Breaking News
Home / ਭਾਰਤ / ਏਅਰ ਇੰਡੀਆ ਨੂੰ ਵੇਚ ਕੇ ਹੀ ਸਾਹ ਲਵੇਗੀ ਮੋਦੀ ਸਰਕਾਰ

ਏਅਰ ਇੰਡੀਆ ਨੂੰ ਵੇਚ ਕੇ ਹੀ ਸਾਹ ਲਵੇਗੀ ਮੋਦੀ ਸਰਕਾਰ

100 ਫੀਸਦੀ ਹਿੱਸੇਦਾਰੀ ਵੇਚਣ ਦਾ ਕੀਤਾ ਗਿਆ ਫੈਸਲਾ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਵਿਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੁਣ ਏਅਰ ਇੰਡੀਆ ਨੂੰ ਵੇਚ ਕੇ ਹੀ ਸਾਹ ਲਵੇਗੀ। ਸਰਕਾਰ ਨੇ ਕਰਜ਼ੇ ‘ਚ ਡੁੱਬੀ ਏਅਰ ਇੰਡੀਆ ਦਾ 100 ਫ਼ੀਸਦੀ ਹਿੱਸਾ ਵੇਚਣ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧ ‘ਚ ਮੁਢਲਾ ਬੋਲੀ ਦਸਤਾਵੇਜ਼ ਜਾਰੀ ਕਰ ਦਿੱਤਾ ਗਿਆ ਹੈ। ਦਿਲਚਸਪੀ ਦੇ ਪ੍ਰਗਟਾਵੇ ਲਈ ਅੰਤਿਮ ਤਰੀਕ 17 ਮਾਰਚ ਤੈਅ ਕੀਤੀ ਗਈ ਹੈ। ਸੋਮਵਾਰ ਨੂੰ ਜਾਰੀ ਬੋਲੀ ਦਸਤਾਵੇਜ਼ ਮੁਤਾਬਕ ਏਅਰ ਇੰਡੀਆ ਵੱਲੋਂ ਏਅਰ ਇੰਡੀਆ ਐਕਸਪ੍ਰੈੱਸ ਦੀ 100 ਫ਼ੀਸਦੀ ਅਤੇ ਸਿੰਗਾਪੁਰ ਏਅਰਲਾਈਨਜ਼ ਨਾਲ ਸਾਂਝੇ ਉੱਦਮ ਵਾਲੇ ਏਆਈਐੱਸਏਟੀਐੱਸ ‘ਚ 50 ਫ਼ੀਸਦੀ ਹਿੱਸੇਦਾਰੀ ਵੀ ਵੇਚੀ ਜਾਵੇਗੀ। ਏਅਰਲਾਈਨ ਦਾ ਪ੍ਰਬੰਧਕੀ ਕੰਟਰੋਲ ਵੀ ਸਫ਼ਲ ਬੋਲੀਕਾਰ ਹਵਾਲੇ ਕੀਤਾ ਜਾਵੇਗਾ। ਏਅਰ ਇੰਡੀਆ ਨੂੰ ਵੇਚਣ ਲਈ ਸਰਕਾਰ ਨੇ ਦੋ ਸਾਲ ਤੋਂ ਘੱਟ ਸਮੇਂ ਅੰਦਰ ਦੂਜੀ ਵਾਰ ਤਜਵੀਜ਼ ਲਿਆਂਦੀ ਹੈ। ਏਅਰ ਇੰਡੀਆ ਦੀ ਏਅਰ ਇੰਡੀਆ ਇੰਜਨੀਅਰਿੰਗ ਸਰਵਿਸਿਜ਼, ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼, ਏਅਰਲਾਈਨ ਐਲਾਈਡ ਸਰਵਿਸਿਜ਼ ਅਤੇ ਹੋਟਲ ਕਾਰਪੋਰੇਸ਼ਨ ਆਫ਼ ਇੰਡੀਆ ‘ਚ ਵੀ ਹਿੱਸੇਦਾਰੀ ਹੈ। ਦਸਤਾਵੇਜ਼ਾਂ ‘ਚ ਕਿਹਾ ਗਿਆ ਹੈ ਕਿ ਇਨ੍ਹਾਂ ਕੰਪਨੀਆਂ ਨੂੰ ਵੱਖਰੀ ਕੰਪਨੀ ਏਅਰ ਇੰਡੀਆ ਐਸੇਟਸ ਹੋਲਡਿੰਗ ਲਿਮਟਿਡ (ਏਆਈਏਐੱਚਐੱਲ) ‘ਚ ਤਬਦੀਲ ਕੀਤਾ ਜਾ ਰਿਹਾ ਹੈ ਅਤੇ ਇਹ ਪ੍ਰਸਤਾਵਿਤ ਲੈਣ-ਦੇਣ ਦਾ ਹਿੱਸਾ ਨਹੀਂ ਹੋਣਗੀਆਂ। ਦਸਤਾਵੇਜ਼ ਮੁਤਾਬਕ ਅਪਨਿਵੇਸ਼ ਦੇ ਮੁਕੰਮਲ ਹੋਣ ਤੱਕ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ‘ਤੇ 23,286.5 ਕਰੋੜ ਰੁਪਏ ਦਾ ਕਰਜ਼ਾ ਰਹੇਗਾ ਅਤੇ ਬਾਕੀ ਕਰਜ਼ਾ ਏਆਈਏਐੱਚਐੱਲ ਹਵਾਲੇ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਐਂਪਲਾਈ ਸਟਾਕ ਆਪਸ਼ਨ ਪ੍ਰੋਗਰਾਮ ਤਹਿਤ ਏਅਰ ਇੰਡੀਆ ਦੇ ਮੁਲਾਜ਼ਮਾਂ ਨੂੰ ਤਿੰਨ ਫ਼ੀਸਦੀ ਸ਼ੇਅਰਾਂ ਦੀ ਪੇਸ਼ਕਸ਼ ਕੀਤੀ ਜਾਵੇਗੀ। ਏਅਰ ਇੰਡੀਆ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਸ਼ਵਨੀ ਲੋਹਾਨੀ ਨੇ ਕਿਹਾ ਕਿ ਏਅਰ ਇੰਡੀਆ ‘ਚ ਵਾਧੂ ਅਮਲਾ ਨਹੀਂ ਹੈ ਅਤੇ ਸੇਵਾਮੁਕਤ ਮੁਲਾਜ਼ਮਾਂ ਦੇ ਮੈਡੀਕਲ ਲਾਭ ਦਾ ਹੱਲ ਕੱਢਿਆ ਜਾ ਰਿਹਾ ਹੈ।
ਇਸੇ ਦੌਰਾਨ ਨਾਗਰਿਕ ਉਡਾਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਏਅਰ ਇੰਡੀਆ ਦੇ ਨਿੱਜੀਕਰਨ ਤੋਂ ਬਾਅਦ ਕੰਪਨੀ ਦੇ ਕਰਮਚਾਰੀਆਂ ਦੇ ਬਕਾਇਆਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ। ਪੁਰੀ ਨੇ ਕਿਹਾ ਕਿ ਏਰੀਅਰ ਦੇ ਨਾਲ ਕਰਮਚਾਰੀਆਂ ਦਾ ਬਕਾਇਆ ਭੁਗਤਾਨ ਏਅਰ ਇੰਡੀਆ ਅਸੈਟ ਹੋਲਡਿੰਗ ਕੰਪਨੀ ਵਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਦੋ ਜਨਵਰੀ ਨੂੰ ਕੰਪਨੀ ਦੀਆਂ ਵੱਖ-ਵੱਖ ਯੂਨੀਅਨਾਂ ਦੇ ਪ੍ਰਤੀਨਿਧੀਆਂ ਨੇ ਮੁਲਾਕਾਤ ਕੀਤੀ ਸੀ ਅਤੇ ਨਿੱਜੀਕਰਨ ਦੀਆਂ ਚਿੰਤਾਵਾਂ ਬਾਰੇ ਪੁਰੀ ਨੂੰ ਜਾਣੂ ਕਰਵਾਇਆ ਸੀ। ਉਸ ਸਮੇਂ ਪੁਰੀ ਨੇ ਕਿਹਾ ਸੀ ਕਿ ਕਰਜ਼ੇ ਵਿਚ ਡੁੱਬੀ ਏਅਰਲਾਈਨਜ਼ ਦਾ ਨਿੱਜੀਕਰਨ ਕਰਨਾ ਸਰਕਾਰ ਦੀ ਮਜਬੂਰੀ ਬਣ ਗਈ ਹੈ।

Check Also

ਉਤਰਾਖੰਡ ’ਚ ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਤਰਸੇਮ ਸਿੰਘ ਦੀ ਹੱਤਿਆ

ਘਟਨਾ ਦੀ ਜਾਂਚ ਲਈ ਐਸਆਈਟੀ ਦਾ ਕੀਤਾ ਗਿਆ ਗਠਨ ਉਤਰਾਖੰਡ/ਬਿਊਰੋ ਨਿਊਜ਼ : ਉਤਰਾਖੰਡ ’ਚ ਸਥਿਤ …