-1.1 C
Toronto
Sunday, February 15, 2026
spot_img
Homeਭਾਰਤਹਰਿਆਣਾ ਪੁਲਿਸ ਵੱਲੋਂ ਕਿਸਾਨਾਂ 'ਤੇ ਲਾਠੀਚਾਰਜ; ਦਰਜਨਾਂ ਜ਼ਖ਼ਮੀ

ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ; ਦਰਜਨਾਂ ਜ਼ਖ਼ਮੀ

ਸੂਰਜਮੁਖੀ ਦਾ ਸਮਰਥਨ ਮੁੱਲ ਮੰਗਦੇ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ
ਕੁਰੂਕਸ਼ੇਤਰ/ਬਿਊਰੋ ਨਿਊਜ਼ : ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਅਲਟੀਮੇਟਮ ਦੇ ਬਾਵਜੂਦ ਹਰਿਆਣਾ ਸਰਕਾਰ ਵੱਲੋਂ ਮੰਗਲਵਾਰ ਤੱਕ ਘੱਟੋ-ਘੱਟ ਸਮਰਥਨ ਮੁੱਲ ‘ਤੇ ਸੂਰਜਮੁਖੀ ਦੀ ਖਰੀਦ ਸ਼ੁਰੂ ਨਾ ਕਰਨ ‘ਤੇ ਕਿਸਾਨਾਂ ਨੇ ਮੰਗਲਵਾਰ ਦੁਪਹਿਰ ਨੂੰ ਇੱਥੇ ਨੈਸ਼ਨਲ ਹਾਈਵੇਅ ਜਾਮ ਕਰ ਦਿੱਤਾ, ਜਿਸ ਕਾਰਨ ਦੂਰ-ਦੂਰ ਤੱਕ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ। ਕਰੀਬ ਸੱਤ ਘੰਟੇ ਇੱਥੇ ਜਾਮ ਲੱਗਿਆ ਰਿਹਾ। ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਦੇ ਹੁਕਮਾਂ ‘ਤੇ ਸ਼ਾਮ ਸਵਾ ਸੱਤ ਵਜੇ ਪੁਲਿਸ ਨੇ ਧਰਨਕਾਰੀ ਕਿਸਾਨਾਂ ‘ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਅਤੇ ਲਾਠੀਚਾਰਜ ਕਰ ਦਿੱਤਾ, ਜਿਸ ਕਾਰਨ ਧਰਨੇ ਵਾਲੀ ਥਾਂ ‘ਤੇ ਭਗਦੜ ਮੱਚ ਗਈ।
ਪੁਲਿਸ ਨੇ ਦਰਜਨਾਂ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਵੱਡੀ ਗਿਣਤੀ ਵਿੱਚ ਕਿਸਾਨ ਜ਼ਖ਼ਮੀ ਹੋ ਗਏ। ਪੁਲਿਸ ਨੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ।
ਇਸ ਤੋਂ ਬਾਅਦ ਪੁਲਿਸ ਨੈਸ਼ਨਲ ਹਾਈਵੇਅ ‘ਤੇ ਆਵਾਜਾਈ ਨੂੰ ਬਹਾਲ ਕਰ ਦਿੱਤਾ। ਇਸੇ ਦੌਰਾਨ ਲਾਠੀਚਾਰਜ ਤੋਂ ਰੋਹ ਵਿੱਚ ਆਏ ਕਿਸਾਨਾਂ ਨੇ ਲਾਡਵਾ ਰੋਡ ਸ਼ਾਹਬਾਦ, ਕਲਸਾਨੀ ਚੌਕ ਸ਼ਾਹਬਾਦ ਅਤੇ ਲਾਡਵਾ ਵਿੱਚ ਕੇਂਦਰ ਰੋਡ ‘ਤੇ ਆਵਾਜਾਈ ਠੱਪ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਹਾਈਵੇਅ ‘ਤੇ ਜਾਣ ਤੋਂ ਰੋਕਣ ਲਈ ਪ੍ਰਸ਼ਾਸਨ ਵੱਲੋਂ 9 ਡਿਊਟੀ ਮੈਜਿਸਟਰੇਟ ਤਾਇਨਾਤ ਕੀਤੇ ਗਏ ਸਨ। ਇਸੇ ਦੌਰਾਨ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਕਿਸਾਨ ਪੁਲਿਸ ਨੂੰ ਚਕਮਾ ਦੇ ਕੇ ਨੈਸ਼ਨਲ ਹਾਈਵੇਅ ‘ਤੇ ਜਾਮ ਲਗਾਉਣ ਵਿੱਚ ਸਫ਼ਲ ਹੋ ਗਏ।
ਸ਼ਾਹਬਾਦ ਤੋਂ ਸ਼ੰਭੂ ਤੱਕ ਲੱਗੀਆਂ ਵਾਹਨਾਂ ਦੀਆਂ ਕਤਾਰਾਂ : ਸੂਰਜਮੁਖੀ ਦੇ ਸਮਰਥਨ ਮੁੱਲ ਸਬੰਧੀ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਸ਼ਾਹਬਾਦ ਦੇ ਮਾਰਕੰਡਾ ਪੁਲ ਵਾਲੀ ਸਾਈਡ ਜੀਟੀ ਰੋਡ ‘ਤੇ ਲਾਏ ਜਾਮ ਦਾ ਅਸਰ ਅੰਬਾਲਾ ਵਿਚ ਵੀ ਦੇਖਣ ਨੂੰ ਮਿਲਿਆ। ਧਰਨੇ ਕਾਰਨ ਸ਼ਾਹਬਾਦ ਤੋਂ ਸ਼ੰਭੂ ਬਾਰਡਰ ਤੱਕ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ।

RELATED ARTICLES
POPULAR POSTS