ਮਾਮਲੇ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਵੇਗੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਦੇ ਸੰਮਨਾਂ ਦੀ ਪਾਲਣਾ ਨਾ ਕਰਨ ਦੇ ਆਰੋਪ ’ਚ ਅੱਜ ਵੀਡੀਓ ਕਾਨਫਰੰਸਿੰਗ ਜਰੀਏ ਅਦਾਲਤ ’ਚ ਪੇਸ਼ ਹੋਏ। ਕੇਜਰੀਵਾਲ ਦੇ ਵਕੀਲ ਨੇ ਈਡੀ ਸਾਹਮਣੇ ਸੰਮਨਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ’ਚ ਆਪਣੇ ਮੁਵੱਕਿਲ ਲਈ ਅਦਾਲਤ ’ਚ ਸਿੱਧੇ ਤੌਰ ’ਤੇ ਹਾਜ਼ਰੀ ਤੋਂ ਛੋਟ ਦੀ ਅਪੀਲ ਕੀਤੀ ਸੀ, ਜਿਸ ’ਤੇ ਅਦਾਲਤ ਨੇ ਅੱਜ ਸ਼ਨੀਵਾਰ ਨੂੰ ਉਨ੍ਹਾਂ ਇਹ ਛੋਟ ਪ੍ਰਦਾਨ ਕਰ ਦਿੱਤੀ। ਕੇਜਰੀਵਾਲ ਨੇ ਵਰਚੂਅਲੀ ਪੇਸ਼ੀ ਦੌਰਾਨ ਕਿਹਾ ਕਿ ਮੈਂ ਫਿਜੀਕਲੀ ਆਉਣਾ ਚਾਹੁੰਦਾ ਸੀ ਪ੍ਰੰਤੂ ਅਚਾਨਕ ਵਿਸ਼ਵਾਸ ਪ੍ਰਸਤਾਵ ਆ ਗਿਆ। ਬਜਟ ਸੈਸ਼ਨ ਚੱਲ ਰਿਹਾ ਅਤੇ ਇਹ ਆਉਂਦੀ 1 ਮਾਰਚ ਤੱਕ ਚੱਲੇਗਾ। ਇਸ ਤੋਂ ਬਾਅਦ ਕੋਈ ਵੀ ਤਰੀਕ ਦਿੱਤੀ ਜਾ ਸਕਦੀ ਹੈ, ਜਿਸ ਤੋਂ ਬਾਅਦ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੇਸ਼ ਲਈ 16 ਮਾਰਚ ਦੀ ਤਰੀਕ ਤੈਅ ਕਰ ਦਿੰਤੀ। ਈਡੀ ਨੇ ਆਪਣੀ ਸ਼ਿਕਾਇਤ ’ਚ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜਾਣ ਬੁੱਝ ਕੇ ਸੰਮਨਾਂ ਦੀ ਪਾਲਣਾ ਨਹੀਂ ਕਰ ਰਹੇ ਅਤੇ ਉਹ ਈਡੀ ਸਾਹਮਣੇ ਪੇਸ ਨਹੀਂ ਹੋਣਾ ਚਾਹੁੰਦੇ।