਹੁੰਦੀਆਂ ਹਨ। ਇਕ ਹੋਰ ਦਲਿਤ ਮਜ਼ਦੂਰ ਕੁਲਵੰਤ ਸਿੰਘ ਦੀਆਂ ਦੋ ਧੀਆਂ ਸਕੂਲ ਵਿਚ ਛੁੱਟੀਆਂ ਹੋਣ ਕਾਰਨ ਝੋਨੇ ਦੀ ਲਵਾਈ ਸ਼ੁਰੂ ਹੋਣ ਦੀ ਉਡੀਕ ਕਰ ਰਹੀਆਂ ਹਨ। ਵੱਡੀ ਲੜਕੀ ਸੰਦੀਪ ਕੌਰ ਬਾਰ੍ਹਵੀਂ ਕਲਾਸ ਵਿੱਚ ਪੜ੍ਹਦੀ ਹੈ, ਜਿਸ ਨੇ ਪਿਛਲੇ ਸਾਲ ਵੀ ਮਾਤਾ-ਪਿਤਾ ਨਾਲ ਝੋਨਾ ਲਾਇਆ ਸੀ ਜਦੋਂ ਕਿ 7ਵੀਂ ਵਿਚ ਪੜ੍ਹਦੀ ਜਸ਼ਨ ਕੌਰ ਇਸ ਵਾਰ ਝੋਨਾ ਲਗਾਉਣਾ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਉਹ ਛੁੱਟੀਆਂ ਵਿਚ ਨਾਨਕੇ ਜਾਂ ਹੋਰ ਕਿਸੇ ਰਿਸ਼ਤੇਦਾਰੀ ਵਿਚ ਨਹੀਂ ਜਾਂਦੀਆਂ ਸਗੋਂ ਮਾਤਾ-ਪਿਤਾ ਨਾਲ ਝੋਨਾ ਲਾਉਂਦੀਆਂ ਹਨ। ਸਕੂਲ ਵਿਚ ਛੁੱਟੀਆਂ ਹੋਣ ਕਾਰਨ ਆਪਣੀ ਮਾਤਾ ਨਾਲ ਹੱਥ ਵਟਾਉਣ ਵਿਚ ਲੱਗਿਆ ਚੌਥੀ ਕਲਾਸ ‘ਚ ਪੜ੍ਹਦਾ ਜਸਕਰਨ ਸਿੰਘ ਰਿਕਸ਼ਾ ਰੇਹੜੀ ਚਲਾ ਕੇ ਪਸ਼ੂਆਂ ਲਈ ਘਰ ਪਰਾਲੀ ਢੋਅ ਰਿਹਾ ਸੀ। ਪਿਤਾ ਫੈਕਟਰੀ ‘ਚ ਮਜ਼ਦੂਰੀ ਕਰਦਾ ਹੈ ਜਦੋਂ ਕਿ ਮਾਤਾ ਘਰ ਵਿਚ ਪਸ਼ੂਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਂਦੀ ਹੈ, ਜਿਸ ਕੋਲ ਬੱਚਿਆਂ ਨੂੰ ਨਾਨਕੇ ਜਾਂ ਕਿਸੇ ਹੋਰ ਰਿਸ਼ਤੇਦਾਰੀ ਵਿਚ ਲਿਜਾਣ ਲਈ ਕੰਮ ਤੋਂ ਵਿਹਲ ਹੀ ਨਹੀਂ ਹੈ।ਪਿੰਡ ਵਿਚ 9ਵੀਂ ਕਲਾਸ ‘ਚ ਪੜ੍ਹਦਾ ਗੁਰਪ੍ਰੀਤ ਸਿੰਘ ਅਤੇ 7ਵੀਂ ਵਿਚ ਪੜ੍ਹਦਾ ਰਮਨਦੀਪ ਸਿੰਘ ਆਪਣੇ ਚਾਚੇ ਦੇ ਬਣ ਰਹੇ ਨਵੇਂ ਮਕਾਨ ‘ਚ ਇੱਟਾਂ ਫੜਾਉਣ ਦੇ ਕੰਮ ਵਿਚ ਰੁੱਝੇ ਹੋਏ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਛੁੱਟੀਆਂ ਵਿਚ ਘੁੰਮਣ ਜਾਣ ਲਈ ਦਿਲ ਤਾਂ ਬਥੇਰਾ ਕਰਦਾ ਹੈ ਪਰ ਘਰ ਦੇ ਹਾਲਾਤ ਰਾਹ ਰੋਕ ਲੈਂਦੇ ਹਨ। ਪਿੰਡ ਬੰਗਾਂਵਾਲੀ ਦੇ 9ਵੀਂ ਕਲਾਸ ਵਿਚ ਪੜ੍ਹਦੇ ਇੱਕ ਲੜਕੇ ਨੇ ਦੱਸਿਆ ਕਿ ਉਸ ਦੀਆਂ ਛੁੱਟੀਆਂ ਤਾਂ ਪਿਤਾ ਦੇ ਨਸ਼ੇ ਦੀ ਭੇਟ ਚੜ੍ਹ ਜਾਂਦੀਆਂ ਹਨ। ਘਰ ਮੱਝਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਉਸ ਨੂੰ ਨਿਭਾਉਣੀ ਪੈਂਦੀ ਹੈ। ਪਿੰਡ ਛੰਨਾ ਦੀਆਂ ਕ੍ਰਮਵਾਰ 7ਵੀਂ ਅਤੇ 6ਵੀਂ ਵਿਚ ਪੜ੍ਹਦੀਆਂ ਦੋ ਲੜਕੀਆਂ ਦਾ ਪਿਤਾ ਭੱਠੇ ‘ਤੇ ਮਜ਼ਦੂਰੀ ਕਰਦਾ ਹੈ ਜਦੋਂਕਿ ਮਾਂ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ ਹੈ। ਛੁੱਟੀਆਂ ਹੋਣ ਕਾਰਨ ਸਕੂਲ ਵਿਚ ਮਿੱਡ-ਡੇਅ ਮੀਲ ਬੰਦ ਹੈ। ਹੁਣ ਘਰ ਵਿਚ ਲੜਕੀਆਂ ਨੂੰ ਦੁਪਹਿਰ ਦਾ ਖਾਣਾ ਵੀ ਬਣਾਉਣਾ ਪੈਂਦਾ ਹੈ। ਦੋਵੇਂ ਭੈਣਾਂ ਮਾਤਾ-ਪਿਤਾ ਨਾਲ ਝੋਨੇ ਦੀ ਲਵਾਈ ਵਿਚ ਜੁਟ ਜਾਣਗੀਆਂ। ਅਜਿਹੇ ਹਾਲਾਤ ਦੇ ਮੱਦੇਨਜ਼ਰ ਸਮੇਂ ਦੀਆਂ ਸਰਕਾਰਾਂ ਨੂੰ ‘ਮੁੱਖ ਮੰਤਰੀ ਤੀਰਥ ਯਾਤਰਾ’ ਵਾਂਗ ਬੱਚਿਆਂ ਲਈ ਮੁਫ਼ਤ ਯਾਤਰਾ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਛੁੱਟੀਆਂ ਦੀਆਂ ਖੁਸ਼ੀਆਂ ਨਸੀਬ ਹੋ ਸਕਣ।
ਅਮੀਰਾਂ ਦੇ ਬੱਚਿਆਂ ਨੂੰ ਸਕੂਲੀ ਛੁੱਟੀਆਂ ਦਾ ਚਾਅ
ਫਾਜ਼ਿਲਕਾ : ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਇਲਾਵਾ ਸੂਬੇ ਵਿਚ ਸੀਬੀਐੱਸਈ ਅਤੇ ਆਈਸੀਐੱਸਈ ਬੋਰਡ ਵੱਲੋਂ ਜੂਨ ਦੇ ਪਹਿਲੇ ਹਫ਼ਤੇ ਗਰਮੀ ਦੀਆਂ ਛੁੱਟੀਆਂ ਕਰ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਛੁੱਟੀਆਂ ਦੌਰਾਨ ਵੱਡਿਆਂ ਘਰਾਂ ਦੇ ਬੱਚਿਆਂ ਨੇ ਜਿੱਥੇ ਆਪਣੇ ਮਾਪਿਆਂ ਨਾਲ ਠੰਢੀਆਂ ਥਾਵਾਂ ‘ਤੇ ਜਾਣ ਜਾਂ ਪਿਕਨਿਕ ਮਨਾਉਣ ਦੇ ਪ੍ਰੋਗਰਾਮ ਬਣਾਏ ਹੋਏ ਹਨ, ਉੱਥੇ ਹੀ ਗ਼ਰੀਬ ਪਰਿਵਾਰਾਂ ਦੇ ਬੱਚੇ ਅਤਿ ਦੀ ਗਰਮੀ ਵਿਚ ਵੀ ਮਜ਼ਦੂਰੀ ਕਰਨ ਲਈ ਮਜਬੂਰ ਹਨ।
ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਘੁਬਾਇਆ ਦੇ ਅੱਠਵੀਂ ਅਤੇ ਨੌਵੀਂ ਜਮਾਤ ਵਿਚ ਪੜ੍ਹ ਰਹੇ ਦੋ ਭਰਾ ਅਮਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਗਰਮੀ ਦੀਆਂ ਛੁੱਟੀਆਂ ਵਿਚ ਆਪਣੇ ਮਾਪਿਆਂ ਨਾਲ ਭੱਠੇ ‘ਤੇ ਕੰਮ ਕਰ ਕੇ ਉਨ੍ਹਾਂ ਦਾ ਹੱਥ ਵਟਾ ਰਹੇ ਹਨ। ਗਰਮੀ ਦੀਆਂ ਛੁੱਟੀਆਂ ਮਨਾਉਣ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਇਕ ਹੀ ਮਕਾਨ ਹੈ, ਜੋ ਕੱਚੀਆਂ ਇੱਟਾਂ ਦਾ ਹੈ। ਉਹ ਚਾਹੁੰਦੇ ਹਨ ਕਿ ਸਾਰਾ ਟੱਬਰ ਇਕੱਠਿਆਂ ਮਜ਼ਦੂਰੀ ਕਰ ਕੇ ਪੱਕਾ ਮਕਾਨ ਬਣਾ ਲਵੇ। ਇਸ ਲਈ ਉਹ ਆਪਣੇ ਮਾਪਿਆਂ ਦਾ ਹੱਥ ਵਟਾ ਕੇ ਤੇ ਮਜ਼ਦੂਰੀ ਕਰ ਕੇ ਪੈਸੇ ਇਕੱਠੇ ਕਰ ਰਹੇ ਹਨ। ਇਸੇ ਦੌਰਾਨ ਉਹ ਸਕੂਲ ਦੀ ਫ਼ੀਸ ਵੀ ਜੋੜ ਲੈਣਗੇ।
ਇਸੇ ਤਰ੍ਹਾਂ ਪਿੰਡ ਹਿਸਾਨ ਵਾਲੇ ਦਾ ਗਿਆਰ੍ਹਵੀਂ ਜਮਾਤ ਵਿਚ ਪੜ੍ਹ ਰਿਹਾ ਵਿਕਰਮ ਸਿੰਘ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਕਰ ਰਿਹਾ ਹੈ। ਗਰਮੀ ਦੀਆਂ ਛੁੱਟੀਆਂ ਮਨਾਉਣ ਬਾਰੇ ਉਸ ਦਾ ਕਹਿਣਾ ਸੀ, ”ਮੈਂ ਛੁੱਟੀਆਂ ਵਿਚ ਮਿਲੇ ਵਿਹਲੇ ਦਿਨ ਗਵਾਉਣਾ ਨਹੀਂ ਚਾਹੁੰਦਾ। ਮੈਂ ਪੜ੍ਹਾਈ ਤੇ ਹੋਰ ਖਰਚ ਲਈ ਪੈਸੇ ਇਕੱਠੇ ਕਰਾਂਗਾ ਤਾਂ ਕਿ ਮੈਂ ਸੌਖੀ ਪੜ੍ਹਾਈ ਕਰ ਸਕਾਂ।’ ਪਿੰਡ ਪਾਲੀਵਾਲਾ ਦਾ ਦਸਵੀਂ ਜਮਾਤ ਵਿਚ ਪੜ੍ਹਦਾ ਰਾਜਕਿੰਦਰ ਪੁੱਤਰ ਮੁਖ਼ਤਿਆਰ ਸਿੰਘ ਗਰਮੀ ਦੀਆਂ ਛੁੱਟੀਆਂ ਵਿਚ ਮੌਜ ਮਨਾਉਣ ਦੀ ਥਾਂ ਸਖ਼ਤ ਮਿਹਨਤ ਕਰ ਕੇ ਨਹਿਰ ਦੀ ਸਫ਼ਾਈ ਕਰ ਕੇ ਮਜ਼ਦੂਰੀ ਕਰਨ ਲਈ ਮਜਬੂਰ ਹੈ। ਉਸ ਨੇ ਕਿਹਾ ਕਿ ਉਸ ਦਾ ਪਿਤਾ ਵੀ ਦਿਹਾੜੀ ਕਰਦਾ ਹੈ। ਉਹ ਉਸ ਦਾ ਹੱਥ ਵਟਾਉਣ ਲਈ ਸਕੂਲ ਦੀਆਂ ਛੁੱਟੀਆਂ ਵਿਚ ਨਹਿਰ ਦੇ ਕੰਮ ‘ਤੇ ਲੱਗਿਆ ਹੋਇਆ ਹੈ।
ਪਿੰਡ ਢਾਬ ਖੁਸ਼ਹਾਲ ਜੋਇਆ ਦੇ ਗਿਆਰ੍ਹਵੀਂ ਵਿਚ ਪੜ੍ਹਦੇ ਜਸਪ੍ਰੀਤ ਦੇ ਮਾਪੇ ਜਿੱਥੇ ਝੋਨਾ ਲਾਉਣ ਜਾਂਦੇ ਹਨ, ਉੱਥੇ ਹੀ ਉਹ ਹੁਣ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਰਾਜ ਮਿਸਤਰੀਆਂ ਨਾਲ ਮਜ਼ਦੂਰੀ ਕਰਨ ਲਈ ਮਜਬੂਰ ਹੈ। ਜਸਪ੍ਰੀਤ ਦਾ ਕਹਿਣਾ ਹੈ ਕਿ ਉਸ ਦੀ ਭੈਣ ਬਾਰਾਂ ਜਮਾਤਾਂ ਪਾਸ ਕਰ ਚੁੱਕੀ ਹੈ। ਉਸ ਦੀ ਅਗਲੀ ਪੜ੍ਹਾਈ ਅਤੇ ਵਿਆਹ ਦੇ ਫ਼ਿਕਰ ਕਾਰਨ ਹੁਣ ਤੋਂ ਹੀ ਉਨ੍ਹਾਂ ਨੂੰ ਪੈਸੇ ਇਕੱਠੇ ਕਰਨੇ ਪੈ ਰਹੇ ਹਨ। ਇਸ ਲਈ ਛੁੱਟੀਆਂ ਮਨਾਉਣ ਨਾਲੋਂ ਚੰਗਾ ਹੈ ਕਿ ਉਹ ਮਜ਼ਦੂਰੀ ਕਰ ਕੇ ਕੁਝ ਇਕੱਠੇ ਕਰ ਲਵੇ। ਸਰਹੱਦ ਨੇੜਲੇ ਪਿੰਡ ਝੰਗੜ ਭੈਣੀ ਦੀ ਅੱਠਵੀਂ ਜਮਾਤ ਵਿਚ ਪੜ੍ਹ ਰਹੀ ਨਿਰਮਲਾ ਰਾਣੀ ਨੇ ਕਿਹਾ ਕਿ ਉਹ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਆਪਣੇ ਮਾਪਿਆਂ ਨਾਲ ਝੋਨਾ ਲਵਾਉਂਦੀ ਹੈ ਅਤੇ ਆਪਣੇ ਕੱਪੜਿਆਂ ਅਤੇ ਪੜ੍ਹਾਈ ਲਈ ਪੈਸੇ ਇਕੱਠੇ ਕਰਦੀ ਹੈ। ਇਸ ਨਾਲ ਮਾਪਿਆਂ ਦੀ ਵੀ ਮੱਦਦ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਕੋਲ ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਛੋਟੀਆਂ ਜਮਾਤਾਂ ਵਿਚ ਪੜ੍ਹਦੇ ਬੱਚਿਆਂ ਲਈ ਸਕੂਲਾਂ ਵਿਚ ਗਰਮੀਆਂ ਦੀਆਂ ਹੋਈਆਂ ਛੁੱਟੀਆਂ ਸਭ ਤੋਂ ਵੱਡੀ ਖ਼ੁਸ਼ੀ ਅਤੇ ਆਜ਼ਾਦੀ ਦੀ ਗੱਲ ਜਾਪਦੀਆਂ ਹਨ। ਸ਼ਹਿਰ ਦੇ ਮੁਹੱਲਿਆਂ ਅਤੇ ਪਿੰਡਾਂ ਦੀਆਂ ਗਲੀਆਂ ਵਿਚ ਖੇਡ ਰਹੇ ਨੰਨ੍ਹੇ-ਮੁੰਨੇ, ਜਿਨ੍ਹਾਂ ਦਾ ਬਚਪਨ ਸਕੂਲਾਂ ਵਿਚ ਬਸਤਿਆਂ ਦੇ ਭਾਰ ਹੇਠ ਦੱਬਿਆ ਗਿਆ ਹੈ, ਹੁਣ ਛੁੱਟੀਆਂ ਵਿਚ ਆਜ਼ਾਦੀ ਮਾਣ ਰਹੇ ਹਨ। ਉਹ ਅਤਿ ਦੀ ਗਰਮੀ ਦੇ ਬਾਵਜੂਦ ਮਿੱਟੀ ਘੱਟੇ ਦੀ ਪ੍ਰਵਾਹ ਕੀਤੇ ਬਿਨਾ ਗਲੀਆਂ ਵਿਚ ਖੇਡਦੇ ਦਿਖਾਈ ਦਿੰਦੇ ਹਨ।
ਬਾਲ ਵਰਕਸ਼ਾਪਾਂ ‘ਚ ਹੀ ਨਾਨਕਿਆਂ ਦਾ ਨਿੱਘ ਮਾਣਨ ਦਾ ਯਤਨ
ਚੰਡੀਗੜ੍ਹ : ਚੰਡੀਗੜ੍ਹ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਸਕੂਲਾਂ ਦੇ ਬੱਚਿਆਂ ਵਿਚੋਂ ਕੁਝ ਤਾਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੌਮਾਂਤਰੀ ਸਟੱਡੀ ਟੂਰ ਦੇ ਨਾਮ ਹੇਠ ਹਵਾਈ ਜਹਾਜ਼ਾਂ ਦੇ ਝੂਟੇ ਲੈਂਦੇ ਹਨ ਅਤੇ ਕਈ ਬੱਚੇ ਗਰਮੀ ਦੀ ਤਪਸ਼ ਨਾਲ ਤਪੀਆਂ ਆਪਣੀਆਂ ਝੁੱਗੀਆਂ ਜਾਂ ਘਰਾਂ ਦਾ ਸੇਕ ਝੱਲਣ ਲਈ ਮਜਬੂਰ ਹਨ।
ਮੱਧ ਵਰਗ ਨਾਲ ਸਬੰਧਤ ਬੱਚੇ ਛੁੱਟੀਆਂ ਦੌਰਾਨ ਇਥੇ ਲੱਗਦੀਆਂ ‘ਬਾਲ ਵਰਕਸ਼ਾਪਾਂ’ ਵਿੱਚ ਹੀ ਆਪਣੇ ਨਾਨਕਿਆਂ ਦਾ ਨਿੱਘ ਮਾਣਨ ਦਾ ਯਤਨ ਕਰਦੇ ਹਨ। ਚੰਡੀਗੜ੍ਹ ਵਿੱਚ ਕਾਨਵੈਂਟ, ਪ੍ਰਾਈਵੇਟ ਅਤੇ ਸਰਕਾਰੀ ਸਕੂਲ ਹਨ। ਜਿਥੋਂ ਤਕ ਕਾਨਵੈਂਟ ਸਕੂਲਾਂ ਦੀ ਗੱਲ ਹੈ, ਇਨ੍ਹਾਂ ਸਕੂਲਾਂ ਦੇ ਬੱਚਿਆਂ ਨੂੰ ਛੁੱਟੀਆਂ ਵਿੱਚ ਮਹਿੰਗੇ ਕੌਮਾਂਤਰੀ ਟੂਰ ਲਵਾਏ ਜਾਂਦੇ ਹਨ।
ਖਾਸ ਕਰ ਕੇ ਦਿੱਲੀ ਪਬਲਿਕ ਸਕੂਲ (ਡੀਪੀਐੱਸ) ਵੱਲੋਂ ਬੱਚਿਆਂ ਨੂੰ ਨੈਸ਼ਨਲ ਐਰੋਨੌਟਿਕਸ ਐਂਡ ਸਪੇਸ ਐਡਮਨਿਸਟਰੇਸ਼ਟਨ (ਨਾਸਾ) ਵਾਸ਼ਿੰਗਟਨ (ਅਮਰੀਕਾ) ਦੇ ਸਟੱਡੀ ਟੂਰ ਵੀ ਲਵਾਏ ਜਾਂਦੇ ਹਨ। ਇਸ ਤੋਂ ਇਲਾਵਾ ਕਈ ਹੋਰ ਕਾਨਵੈਂਟ ਸਕੂਲ ਵੀ ਸਟੱਡੀ ਟੂਰ ਦੇ ਰੂਪ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਗੇੜੀਆਂ ਲਵਾਉਂਦੇ ਹਨ, ਜਿਸ ਦਾ ਖਰਚਾ ਬੱਚਿਆਂ ਦੇ ਮਾਪਿਆਂ ਨੂੰ ਕਰਨਾ ਪੈਂਦਾ ਹੈ। ਕਈ ਕਾਨਵੈਂਟ ਸਕੂਲ ਛੁੱਟੀਆਂ ਵਿਚ ਆਪਣੇ ਸਕੂਲਾਂ ਵਿਚ ਹੀ ਕੋਚਾਂ ਦੇ ਪ੍ਰਬੰਧ ਕਰਕੇ ‘ਗੇਮਜ਼ ਕੈਂਪ’ ਲਗਵਾਉਂਦੇ ਹਨ। ਜਿਨ੍ਹਾਂ ਵਿੱਚ ਬੱਚਿਆਂ ਨੂੰ ਲਾਅਨ ਟੈਨਿਸ, ਬਾਸਕਟਬਾਲ, ਬੈਡਮਿੰਟਨ ਆਦਿ ਖੇਡਾਂ ਕਰਵਾਈਆਂ ਜਾਂਦੀਆਂ ਹਨ, ਜੋ ਬੱਚਿਆਂ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ। ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਵਿੱਚ ਬੱਚਿਆਂ ਲਈ ਨਾ-ਮਾਤਰ ਹੀ ਸਰਗਰਮੀਆਂ ਹੁੰਦੀਆਂ ਹਨ। ਪੰਜਾਬ ਭਰ ਵਿਚ 3564 ਪ੍ਰਾਇਮਰੀ ਅਤੇ 2354 ਅਪਰ ਪ੍ਰਾਇਮਰੀ ਸਕੂਲਾਂ ਵਿਚ ਸਵੈ-ਇੱਛਾ ਨਾਲ ਸਮਰ ਕੈਂਪ ਚੱਲ ਰਹੇ ਹਨ। ਇਨ੍ਹਾਂ ਵਿਚ ਸੁੰਦਰ ਲਿਖਾਈ, ਕਵਿਤਾ ਤੇ ਪੇਂਟਿੰਗ ਦੇ ਮੁਕਾਬਲਿਆਂ ਸਮੇਤ ਚਾਰਟ ਬਣਾਉਣ ਦੇ ਨਾਲ ਵਰਕਿੰਗ ਮਾਡਲ ਬਣਾਉਣ ਦੀ ਰੁਚੀ ਵੀ ਬੱਚਿਆਂ ਵਿਚ ਪੈਦਾ ਕੀਤੀ ਜਾ ਰਹੀ ਹੈ। ਕੈਂਪਾਂ ਵਿਚ ਪੰਜਾਬੀ ਸਭਿਆਚਾਰ ਵਿਚੋਂ ਵਿਸਰ ਰਹੀਆਂ ਲੋਕ ਖੇਡਾਂ ਸਮੇਤ ਆਧੁਨਿਕ ਖੇਡਾਂ ਵੀ ਕਰਵਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਟਰੈਫਿਕ ਨਿਯਮਾਂ ਆਦਿ ਬਾਰੇ ਵੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਚੰਡੀਗੜ੍ਹ ਵਿਚ ਨਾਚ, ਲੋਕ ਗੀਤ, ਪੇਂਟਿੰਗ, ਥੀਏਟਰ ਆਦਿ ਦੀਆਂ ‘ਸਮਰ ਵਰਕਸ਼ਾਪਾਂ’ ਵੱਡੇ ਪੱਧਰ ‘ਤੇ ਲੱਗਦੀਆਂ ਹਨ। ਦਰਅਸਲ ਇਹ ਵਰਕਸ਼ਾਪਾਂ ਹੀ ਬੱਚਿਆਂ ਦੇ ਨਾਨਕਿਆਂ ਦਾ ਰੋਲ ਨਿਭਾਉਂਦੀਆਂ ਹਨ ਕਿਉਂਕਿ ਹੁਣ ਛੁੱਟੀਆਂ ਵਿਚ ਨਾਨਕੇ ਜਾਣ ਦੀ ਰੀਤ ਖ਼ਤਮ ਹੋ ਗਈ ਹੈ। ਅਸਲ ਵਿਚ ਛੋਟੇ ਪਰਿਵਾਰ ਹੋਣ ਅਤੇ ਰਿਸ਼ਤੇਦਾਰੀਆਂ ਦੀ ਥਾਂ ਮੋਬਾਈਲ ਫੋਨ, ਕੰਪਿਊਟਰਾਂ ਤੇ ਸੋਸ਼ਲ ਮੀਡੀਆ ਨਾਲ ਲਗਾਅ ਵਧਣ ਅਤੇ ਇਕੱਲੇ ਰਹਿਣ ਦੀ ਬਿਰਤੀ ਭਾਰੂ ਹੋਣ ਕਾਰਨ ਨਾਨਕਿਆਂ ਦੀ ਹੋਂਦ ਹੀ ਖ਼ਤਮ ਹੁੰਦੀ ਜਾ ਰਹੀ ਹੈ। ਚੰਡੀਗੜ੍ਹ ਵਿਚਲੇ ਨੌਕਰੀਪੇਸ਼ਾ ਲੋਕਾਂ ਲਈ ਵੀ ਵਰਕਸ਼ਾਪਾਂ ਹਰੇਕ ਵਰ੍ਹੇ ਛੁੱਟੀਆਂ ਮੌਕੇ ਵਰਦਾਨ ਸਾਬਤ ਹੁੰਦੀਆਂ ਹਨ ਕਿਉਂਕਿ ਮਾਪਿਆਂ ਵੱਲੋਂ ਦਫ਼ਤਰਾਂ ਵਿਚੋਂ ਛੁੱਟੀਆਂ ਕਰਨ ਦੇ ਅਸਮਰਥ ਹੋਣ ਕਾਰਨ ਉਨ੍ਹਾਂ ਨੂੰ ਵਰਕਸ਼ਾਪਾਂ ਬੱਚਿਆਂ ਦੀ ਠਾਹਰ ਦਾ ਸਬੱਬ ਬਣਦੀਆਂ ਹਨ।
ਪੰਜਾਬ ਸੰਗੀਤ ਨਾਟਕ ਅਕਾਦਮੀ ਵੱਲੋਂ ਹਰੇਕ ਸਾਲ ਨਾਚ ਤੇ ਮਹਿਲਾਵਾਂ ਦੇ ਲੋਕ ਗੀਤਾਂ ਦੀਆਂ ਵਰਕਸ਼ਾਪਾਂ ਲਾ ਕੇ ਬੱਚਿਆਂ ਦੀਆਂ ਛੁੱਟੀਆਂ ਸਾਰਥਕ ਕੀਤੀਆਂ ਜਾ ਰਹੀਆਂ ਹਨ। ਪੰਜਾਬ ਕਲਾ ਭਵਨ ਸੈਕਟਰ 16 ਵਿੱਚ ਵਰਕਸ਼ਾਪ ਚਲਾ ਰਹੇ ਅਕਾਦਮੀ ਦੇ ਸਕੱਤਰ ਪ੍ਰੀਤਮ ਰੁਪਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬੱਚਿਆਂ ਨੂੰ ਲੋਕ ਨਾਚਾਂ ਝੂਮਰ, ਭੰਗੜਾ, ਸੰਮੀ, ਲੁੱਡੀ ਆਦਿ ਨਾਚ ਸਿਖਾਏ ਜਾਂਦੇ ਹਨ। ਵਰਕਸ਼ਾਪ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਬੱਚੇ ਅਤੇ ਮਾਪੇ ਦੋਵੇਂ ਭਾਗ ਲੈ ਸਕਦੇ ਹਨ। ਸ੍ਰੀ ਰੁਪਾਲ ਅਨੁਸਾਰ ਅਕਾਦਮੀ ਵੱਲੋਂ ਵਿਸ਼ੇਸ਼ ਕਰਕੇ ਮਹਿਲਾਵਾਂ ਦੇ ਰਵਾਇਤੀ ਲੋਕ ਗੀਤ, ਘੋੜੀਆਂ, ਸਿੱਠਣੀਆਂ ਆਦਿ ਸਬੰਧੀ ਵਰਕਸ਼ਾਪ ਵੀ ਲਾਈ ਜਾ ਰਹੀ ਹੈ।

Check Also

ਭਾਰਤ ‘ਚ ਲੋਕ ਸਭਾ ਚੋਣਾਂ ਸੱਤ ਗੇੜਾਂ ‘ਚ 19 ਅਪ੍ਰੈਲ ਤੋਂ ਤੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ

ਪੰਜਾਬ ‘ਚ 1 ਜੂਨ ਨੂੰ ਪੈਣਗੀਆਂ ਵੋਟਾਂ, ਚੋਣ ਜ਼ਾਬਤਾ ਲਾਗੂ ਨਵੀਂ ਦਿੱਲੀ : ਭਾਰਤ ਵਿਚ …