ਮੁਫਤ ਸੌਗਾਤਾਂ ਦੇ ਕੀਤੇ ਜਾਂਦੇ ਵਾਅਦਿਆਂ ਸਬੰਧੀ ਕੇਸ ਦੀ ਸੁਣਵਾਈ ਦੌਰਾਨ ਚੀਫ ਜਸਟਿਸ ਨੇ ਆਖੀ ਗੱਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਚੀਫ ਜਸਟਿਸ ਐੱਨ.ਵੀ. ਰਾਮੰਨਾ ਨੇ ਕਿਹਾ ਕਿ ਜਿਹੜਾ ਵਿਅਕਤੀ ਸੇਵਾ-ਮੁਕਤ ਹੋ ਗਿਆ ਹੈ ਜਾਂ ਸੇਵਾ-ਮੁਕਤ ਹੋਣ ਵਾਲਾ ਹੈ, ਉਸ ਦੀ ਦੇਸ਼ ਵਿੱਚ ਕੋਈ ਕਦਰ ਨਹੀਂ ਹੈ। ਉਨ੍ਹਾਂ ਨੇ ਇਹ ਗੱਲ ਉਸ ਵੇਲੇ ਕਹੀ ਜਦੋਂ ਮੁਫਤ ਸੌਗਾਤਾਂ ਬਾਰੇ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾਂਦੇ ਚੋਣ ਵਾਅਦਿਆਂ ਦੇ ਕੇਸ ਦੀ ਸੁਣਵਾਈ ਹੋ ਰਹੀ ਸੀ। ਇਸੇ ਦੌਰਾਨ ਸੀਨੀਅਰ ਐਡਵੋਕੇਟ ਵਿਕਾਸ ਸਿੰਘ ਨੇ ਸੁਝਾਅ ਦਿੱਤਾ ਕਿ ਸੁਪਰੀਮ ਕੋਰਟ ਦੇ ਸੇਵਾ-ਮੁਕਤ ਜੱਜ ਨੂੰ ਉਸ ਕਮੇਟੀ ਦਾ ਚੇਅਰਮੇਨ ਬਣਾ ਦਿੱਤਾ ਜਾਵੇ ਜੋ ਮੁਫਤ ਸੌਗਾਤਾਂ ਸਬੰਧੀ ਬਣਾਈ ਜਾਣੀ ਹੈ। ਇਸ ਸੁਝਾਅ ‘ਤੇ ਪ੍ਰਤੀਕਰਮ ਦਿੰਦਿਆਂ ਜਸਟਿਸ ਰਾਮੰਨਾ ਨੇ ਕਿਹਾ ਕਿ ਜਿਹੜਾ ਵਿਅਕਤੀ ਸੇਵਾ-ਮੁਕਤ ਹੋ ਗਿਆ ਹੈ ਜਾਂ ਸੇਵਾ-ਮੁਕਤ ਹੋਣ ਵਾਲਾ ਹੈ, ਉਸ ਦੀ ਦੇਸ਼ ਵਿੱਚ ਕੋਈ ਕਦਰ ਨਹੀਂ ਹੈ ਜੋ ਕਿ ਇਕ ਸਮੱਸਿਆ ਹੈ। ਜ਼ਿਕਰਯੋਗ ਹੈ ਕਿ ਚੀਫ ਜਸਟਿਸ ਐੱਨ.ਵੀ. ਰਾਮੰਨਾ 26 ਅਗਸਤ ਸ਼ੁੱਕਰਵਾਰ ਨੂੰ ਸੇਵਾ-ਮੁਕਤ ਹੋ ਰਹੇ ਹਨ।