Breaking News
Home / ਭਾਰਤ / ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤ

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦਿਹਾਂਤ

ਪਾਰਟੀ ਸਫਾਂ ਤੋਂ ਉਪਰ ਉਠ ਕੇ ਆਗੂਆਂ ਨੇ ਜੇਤਲੀ ਨੂੰ ਦਿੱਤੀ ਸ਼ਰਧਾਂਜਲੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਲੰਘੇ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ ਸੀ ਅਤੇ ਉਨ੍ਹਾਂ ਦਾ ਇਥੇ ਨਿਗਮਬੋਧ ਘਾਟ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਜੇਤਲੀ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪੁੱਤਰ ਰੋਹਨ ਨੇ ਵਿਖਾਈ। ਸਸਕਾਰ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਸਿਖਰਲੇ ਆਗੂ ਤੇ ਪਾਰਟੀ ਵਰਕਰ ਅਤੇ ਮਰਹੂਮ ਆਗੂ ਦੇ ਪ੍ਰਸ਼ੰਸਕ ਵੱਡੀ ਗਿਣਤੀ ਵਿੱਚ ਮੌਜੂਦ ਸਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਵਿੱਤ ਤੇ ਰੱਖਿਆ ਮੰਤਰੀ ਵਜੋਂ ਸੇਵਾਵਾਂ ਨਿਭਾਉਣ ਵਾਲੇ ਜੇਤਲੀ ਦਾ ਸ਼ਨਿੱਚਰਵਾਰ ਨੂੰ ਏਮਜ਼ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਤੇ ਬੇਚੈਨੀ ਦੀ ਸ਼ਿਕਾਇਤ ਮਗਰੋਂ ਲੰਘੀ 9 ਅਗਸਤ ਨੂੰ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਸਸਕਾਰ ਤੋਂ ਪਹਿਲਾਂ ਸੀਨੀਅਰ ਆਗੂਆਂ ਨੇ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਮਰਹੂਮ ਆਗੂ ਦੀ ਦੇਹ ‘ਤੇ ਫੁੱਲ-ਮਾਲਾਵਾਂ ਰੱਖ ਕੇ ਸ਼ਰਧਾਂਜਲੀ ਦਿੱਤੀ। ਜੇਤਲੀ ਨੂੰ ਹਵਾਈ ਫਾਇਰਾਂ ਦੀ ਸਲਾਮੀ ਵੀ ਦਿੱਤੀ ਗਈ। ਸਸਕਾਰ ਮੌਕੇ ਉਪ ਰਾਸ਼ਟਰਪਤੀ ਐੱਮ.ਵੈਂਕੱਈਆ ਨਾਇਡੂ, ਲੋਕ ਸਭਾ ਦੇ ਸਪੀਕਰ ਓਮ ਬਿਰਲਾ, ਭਾਜਪਾ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ, ਪਾਰਟੀ ਪ੍ਰਧਾਨ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜੇ.ਪੀ.ਨੱਢਾ, ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਸਮ੍ਰਿਤੀ ਇਰਾਨੀ ਤੇ ਅਨੁਰਾਗ ਠਾਕੁਰ, ਭਾਜਪਾ ਦੇ ਸੰਸਦ ਮੈਂਬਰ ਵਿਜੈ ਗੋਇਲ ਤੇ ਵਿਨੇ ਸਹਿਸਤ੍ਰਬੁੱਧੇ, ਕਾਂਗਰਸ ਆਗੂ ਗੁਲਾਮ ਨਬੀ ਆਜ਼ਾਦ, ਜਿਓਤਿਰਦਿੱਤਿਆ ਸਿੰਧੀਆ ਤੇ ਕਪਿਲ ਸਿੱਬਲ, ਐੱਨਸੀਪੀ ਆਗੂ ਪ੍ਰਫੁੱਲ ਪਟੇਲ ਆਦਿ ਮੌਜੂਦ ਸਨ। ਉਪ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਭਾਜਪਾ ਵਿੱਚ ਜੇਤਲੀ ਨਾਲ ਨੇੜੇ ਹੋ ਕੇ ਕੰਮ ਕਰਨ ਵਾਲੇ ਨਾਇਡੂ ਇਸ ਮੌਕੇ ਕਾਫ਼ੀ ਭਾਵੁਕ ਨਜ਼ਰ ਆਏ। ਉਹ ਜੇਤਲੀ ਦੀ ਮ੍ਰਿਤਕ ਦੇਹ ਨੇੜੇ ਕਿੰਨਾ ਚਿਰ ਹੱਥ ਬੰਨ੍ਹੀ ਖੜ੍ਹੇ ਰਹੇ। ਇਸ ਮੌਕੇ ਦਿੱਲੀ, ਮਹਾਰਾਸ਼ਟਰ, ਗੁਜਰਾਤ, ਕਰਨਾਟਕ, ਬਿਹਾਰ ਤੇ ਉੱਤਰਾਖੰਡ ਦੇ ਮੁੱਖ ਮੰਤਰੀ ਵੀ ਮੌਜੂਦ ਸਨ।ਧਿਆਨ ਰਹੇ ਕਿ ਜੇਤਲੀ ਦੇ ਪਰਿਵਾਰਕ ਰਿਸ਼ਤੇ ਅੰਮ੍ਰਿਤਸਰ ਨਾਲ ਜੁੜੇ ਹੋਏ ਸਨ ਅਤੇ ਜਦੋਂ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਜੇਤਲੀ ਨੇ ਅੰਮ੍ਰਿਤਸਰ ਤੋਂ ਚੋਣ ਲੜੀ ਤਾਂ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਨੇ ਵੱਡੇ ਫਰਕ ਨਾਲ ਹਰਾ ਦਿੱਤਾ ਸੀ, ਜੋ ਜੇਤਲੀ ਲਈ ਵੱਡਾ ਝਟਕਾ ਸੀ। ਪਰ ਪਾਰਟੀ ਨੇ ਫਿਰ ਵੀ ਹਰੇ ਹੋਏ ਆਗੂ ਨੂੰ ਦੇਸ਼ ਦਾ ਵਿੱਤ ਮੰਤਰੀ ਬਣਾ ਦਿੱਤਾ ਸੀ।
ਮੋਦੀ ਨੇ ਅਰੁਣ ਜੇਤਲੀ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ : ਮਰਹੂਮ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਘਰ ਪਹੁੰਚੇ ਹਨ। ਇੱਥੇ ਪਹੁੰਚ ਕੇ ਪ੍ਰਧਾਨ ਮੰਤਰੀ ਨੇ ਸਭ ਤੋਂ ਪਹਿਲਾਂ ਅਰੁਣ ਜੇਤਲੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਸ ਮਗਰੋਂ ਉਨ੍ਹਾਂ ਨੇ ਜੇਤਲੀ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਦੁੱਖ ਵੰਡਾਇਆ।
‘ਸਾਡੇ ਜੇਤਲੀ ਤੇ ਸੁਸ਼ਮਾ ਨੂੰ ਲੈ ਬੈਠੀ ਵਿਰੋਧੀ ਧਿਰ’
ਭੋਪਾਲ : ਭਾਜਪਾ ਸੰਸਦ ਮੈਂਬਰ ਪ੍ਰੱਗਿਆ ਠਾਕੁਰ ਨੇ ਕਿਹਾ ਕਿ ਵਿਰੋਧੀ ਧਿਰ ‘ਮਾਰਕ ਸ਼ਕਤੀ’ ਦਾ ਇਸਤੇਮਾਲ ਕਰ ਕੇ ਭਾਜਪਾ ਆਗੂਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀਆਂ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਦੀਆਂ ਹਾਲ ਹੀ ਵਿੱਚ ਹੋਈਆਂ ਮੌਤਾਂ ਪਿੱਛੇ ‘ਬੁਰੀ ਸ਼ਕਤੀ’ ਦਾ ਹੱਥ ਹੈ। ਦੱਸਣਯੋਗ ਹੈ ਕਿ ਭਾਜਪਾ ਦੇ ਸੀਨੀਅਰ ਆਗੂ ਅਰੁਣ ਜੇਤਲੀ ਦੀ 24 ਅਗਸਤ ਅਤੇ ਸੁਸ਼ਮਾ ਸਵਰਾਜ ਦੀ 6 ਅਗਸਤ ਨੂੰ ਮੌਤ ਹੋਈ ਸੀ। ਸੰਸਦ ਮੈਂਬਰ ਨੇ ਕਿਹਾ, ” ਜਦੋਂ ਮੈਂ ਚੋਣਾਂ ਲੜ ਰਹੀ ਸਾਂ, ਇਕ ਮਹਾਰਾਜ ਜੀ ਨੇ ਮੈਨੂੰ ਦੱਸਿਆ ਸੀ ਕਿ ਸਾਡੇ ‘ਤੇ ਬੁਰਾ ਸਮਾਂ ਚੱਲ ਰਿਹਾ ਹੈ ਅਤੇ ਵਿਰੋਧੀ ਧਿਰ ਭਾਜਪਾ ਖਿਲਾਫ ‘ਮਾਰਕ ਸ਼ਕਤੀ’ ਦਾ ਇਸਤੇਮਾਲ ਕਰ ਰਹੀ ਹੈ। ਪਰ ਮੈਂ ਉਸ ਨੂੰ ਅਣਗੌਲਿਆਂ ਕਰ ਦਿੱਤਾ ਪਰ ਹੁਣ ਜਦੋਂ ਸੀਨੀਅਰ ਆਗੂ ਇਕ ਤੋਂ ਬਾਅਦ ਇਕ ਸਾਨੂੰ ਛੱਡ ਕੇ ਜਾ ਰਹੇ ਹਨ, ਤਾਂ ਮੈਂ ਇਹ ਸੋਜਣ ਲਈ ਮਜਬੂਰ ਹਾਂ ਕਿ, ਕੀ ਮਹਾਰਾਜ ਜੀ ਸਹੀ ਸਨ?”
ਉਹ ਸੂਬਾਈ ਭਾਜਪਾ ਦਫਤਰ ਵਿੱਚ ਜੇਤਲੀ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਗੌੜ, ਜਿਨ੍ਹਾਂ ਦੀ ਮੌਤ 20 ਅਗਸਤ ਨੂੰ ਹੋਈ ਸੀ, ਦੇ ਸ਼ਰਧਾਂਜਲੀ ਸਮਾਗਮ ਮੌਕੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਸੱਚ ਹੈ ਕਿ ਸਾਡੇ ਆਗੂ ਸਾਨੂੰ ਅਚਾਨਕ ਛੱਡ ਕੇ ਜਾ ਰਹੇ ਹਨ। ਭਾਜਪਾ ਸੰਸਦ ਮੈਂਬਰ ਆਪਣੇ ਵਿਵਾਦਤ ਬਿਆਨਾਂ ਕਾਰਨ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …