ਸਾਬਕਾ ਕਾਂਗਰਸ ਪ੍ਰਧਾਨ ਨੇ ਕੰਨਿਆਕੁਮਾਰੀ ਤੋਂ ‘ਭਾਰਤ ਜੋੜੋ ਯਾਤਰਾ’ ਦਾ ਰਸਮੀ ਆਗਾਜ਼ ਕੀਤਾ
ਪੰਜ ਮਹੀਨਿਆਂ ਵਿੱਚ 12 ਰਾਜਾਂ ਤੇ ਦੋ ਯੂਟੀਜ਼ ‘ਚੋਂ ਲੰਘੇਗੀ ਯਾਤਰਾ
ਕੰਨਿਆਕੁਮਾਰੀ (ਤਾਮਿਲਨਾਡੂ/ਬਿਊਰੋ ਨਿਊਜ਼ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3570 ਕਿਲੋਮੀਟਰ ਲੰਮੀ ‘ਭਾਰਤ ਜੋੜੋ ਯਾਤਰਾ’ ਦਾ ਰਸਮੀ ਆਗਾਜ਼ ਕਰਦਿਆਂ ਕਿਹਾ ਕਿ ਦੇਸ਼ ਦਾ ਤਿਰੰਗਾ ਹਰੇਕ ਧਰਮ, ਰਾਜ ਤੇ ਭਾਸ਼ਾ ਨਾਲ ਸਬੰਧ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਵੱਲੋਂ ਤਿਰੰਗੇ ‘ਤੇ ਹਮਲੇ ਕੀਤੇ ਜਾ ਰਹੇ ਹਨ। ਦੇਸ਼ ਨੂੰ ਧਰਮ ਤੇ ਭਾਸ਼ਾ ਦੀਆਂ ਲੀਹਾਂ ‘ਤੇ ਵੰਡਿਆ ਜਾ ਰਿਹੈ। ਹਰੇਕ ਸੰਸਥਾ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ। ਉਨ੍ਹਾਂ ਦੇਸ਼ ਨੂੰ ਇਕਜੁੱਟ ਰੱਖਣ ਲਈ ਲੋਕਾਂ ਤੋਂ ਹਮਾਇਤ ਮੰਗੀ। ਰੈਲੀ ਵਿੱਚ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਛੱਤੀਸਗੜ੍ਹ ਦੇ ਹਮਰੁਤਬਾ ਭੁਪੇਸ਼ ਬਘੇਲ ਤੇ ਹੋਰ ਕਈ ਸੀਨੀਅਰ ਕਾਂਗਰਸੀ ਆਗੂ ਮੌਜੂਦ ਸਨ। ਸਟਾਲਿਨ, ਗਹਿਲੋਤ ਤੇ ਬਘੇਲ ਨੇ ਰਾਹੁਲ ਗਾਂਧੀ ਨੂੰ ਤਿਰੰਗਾ ਝੰਡਾ ਸੌਂਪ ਕੇ ਯਾਤਰਾ ਦੀ ਸ਼ੁਰੂਆਤ ਕੀਤੀ। ਕਾਂਗਰਸ ਨੇ ਯਾਤਰਾ ਨੂੰ ਭਾਰਤੀ ਸਿਆਸਤ ਦਾ ਅਹਿਮ ਮੋੜ ਤੇ ‘ਨਵੀਂ ਸ਼ੁਰੂਆਤ’ ਦੱਸਿਆ। ਇਹ ਯਾਤਰਾ ਅਗਲੇ ਪੰਜ ਮਹੀਨਿਆਂ ਦੌਰਾਨ 12 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚੋਂ ਲੰਘੇਗੀ।
‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, ”ਸਾਡਾ ਤਿਰੰਗਾ ਆਪਣੀ ਮਰਜ਼ੀ ਦੇ ਕਿਸੇ ਵੀ ਧਰਮ ਨੂੰ ਮੰਨਣ ਦੀ ਸਾਨੂੰ ਖੁੱਲ੍ਹ ਦਿੰਦਾ ਹੈ, ਪਰ ਅੱਜ ਇਸ ਝੰਡੇ ‘ਤੇ ਹਮਲੇ ਕੀਤੇ ਜਾ ਰਹੇ ਹਨ।” ਉਨ੍ਹਾਂ ਕਿਹਾ ਕਿ ਤਿਰੰਗਾ ਸੌਖਾ ਨਹੀਂ ਮਿਲਿਆ ਤੇ ਇਸ ਨੂੰ ਹਰੇਕ ਧਰਮ, ਖੇਤਰ ਤੇ ਭਾਸ਼ਾ ਦੇ ਭਾਰਤੀ ਨੇ ਕਮਾਇਆ ਹੈ। ਗਾਂਧੀ ਨੇ ਕਿਹਾ ਕਿ ਭਾਰਤ ਨੂੰ ਅੱਜ ਸਭ ਤੋਂ ਵੱਡਾ ਆਰਥਿਕ ਸੰਕਟ ਦਰਪੇਸ਼ ਹੈ। ਬੇਰੁਜ਼ਗਾਰੀ ਦਰ ਸਿਖਰ ‘ਤੇ ਹੈ ਤੇ ਦੇਸ਼ ਵੱਡੇ ਸੰਕਟ ਵੱਲ ਵਧ ਰਿਹਾ ਹੈ।
ਯਾਤਰਾ ਦੀ ਸ਼ੁਰੂਆਤ ਤੋਂ ਪਹਿਲਾਂ ਰਾਹੁਲ ਗਾਂਧੀ ਸ੍ਰੀਪੇਰੁਮਬੁਦੁਰ ਗਏ, ਜਿੱਥੇ ਉਨ੍ਹਾਂ ਆਪਣੇ ਪਿਤਾ ਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ ‘ਤੇ ਫੁੱਲ ਮਾਲਾਵਾਂ ਨਾਲ ਪ੍ਰਾਰਥਨਾ ਕੀਤੀ। ਨਿਰਧਾਰਿਤ ਰੂਟ ਮੁਤਾਬਕ ਯਾਤਰਾ ਤਿਰੂਵਨੰਤਪੁਰਮ, ਕੋਚੀ, ਨਿਲਾਂਬੁਰ, ਮੈਸੂਰ, ਬੈਲਾਰੀ, ਰਾਇਚੁਰ, ਵਿਕਾਰਾਬਾਦ, ਨਾਂਦੇੜ, ਜਲਗਾਓਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ, ਜੰਮੂ ਤੋਂ ਹੁੰਦੀ ਹੋਈ ਸ੍ਰੀਨਗਰ ਵਿੱਚ ਖ਼ਤਮ ਹੋਵੇਗੀ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ‘ਭਾਰਤ ਜੋੜੋ ਯਾਤਰਾ’ ਨੂੰ ਮੀਲ ਪੱਥਰ ਕਰਾਰ ਦਿੱਤਾ ਹੈ। ਉਨ੍ਹਾਂ ਆਸ ਜਤਾਈ ਕਿ 3500 ਕਿਲੋਮੀਟਰ ਦੀ ਇਹ ਪਦਯਾਤਰਾ ਪਾਰਟੀ ਵਿੱਚ ਨਵਾਂ ਉਤਸ਼ਾਹ ਭਰਨ ਵਿੱਚ ਮਦਦਗਾਰ ਹੋਵੇਗੀ।ਸੋਨੀਆ ਨੇ ਕਿਹਾ ਕਿ ਉਹ ਇਸ ਯਾਤਰਾ ਵਿੱਚ ਸ਼ਾਮਲ ਹੋਣਾ ਚਾਹੁੰਦੀ ਸੀ, ਪਰ ਮੈਡੀਕਲ ਚੈਕਅੱਪ ਕਰਕੇ ਉਹ ਨਹੀਂ ਪਹੁੰਚ ਸਕੇ, ਜਿਸ ਦਾ ਉਨ੍ਹਾਂ ਨੂੰ ਅਫਸੋਸ ਹੈ।
ਭਾਰਤ ਜੋੜੋ ਯਾਤਰਾ ‘ਗਾਂਧੀ ਪਰਿਵਾਰ ਨੂੰ ਬਚਾਉਣ ਦੀ ਮੁਹਿੰਮ’ : ਭਾਜਪਾ
ਨਵੀਂ ਦਿੱਲੀ : ਭਾਜਪਾ ਨੇ ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਨੂੰ ‘ਬਣਾਉਟੀ’ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਯਾਤਰਾ ਅਸਲ ਵਿੱਚ ‘ਪਰਿਵਾਰ ਨੂੰ ਬਚਾਉਣ ਦੀ ਮੁਹਿੰਮ’ ਹੈ ਤਾਂ ਕਿ ਗਾਂਧੀ ਪਰਿਵਾਰ ਦਾ ਕਾਂਗਰਸ ‘ਤੇ ਕੰਟਰੋਲ ਬਣਿਆ ਰਹੇ। ਭਾਜਪਾ ਨੇ ਕਿਹਾ ਕਿ ਇਹ (ਯਾਤਰਾ) ਰਾਹੁਲ ਗਾਂਧੀ ਨੂੰ ਆਗੂ ਵਜੋਂ ਸਥਾਪਤ ਕਰਨ ਦਾ ਇਕ ਹੋਰ ਯਤਨ ਹੈ। ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਵਿਰੋਧੀ ਪਾਰਟੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਗਾਂਧੀ ਆਪਣੀ ਪਾਰਟੀ ਨੂੰ ਤਾਂ ਇਕਜੁੱਟ ਨਹੀਂ ਰੱਖ ਸਕੇ।