ਨਵੀਂ ਦਿੱਲੀ/ਬਿਊਰੋ ਨਿਊਜ਼
ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਵਾਨਾ ‘ਚ ਕੋਰੋਨਾ ਵਾਇਰਸ ਫੈਲਾਉਣ ਦੀ ਸਾਜਿਸ਼ ਰਚਣ ਦੇ ਸ਼ੱਕ ਵਿੱਚ 22 ਸਾਲਾ ਨੌਜਵਾਨ ਨਾਲ ਕਥਿਤ ਤੌਰ ‘ਤੇ ਬੇਰਹਿਮੀ ਨਾਲ ਮਾਰਕੁੱਟ ਕੀਤੀ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ ਬਵਾਨਾ ਦੇ ਪਿੰਡ ਹਰੇਵਲੀ ਵਾਸੀ ਮਹਿਬੂਬ ਅਲੀ ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਅਲੀ ਤਬਲੀਗੀ ਜ਼ਮਾਤ ਦੇ ਇੱਕ ਪ੍ਰੋਗਰਾਮ ਲਈ ਮੱਧ ਪ੍ਰਦੇਸ਼ ਦੇ ਭੋਪਾਲ ਗਿਆ ਸੀ ਅਤੇ 45 ਦਿਨ ਬਾਅਦ ਸਬਜ਼ੀਆਂ ਨਾਲ ਭਰੇ ਟਰੱਕ ‘ਚ ਦਿੱਲੀ ਪਰਤਿਆ ਸੀ ਅਤੇ ਡਾਕਟਰੀ ਜਾਂਚ ਤੋਂ ਬਾਅਦ ਛੱਡ ਦਿੱਤਾ ਗਿਆ ਸੀ। ਪੁਲਿਸ ਨੇ ਦੱਸਿਆ ਕਿ ਜਦੋਂ ਉਹ ਆਪਣੇ ਪਿੰਡ ਪਹੁੰਚਿਆ ਤਾਂ ਅਫ਼ਵਾਹ ਫੈਲ ਗਈ ਕਿ ਮਹਿਬੂਬ ਅਲੀ ਵੱਲੋਂ ਪਿੰਡ ‘ਚ ਕੋਰੋਨਾ ਵਾਇਰਸ ਫੈਲਾਇਆ ਜਾ ਰਿਹਾ ਹੈ।ઠਉਸ ਨੂੰ ਖੇਤਾਂ ਵਿੱਚ ਲਿਜਾਣ ਤੋਂ ਬਾਅਦ ਕੁੱਟਿਆ ਗਿਆ ਅਤੇ ਬਾਅਦ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕੇਸ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।