ਜੇਲ੍ਹਾਂ ‘ਚ ਬੰਦ ਤੇ ਲਾਪਤਾ ਨੌਜਵਾਨਾਂ ਦਾ ਮਾਮਲਾ ਉਠਾਇਆ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚਾ ਦਾ ਵਫ਼ਦ ਦਿੱਲੀ ਜੇਲ੍ਹਾਂ ‘ਚ ਬੰਦ ਅੰਦੋਲਨਕਾਰੀਆਂ ਦੀ ਰਿਹਾਈ ਤੇ ਲਾਪਤਾ ਨੌਜਵਾਨਾਂ ਨੂੰ ਮਾਪਿਆਂ ਤੱਕ ਪਹੁੰਚਾਉਣ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ। ਸੰਯੁਕਤ ਕਿਸਾਨ ਮੋਰਚਾ ਵਲੋਂ ਪ੍ਰੇਮ ਸਿੰਘ ਭੰਗੂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕਾਮਰੇਡ ਇੰਦਰਜੀਤ ਤੇ ਹਰਪਾਲ ਸਿੰਘ ਸੁੰਡਲ ਵਫ਼ਦ ‘ਚ ਸ਼ਾਮਿਲ ਸਨ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਲਾਪਤਾ ਹੋਏ 29 ਨੌਜਵਾਨਾਂ ਦੀ ਸੂਚੀ ਮੁੱਖ ਮੰਤਰੀ ਨੂੰ ਸੌਂਪੀ ਤੇ ਜੇਲ੍ਹ ‘ਚ ਬੰਦ ਅੰਦੋਲਨਕਾਰੀਆਂ ਨੂੰ ਜੇਲ੍ਹ ‘ਚ ਸਭ ਮਾਨਵੀ ਸਹੂਲਤਾਂ ਦੀ ਮੰਗ ਕੀਤੀ ਗਈ। ਕਿਸਾਨ ਆਗੂਆਂ ਨੇ ਮੈਡੀਕਲ ਬੋਰਡ ਬਣਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪੁਲਿਸ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਦਾ ਪਤਾ ਲੱਗ ਸਕੇ। ਮੋਰਚੇ ਦੇ ਆਗੂਆਂ ਨੇ ਸਮੁੱਚੇ ਮਾਮਲੇ ਦੀ ਨਿਆਂਇਕ ਜਾਂਚ ਦੀ ਵੀ ਮੰਗ ਕੀਤੀ। ਮੁੱਖ ਮੰਤਰੀ ਨਾਲ ਦਿੱਲੀ ਦੇ ਗ੍ਰਹਿ ਮੰਤਰੀ ਸਤੇਂਦਰ ਜੈਨ, ਰਾਘਵ ਚੱਢਾ ਤੇ ਡਾਕਟਰ ਬਲਬੀਰ ਸਿੰਘ ਵੀ ਸਨ। ਕੇਜਰੀਵਾਲ ਨੇ ਭਰੋਸਾ ਦਿੰਦਿਆਂ ਕਿਹਾ ਕਿ ਜੇਲ੍ਹ ਉਨ੍ਹਾਂ ਦੀ ਸਰਕਾਰ ਅਧੀਨ ਹੈ ਤੇ ਉਹ ਜੇਲ੍ਹ ‘ਚ ਬੰਦ ਅੰਦੋਲਨਕਾਰੀਆਂ ਨੂੰ ਕਿਸੇ ਪਾਸਿਓਂ ਪ੍ਰੇਸ਼ਾਨੀ ਨਹੀ ਆਉਣ ਦੇਣਗੇ। ਦਿੱਲੀ ਸਰਕਾਰ ਨੇ ਕਿਸਾਨ ਆਗੂਆਂ ਨੂੰ 115 ਵਿਅਕਤੀਆਂ ਦੀ ਸੂਚੀ ਵੀ ਦਿੱਤੀ ਜੋ ਤਿਹਾੜ ਜੇਲ੍ਹ ‘ਚ ਬੰਦ ਹਨ। ਕੇਜਰੀਵਾਲ ਨੇ ਕਿਸਾਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਜੋ ਮਾਮਲੇ ਦਿੱਲੀ ਸਰਕਾਰ ਦੇ ਅਧਿਕਾਰ ਖੇਤਰ ‘ਚ ਨਹੀਂ ਹਨ ਉਸ ਬਾਰੇ ਉਹ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਚਿੱਠੀ ਲਿਖਣਗੇ ਤੇ ਇੰਟਰਨੈੱਟ ਨੂੰ ਵੀ ਫੌਰੀ ਚਾਲੂ ਕਰਨ ਦੀ ਮੰਗ ਕਰਨਗੇ।
Check Also
ਆਈਪੀਐੱਲ ਪ੍ਰੀਮੀਅਰ ਲੀਗ ਲਈ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਦੀ ਲਗਾਈ 27 ਕਰੋੜ ਰੁਪਏ ਬੋਲੀ
ਸ਼੍ਰੇਅਸ ਅਈਅਰ ’ਤੇ ਲੱਗੀ 26.75 ਕਰੋੜ ਰੁਪਏ ਦੀ ਬੋਲੀ ਸਾਊਦੀ ਅਰਬ/ਬਿਊਰੋ ਨਿਊਜ਼ : ਭਾਰਤੀ ਕਿ੍ਰਕਟ …