ਪ੍ਰਧਾਨ ਮੰਤਰੀ ਦੀ ਸਿੱਖਿਆ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਆਰੋਪੀ ਆਮ ਆਦਮੀ ਪਾਰਟੀ ਦੇ ਆਗੂ ਤੇ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਜੇਲ੍ਹ ਵਿਚੋਂ ਦੇਸ਼ ਦੇ ਨਾਮ ਚਿੱਠੀ ਲਿਖੀ ਹੈ। ਇਸ ਚਿੱਹੀ ਵਿਚ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਿੱਖਿਆ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਲਿਖਿਆ ਕਿ ਮੋਦੀ ਮਾਣ ਨਾਲ ਕਹਿੰਦੇ ਹਨ ਕਿ ਪਿੰਡ ਦੇ ਸਕੂਲ ਤੱਕ ਹੀ ਉਨ੍ਹਾਂ ਦੀ ਸਿੱਖਿਆ ਹੋਈ ਹੈ। ਸਿਸੋਦੀਆ ਨੇ ਲਿਖਿਆ ਕਿ ਲੋਕ ਕੰਪਨੀ ਵਿਚ ਮੈਨੇਜਰ ਰੱਖਣ ਦੇ ਲਈ ਪੜ੍ਹਿਆ ਲਿਖਿਆ ਵਿਅਕਤੀ ਲੱਭਦੇ ਹਨ। ਕੀ ਦੇਸ਼ ਦੇ ਸਭ ਤੋਂ ਵੱਡੇ ਮੈਨੇਜਰ ਨੂੰ ਪੜ੍ਹਿਆ ਲਿਖਿਆ ਨਹੀਂ ਹੋਣਾ ਚਾਹੀਦਾ। ਸਿਸੋਦੀਆ ਸ਼ਰਾਬ ਨੀਤੀ ਮਾਮਲੇ ਵਿਚ ਸੀਬੀਆਈ ਅਤੇ ਈਡੀ ਦੇ ਕੇਸ ਵਿਚ ਆਰੋਪੀ ਹਨ ਅਤੇ ਉਹ ਹੁਣ ਦਿੱਲੀ ਦੀ ਤਿਹਾੜ ਵਿਚ ਜੇਲ੍ਹ ਹਨ। ਸਿਸੋਦੀਆ ਰਾਊਜ ਐਵੀਨਿਊ ਕੋਰਟ ਅਤੇ ਦਿੱਲੀ ਹਾਈਕੋਰਟ ਵਿਚ ਜ਼ਮਾਨਤ ਲਈ ਅਪੀਲ ਵੀ ਕਰ ਚੁੱਕੇ ਹਨ। ਮਨੀ ਲਾਂਡਰਿੰਗ ਮਾਮਲੇ ਵਿਚ ਸਿਸੋਦੀਆ ਦੀ ਜ਼ਮਾਨਤ ’ਤੇ 12 ਅਪ੍ਰੈਲ ਨੂੰ ਸੁਣਵਾਈ ਹੋਣੀ ਹੈ ਅਤੇ ਅਦਾਲਤ ਨੇ ਉਸ ਦੀ ਨਿਆਇਕ ਹਿਰਾਸਤ 17 ਅਪ੍ਰੈਲ ਤੱਕ ਵਧਾਈ ਹੋਈ ਹੈ। ਸਿਸੋਦੀਆ ਨੇ ਚਿੱਠੀ ਵਿਚ ਲਿਖਿਆ ਕਿ ਦੇਸ਼ ਭਰ ਵਿਚ ਸਰਕਾਰੀ ਸਕੂਲਾਂ ਦਾ ਬੰਦ ਹੋਣਾ, ਖਤਰੇ ਦੀ ਘੰਟੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਸਿੱਖਿਆ ਕੇਂਦਰ ਸਰਕਾਰ ਦੀ ਪਹਿਲ ਨਹੀਂ ਹੈ। ਉਨ੍ਹਾਂ ਲਿਖਿਆ ਕਿ ਜੇਕਰ ਅਸੀਂ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਨਹੀਂ ਦਿਆਂਗੇ ਤਾਂ ਕੀ ਭਾਰਤ ਤਰੱਕੀ ਕਰ ਸਕਦਾ ਹੈ।