ਕਾਂਗਰਸ 4 ਸੀਟਾਂ ਜਿੱਤ ਕੇ ਲੈਅ ਵਿੱਚ ਆਈ
ਨਵੀਂ ਦਿੱਲੀ : ਦਿੱਲੀ ਨਗਰ ਨਿਗਮ ਦੇ ਤਿੰਨਾਂ ਜ਼ੋਨਾਂ ਦੇ 13 ਵਾਰਡਾਂ ਵਿੱਚ ਹੋਈ ਉਪ-ਚੋਣ ਵਿੱਚ ਆਮ ਆਦਮੀ ਪਾਰਟੀ ਨੇ ਪੰਜ ਸੀਟਾਂ ਜਿੱਤ ਕੇ ਨਗਰ ਨਿਗਮ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ। ਕਾਂਗਰਸ ਨੂੰ ਇਸ ਉਪ-ਚੋਣ ਵਿੱਚ ਫਾਇਦਾ ਹੋਇਆ ਤੇ ਉਹ 4 ਵਾਰਡਾਂ ਵਿੱਚ ਜਿੱਤੀ ਜਦਕਿ ਸੱਤਾਧਾਰੀ ਧਿਰ ਭਾਜਪਾ ਨੂੰ ਨੁਕਸਾਨ ਉਠਾਉਣਾ ਪਿਆ। ਭਾਜਪਾ ਆਪਣੇ ਪਹਿਲਾਂ ਜਿੱਤੇ ਹੋਏ ਅੱਠਾਂ ਵਾਰਡਾਂ ਵਿੱਚੋਂ ਸਿਰਫ਼ ਤਿੰਨ ਵਾਰਡਾਂ ਉਪਰ ਹੀ ਜਿੱਤ ਦਰਜ ਕਰ ਸਕੀ। ਆਮ ਆਦਮੀ ਪਾਰਟੀ ਆਪਣੇ ਵਿਧਾਨ ਸਭਾ ਵਾਲੇ ਪ੍ਰਦਰਸ਼ਨ ਨੂੰ ਤਾਂ ਨਾ ਦੁਹਰਾ ਸਕੀ ਪਰ ਉਹ ਵਿਰੋਧੀ ਧਿਰਾਂ ਨਾਲੋਂ ਸੀਟਾਂ ਦੀ ਗਿਣਤੀ ਵਿੱਚ ਅੱਗੇ ਜ਼ਰੂਰ ਰਹੀ।ਵੋਟਾਂ ਪੱਖੋਂ ‘ਆਪ’ ਦਾ ਸਮਰਥਨ 24 ਫੀਸਦੀ ਹੇਠਾਂ ਆਇਆ ਹੈ। ਆਜ਼ਾਦ ਉਮੀਦਵਾਰ ਰਾਜਿੰਦਰ ਸਿੰਘ ਤੰਵਰ ਭਾਟੀ ਵਾਰਡ ਤੋਂ ਜਿੱਤੇ ਜਿੱਥੇ ਐਤਵਾਰ ਨੂੰ ਹੋਈ ਪੋਲਿੰਗ ਦੌਰਾਨ ਸਭ ਤੋਂ ਵੱਧ ਪੋਲਿੰਗ ਹੋਈ ਸੀ। ‘ਆਪ’ ਦੇ ਉਮੀਦਵਾਰ ਅਭਿਸ਼ੇਕ ਬਿਧੂੜੀ ਨੇ ਤੇਅਖੰਡ ਤੋਂ ਭਾਜਪਾ ਉਮੀਦਵਾਰ ਸੁਨੀਲ ਵਰਮਾ ਨੂੰ 1555 ਵੋਟਾਂ ਦੇ ਫਰਕ ਨਾਲ ਹਰਾਇਆ। ‘ਆਪ’ ਦੇ ਉਮੀਦਵਾਰ ਰਮੇਸ਼ ਮਟਿਆਲਾ ਵਾਰਡ ਤੋਂ ਜੇਤੂ ਰਹੇ ਤੇ ਉਨ੍ਹਾਂ ਭਾਜਪਾ ਦੇ ਅਸ਼ੋਕ ਸ਼ਰਮਾ ਨੂੰ ਹਰਾਇਆ। ਅਨਿਲ ਮਲਿਕ ਨਾਨਕਪੁਰਾ ਤੋਂ ਭਾਜਪਾ ਦੇ ਨਿਤਿਨ ਸ਼ਰਮਾ ਉਪਰ ਭਾਰੂ ਰਹੇ। ਵਿਕਾਸ ਨਗਰ ਤੋਂ ਇਸੇ ਪਾਰਟੀ ਦੇ ਉਮੀਦਵਾਰ ਅਸ਼ੋਕ ਕੁਮਾਰ ਨੇ ਆਜ਼ਾਦ ਸੁਨੀਲ ਜਿੰਦਲ ਉਪਰ ਜਿੱਤ ਪ੍ਰਾਪਤ ਕੀਤੀ। ਬੱਲੀਮਾਰਾਂ ਤੋਂ ਮੁਹੰਮਦ ਸਾਦਿਕ ਨੇ ਆਜ਼ਾਦ ਉਮੀਦਵਾਰ ਮੁਹੰਮਦ ਕਜ਼ਾਫ਼ੀ ਨੂੰ ਹਰਾਇਆ। ਕਾਂਗਰਸ ਉਮੀਦਵਾਰ ਪੰਕਜ ਨੇ ਝਿਲਮਿਲ ਤੋਂ ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ (ਭਾਜਪਾ) ਨੂੰ ਹਰਾਇਆ। ਕਾਂਗਰਸ ਦੇ ਹੀ ਉਮੀਦਵਾਰ ਯੋਗਿਤਾ ਰਾਠੀ ਨੇ ਔਰਤਾਂ ਲਈ ਰਾਖਵੀਂ ਸੀਟ ਮੁਨੀਰਕਾ ਤੋਂ ‘ਆਪ’ ਦੀ ਉਮੀਦਵਾਰ ਸੁਨੀਤਾ ਟੋਕਸ ਉਪਰ ਜਿੱਤ ਪ੍ਰਾਪਤ ਕੀਤੀ। ਖਿਚੜੀਪੁਰ ਤੋਂ ਕਾਂਗਰਸ ਦੇ ਉਮੀਦਵਾਰ ਆਨੰਦ ਕੁਮਾਰ ਨੇ ਦਲਬਦਲੀ ਕਰਨ ਵਾਲੇ ਸਾਬਕਾ ਵਿਧਾਇਕ ਵਿਨੋਦ ਕੁਮਾਰ ਬਿੰਨੀ (ਭਾਜਪਾ) ਨੂੰ ਹਰਾਇਆ। ਕਮਰੂਦੀਨ ਤੋਂ ਅਸ਼ੋਕ ਭਾਰਦਵਾਜ ਨੇ ਭਾਜਪਾ ਦੇ ਅਨਿਲ ਸਿਨਹਾ ਨੂੰ ਮਾਤ ਦਿੱਤੀ।ਭਾਜਪਾ ਨੂੰ ਤਿੰਨ ਵਾਰਡਾਂ ਵਿੱਚ ਹੀ ਜਿੱਤ ਨਸੀਬ ਹੋਈ। ਵਜ਼ੀਰਪੁਰ ਤੋਂ ਮਹਿੰਦਰ ਨਾਗਪਾਲ ਨੇ ‘ਆਪ’ ਦੇ ਉਮੀਦਵਾਰ ਸਚਿਨ ਸਿੰਘਲ ਨੂੰ ਹਰਾਇਆ। ਨਵਾਦਾ ਤੋਂ ਭਾਜਪਾਈ ਉਮੀਦਵਾਰ ਕ੍ਰਿਸ਼ਨ ਗਹਿਲੌਤ ਨੇ ‘ਆਪ’ ਦੇ ਅਜੈ ਗਹਿਲੌਤ ਨੂੰ ਮਾਤ ਦਿੱਤੀ। ਸ਼ਾਲੀਮਾਰ ਬਾਗ਼ (ਉੱਤਰੀ) ਤੋਂ ਭੁਪਿੰਦਰ ਮੋਹਨ ਭੰਡਾਰੀ ਨੇ ਕਾਂਗਰਸ ਦੇ ਭਾਗਮਲ ਤੋਂ ਸੀਟ ਜਿੱਤੀ।ਭਾਜਪਾ ਸੱਤ ਵਾਰਡਾਂ ਵਿੱਚ ਦੂਜੇ ਨੰਬਰ ਉਪਰ ਰਹੀ ਤੇ ‘ਆਪ’ ਤਿੰਨ ਵਾਰਡਾਂ ਵਿੱਚ ਦੂਜੀ ਥਾਂ ਉਪਰ ਆਈ ਜਦੋਂ ਕਿ ਕਾਂਗਰਸ ਇੱਕ ਵਾਰਡ ਵਿੱਚ ਦੂਜੇ ਨੰਬਰ ਉਪਰ ਆਈ।’ਆਪ’ ਦੇ ਦਿੱਲੀ ਦਫ਼ਤਰ ਵਿੱਚ ਵਾਲੰਟੀਅਰਾਂ ਦਾ ਜੋਸ਼ ਦੇਖਣ ਵਾਲਾ ਸੀ ਤੇ ਉਹ ਦਿੱਲੀ ਨਗਰ ਨਿਗਮ ‘ਚ ਆਪਣੇ ਚੋਣ ਨਿਸ਼ਾਨ ਉਪਰ ਪਹਿਲੀ ਵਾਰ 5 ਕੌਂਸਲਰ ਭੇਜ ਕੇ ਖੁਸ਼ ਸਨ ਤੇ ਨੱਚ ਗਾ ਕੇ ਸੀਨੀਅਰ ਆਗੂਆਂ ਨਾਲ ਮਿਠਾਈਆਂ ਵੰਡ ਰਹੇ ਹਨ।
Check Also
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਵਧੀਆਂ
ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਵਿਚ ਘਰੇਲੂ ਗੈਸ ਸਿਲੰਡਰ 50 ਰੁਪਏ ਮਹਿੰਗਾ ਹੋ ਗਿਆ ਹੈ। ਅੱਜ …