-1.4 C
Toronto
Thursday, January 8, 2026
spot_img
Homeਭਾਰਤਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ ਕਿਸਾਨ

ਖੇਤੀ ਕਾਨੂੰਨ ਰੱਦ ਕਰਵਾ ਕੇ ਹੀ ਹਟਣਗੇ ਕਿਸਾਨ

ਸ਼ਰਦ ਪਵਾਰ ਨੇ ਕਿਹਾ – ਮੋਦੀ ਨੇ ਕਿਸਾਨਾਂ ਦੀ ਸਾਰ ਨਹੀਂ ਲਈ
ਮੁੰਬਈ : ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) ਦੇ ਪ੍ਰਧਾਨ ਸ਼ਰਦ ਪਵਾਰ ਨੇ ਕਿਹਾ ਕਿ ਕੇਂਦਰ ਸਰਕਾਰ ਸੰਵਿਧਾਨ ਦੀ ਉਲੰਘਣਾ ਕਰਕੇ ਅਤੇ ਬਹੁਮਤ ਦੇ ਦਮ ‘ਤੇ ਕੋਈ ਕਾਨੂੰਨ ਪਾਸ ਤਾਂ ਕਰਵਾ ਸਕਦੀ ਹੈ, ਪਰ ਜਦੋਂ ਆਮ ਆਦਮੀ ਤੇ ਕਿਸਾਨ ਉੱਠਣਗੇ ਤਾਂ ਉਹ ਨਵੇਂ ਕਾਨੂੰਨ ਰੱਦ ਹੋਣ ਅਤੇ ਹਾਕਮ ਧਿਰ ਦੇ ਸੱਤਾ ਤੋਂ ਲਾਂਭੇ ਹੋਣ ਤੱਕ ਚੁੱਪ ਨਹੀਂ ਰਹਿਣਗੇ। ਸਾਬਕਾ ਕੇਂਦਰੀ ਖੇਤੀ ਮੰਤਰੀ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਰਦੀ ਦੇ ਮੌਸਮ ‘ਚ ਪਿਛਲੇ ਦੋ ਮਹੀਨਿਆਂ ਤੋਂ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ‘ਤੇ ਸੰਘਰਸ਼ ਕਰ ਰਹੇ ਕਿਸਾਨਾਂ ਦੀ ਹਾਲਤ ਦੀ ਸਾਰ ਨਹੀਂ ਲਈ। ਦਿੱਲੀ ਕੋਲ ਅੰਦੋਲਨ ਕਰ ਰਹੇ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟ ਕਰਨ ਲਈ ਇੱਕ ਰੈਲੀ ਨੂੰ ਸੰਬੋਧਨ ਕਰ ਰਹੇ ਪਵਾਰ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਐਨ ਮੌਕੇ ‘ਤੇ ਗੋਆ ਚਲੇ ਜਾਣ ਦੀ ਵੀ ਆਲੋਚਨਾ ਕੀਤੀ ਜਦੋਂ ਸੂਬੇ ਦੇ ਕਿਸਾਨ ਉਨ੍ਹਾਂ ਨੂੰ ਖੇਤੀ ਕਾਨੂੰਨਾਂ ਖਿਲਾਫ ਮੰਗ ਪੱਤਰ ਸੌਂਪਣਾ ਚਾਹੁੰਦੇ ਸੀ। ਉਨ੍ਹਾਂ ਕਿਹਾ ਕਿ ਕੋਸ਼ਿਆਰੀ ਕੋਲ ਪਿਛਲੇ ਸਾਲ ਅਦਾਕਾਰਾ ਕੰਗਨਾ ਰਣੌਤ ਨਾਲ ਮਿਲਣ ਦਾ ਸਮਾਂ ਸੀ ਪਰ ਸੂਬੇ ਦੇ ਕਿਸਾਨਾਂ ਨੂੰ ਮਿਲਣ ਲਈ ਉਨ੍ਹਾਂ ਕੋਲ ਸਮਾਂ ਨਹੀਂ ਹੈ। ਪਵਾਰ ਨੇ ਕਿਹਾ ਕਿ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕਿਸਾਨ ਦੋ ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ‘ਤੇ ਪ੍ਰਦਰਸ਼ਨ ਕਰ ਰਹੇ ਹਨ।

RELATED ARTICLES
POPULAR POSTS