Breaking News
Home / ਨਜ਼ਰੀਆ / ਤੇਲਗੂ ਬੋਲੀ ਨਾਲ ਮੇਰੇ ਮੁੱਢਲੇ ਦਿਨ

ਤੇਲਗੂ ਬੋਲੀ ਨਾਲ ਮੇਰੇ ਮੁੱਢਲੇ ਦਿਨ

ਵਿਕਰਮਜੀਤ ਦੁੱਗਲ ਆਈ.ਪੀ.ਐੱਸ
ਮੈਂ ਆਪਣੀ ਮਿਹਨਤ ਸਦਕਾ 2007 ਬੈਚ ਦਾ ਆਈ.ਪੀ.ਐਸ. ਅਧਿਕਾਰੀ ਚੁਣਿਆ ਗਿਆ ਤਾਂ ਆਪਣੀ ਮੁੱਢਲੀ ਟ੍ਰੇਨਿੰਗ ਮਸੂਰੀ ਵਿੱਚ ਕਰਨ ਤੋਂ ਬਾਅਦ ਹੈਦਰਾਬਾਦ ਦੀ ਨੈਸ਼ਨਲ ਪੁਲਸ ਅਕਾਦਮੀ ਵਿੱਚ ਜਾਣ ਲਈ ਬਹੁਤ ਹੀ ਉਤਸੁਕ ਸਾਂ। ਇਹ ਦਸੰਬਰ 2007 ਦੀ ਗੱਲ ਹੈ। ਮੇਰੀ ਮੰਗਣੀ ਡਾ. ਗੀਤਇੰਦਰ ਨਾਲ ਹੋਈ ਤੇ ਮੈਂ ਹੈਦਰਾਬਾਦ ਨੂੰ ਨਿਕਲ ਗਿਆ। ਉਸ ਵੇਲੇ ਮੈਨੂੰ ਨਹੀਂ ਸੀ ਪਤਾ ਕਿ ਬਤੌਰ ਆਈ.ਪੀ.ਐੱਸ ਅਧਿਕਾਰੀ ਦੇ ਮੈਨੂੰ ਕਿਹੜਾ ਰਾਜ ਮਿਲੇਗਾ ! ਜੂਨ 2008 ਵਿੱਚ ਜਦ ਸਾਰੇ ਬੈਚ ਨੂੰ ਅਲੱਗ-ਅਲੱਗ ਸੂਬੇ ਵੰਡੇ ਗਏ ਤਾਂ ਮੈਨੂੰ ਆਂਧਰਾ ਪ੍ਰਦੇਸ਼ ਮਿਲ ਗਿਆ। ਮੈਂ ਥੋੜ੍ਹਾ ਨਿਰਾਸ਼ ਵੀ ਸਾਂ ਕਿ ਮੈਨੂੰ ਮੇਰੇ ਪੰਜਾਬ ਕੋਲੋਂ ਇੰਨੀ ਦੂਰ ਜਾ ਕੇ ਨੌਕਰੀ ਕਰਨੀ ਪੈਣੀ ਹੈ। ਉਸ ਵੇਲੇ ਮੈਨੂੰ ਮੇਰੇ ਸਾਰੇ ਪਰਿਵਾਰ ਅਤੇ ਗੀਤਇੰਦਰ ਨੇ ਬਹੁਤ ਹੌਂਸਲੇ ਅਤੇ ਚੜ੍ਹਦੀ ਕਲਾ ਵਿੱਚ ਰੱਖਿਆ। ਮੈਂ ਵੀ ਠਾਣ ਲਿਆ ਸੀ ਕਿ ਜਿੱਥੇ ਵੀ ਮੈਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ, ਮੈਂ ਰੱਜ ਕੇ ਸੇਵਾ ਕਰਾਂਗਾ ਅਤੇ ਆਪਣੇ ਪੁਲਿਸ ਮੁਲਾਜ਼ਮਾਂ ਨਾਲ ਭਰੇ ਖਾਨਦਾਨ ਦਾ ਨਾਂ ਹੋਰ ਉੱਚਾ ਕਰਾਂਗਾ। ਇਹ ਸੋਚ ਲੈ ਕੇ ਮੈਂ ਅੱਗੇ ਵਧਿਆ।
ਸਾਡੇ ਬੈਚ ਵਿੱਚ ਕੁਲ 87 ਆਈ.ਪੀ.ਐਸ.ਅਧਿਕਾਰੀ (ਪ੍ਰੋਬੇਸ਼ਰੀ) ਸਨ। ਇਨ੍ਹਾਂ ਨੂੰ 6 ਜੱਥਿਆਂ ਵਿੱਚ ਵੰਡਿਆ ਗਿਆ ਸੀ। ਜੱਥੇ ਨੂੰ ਸਕਵਾਡ ਵੀ ਕਹਿ ਦਿੰਦੇ ਸਨ। ਮੇਰਾ ਸਕਵਾਡ ਨੰ.2 ਸੀ। ਹਰ ਸਕਵਾਡ ‘ਚ ਸਭ ਨੂੰ ਚੈਸੁਟ ਨੰਬਰ ਮਿਲੇ ਹੋਏ ਸਨ। ਮੇਰਾ ਚੈਸੁਟ ਨੰ.1 ਸੀ। ਚੈਸਟ ਨੰ.3 ਬੁਰੁਗੂ ਰਾਜ ਕੁਮਾਰੀ ਦਾ ਸੀ। ਬੁਰੁਗੂ ਰਾਜਕੁਮਾਰੀ ਆਂਧਰਾ ਪ੍ਰਦੇਸ਼ ਦੇ ਪੱਛਮ ਗੋਦਾਵਰੀ ਜ਼ਿਲ੍ਹੇ ਤੋਂ ਹੈ। ਉਸ ਦੀ ਸਾਡਾ ਸਾਰਾ ਬੈਚ ਬਹੁਤ ਕਦਰ ਕਰਦਾ। ਰਾਜਕੁਮਾਰੀ ਦੇ ਦੋ ਬੱਚੇ ਸਨ, ਜਦ ਉਸਨੇ ਆਈ.ਪੀ.ਐਸ. ਪਾਸ ਕੀਤੀ। ਉਹ ਉਨ੍ਹਾਂ ਸਾਰਿਆਂ ਲਈ ਇੱਕ ਉਦਾਹਰਣ ਹੈ, ਜੋ ਸਮਝਦੇ ਹਨ ਕਿ ਵਿਆਹ-ਸ਼ਾਦੀ ਤੇ ਬੱਚੇ ਪੈਦਾ ਹੋਣ ਤੋਂ ਬਾਅਦ ਜ਼ਿੰਦਗੀ ਰੁਕ ਜਾਂਦੀ ਹੈ ਤੇ ਜ਼ਿੰਦਗੀ ‘ਚ ਅੱਗੇ ਵੱਡੀ ਪੁਲਾਂਘ ਪੁੱਟਣੀ ਨਾਮੁਮਕਿਨ ਜਾਪਦੀ ਹੈ।
ਰਾਜਕੁਮਾਰੀ ਤੇਲਗੂ ਦੀ ਮੇਰੀ ਪਹਿਲੀ ਗੁਰੂ ਸੀ। ਸਾਡੇ ਜੱਥੇ ਦਾ ਉਸਤਾਦ (ਹੈਡ ਕੌਂਸਟੇਬਲ ਨਾਗਾ ਭੂਸ਼ਯਮ) ਵੀ ਤੇਲਗੂ ਸੀ। ਮੈਂ ਰਾਜਕੁਮਾਰੀ ਅਤੇ ਨਾਗਾ ਭੂਸ਼ਯਮ ਉਸਤਾਦ ਤੋਂ ਤੇਲਗੂ ਦੇ ਮੁੱਢਲੇ ਅੱਖਰ ਸਿੱਖਣੇ ਸ਼ੁਰੂ ਕੀਤੇ। ਇਹ 2008 ਦੇ ਆਖ਼ਿਰ ਦੀਆਂ ਗੱਲਾਂ ਹਨ। ਇਸੇ ਸਾਲ ਦੇ 25 ਅਕਤੂਬਰ  ਨੂੰ ਸਾਡਾ ਬੈਚ ਟ੍ਰੇਨਿੰਗ ਖ਼ਤਮ ਕਰਕੇ ਪਾਸ-ਆਊਟ ਹੋਇਆ। ਸਾਰਿਆਂ ਨੇ ਆਪੋ-ਆਪਣੇ ਕਾਡਰਾਂ (ਸਟੇਟਾਂ) ਵਿੱਚ ਰਿਪੋਰਟ ਕੀਤਾ। ਮੈਂ ਰਾਜਕੁਮਾਰੀ, ਰਾਹੁਲ ਬਾਰਹਟ (ਗੁਜਰਾਤ ਤੋਂ) ਅਤੇ ਨਿਤਿਨ ਤਿਵਾਰੀ (ਮੱਧ ਪ੍ਰਦੇਸ਼ ਤੋਂ), ਅਸੀਂ 4 ਜਣਿਆਂ ਨੇ ਆਂਧਰਾ ਪ੍ਰਦੇਸ਼ ਵਿੱਚ ਰਿਪੋਰਟ ਕੀਤਾ। ਮੈਨੂੰ ਕਰਨੂਲ ਜ਼ਿਲ੍ਹੇ ਦੇ ਐਸ.ਐਸ.ਪੀ. ਐਨ. ਮਧੂਰਮ ਰੈਡੀ ਨਾਲ ਫੀਲਡ ਟ੍ਰੇਨਿੰਗ ਲਈ ਲਾਇਆ ਗਿਆ। ਕਰਨੂਲ ਆਂਧਰਾ ਪ੍ਰਦੇਸ਼ ਦੇ ਰਾਇਲ ਸੀਮਾ ਇਲਾਕੇ ਦਾ ਇੱਕ ਜ਼ਿਲ੍ਹਾ ਹੈ। ਕਿਸੇ ਵੇਲੇ ਕਰਨੂਲ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਵੀ ਰਿਹਾ ਹੈ, ਜਦ ਇਹ ਸੂਬਾ ਮਦਰਾਸ ਸਟੇਟ ਤੋਂ ਅਲੱਗ ਹੋਇਆ ਸੀ (1953) ਵਿੱਚ। ਖੈਰ!
ਜਦ ਮੈਂ ਕਰਨੂਲ ‘ਚ ਰਿਪੋਰਟ ਕੀਤਾ (4 ਜਨਵਰੀ 2009) ਤਾਂ ਮੈਨੂੰ ਇੰਝ ਜਾਪੇ ਜਿਵੇਂ ਮੈਂ ਗੂੰਗਾ ਵੀ ਹਾਂ ਅਤੇ ਬੋਲਾ ਵੀ। ਇਹ ਇਸ ਕਰਕੇ ਕਿਉਂਕਿ ਨਾ ਮੈਨੂੰ ਕਿਸੇ ਗੱਲ ਦੀ ਸਮਝ ਆਵੇ ਅਤੇ ਨਾ ਹੀ ਮੈਂ ਆਪਣੀ ਗੱਲ ਕਿਸੇ ਨੂੰ ਸਮਝਾ ਸਕਾਂ। ਉਨ੍ਹਾਂ ਕੁਝ ਨੂੰ ਮੇਰੀ ਗੱਲ ਪੱਲੇ ਪੈ ਜਾਣੀ, ਜਿਨ੍ਹਾਂ ਨੂੰ ਥੋੜ੍ਹੀ ਬਹੁਤ ਅੰਗਰੇਜ਼ੀ,  ਉਰਦ ਜਾਂ ਹਿੰਦੀ ਆਉਂਦੀ ਸੀ। ਮੈਨੂੰ ਕਰਨੂਲ ਜ਼ਿਲ੍ਹੇ ਦੇ ਨੰਦਿਆਲ ਸ਼ਹਿਰ ਦੇ ਸਦਰ ਥਾਨੇ ਦਾ ਐਸ.ਐਚ.ਓ. ਲਾ ਦਿੱਤਾ ਗਿਆ।  ਇਹ ਪੜਾਅ ਆਈ.ਪੀ.ਐਸ. ਅਧਿਕਾਰੀ ਦੀ ਟ੍ਰੇਨਿੰਗ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ, ਜਿਸ ਵਿੱਚ ਉਹਨੂੰ ਤਿੰਨ-ਚਾਰ ਮਹੀਨੇ ਲਈ ਬਤੌਰ ਐਸ.ਐਚ.ਓ.ਕੰਮ ਕਰਨਾ ਪੈਂਦਾ ਹੈ। ਮੈਂ ਹਰ ਰੋਜ਼ ਸ਼ਾਮ ਨੂੰ ਪਿੰਡਾਂ ਦੇ ਦੌਰੇ ‘ਤੇ ਨਿਕਲ ਜਾਣਾ, ਤਾਂ ਜੋ ਮੈਂ ਤੇਲਗੂ ਸਮਾਜ ਵਿੱਚ ਖੁੱਲ੍ਹ ਕੇ ਵਿਚਰ ਸਕਾਂ ਅਤੇ ਉਨ੍ਹਾਂ ਨਾਲ ਬੋਲ-ਚਾਲ ਰਾਹੀਂ ਆਪਣੀ ਸਾਂਝ ਪੈਦਾ ਕਰ ਸਕਾਂ। ਮੈਂ ਆਪਣੇ ਐਸ.ਐਸ.ਪੀ. ਸਾਹਿਬ ਨੂੰ ਅਰਜ਼ ਕੀਤਾ ਕਿ ਸਰ, ਮੈਨੂੰ ਮੁਸਲਮਾਨ ਗਨਮੈਨ ਅਤੇ ਡਰਾਇਵਰ ਦਿੱਤੇ ਜਾਣ, ਤਾਂ ਜੋ ਉਹ ਮੈਨੂੰ ਪਿੰਡਾਂ ਦੇ ਲੋਕਾਂ ਦੀ ਗੱਲਬਾਤ ਦਾ ਅਨੁਵਾਦ ਤੇਲਗੂ ਤੋਂ ਉਰਦੂ-ਹਿੰਦੀ ਵਿੱਚ ਕਰਕੇ ਸਮਝਾ ਸਕਣ। ਇੱਥੇ ਹੀ ਮੈਨੂੰ ਪਤਾ ਲੱਗਿਆ ਕਿ ਹਿੰਦੀ ਦੇ ਪ੍ਰੋਫੈਸਰ ਡਾ. ਪਟਨ ਰਹੀਮ ਖਾਨ ਇੱਥੇ ਰਹਿੰਦੇ ਹਨ। ਮੈਂ ਉਹਨਾਂ ਦੀ ਭਾਲ ਕੀਤੀ। ਮਿਲੇ ਤਾਂ ਮੈਂ ਅਰਜ਼ ਕੀਤੀ ਕਿ ਖਾਨ ਸਾਹਬ ਮੇਰੀ ਤੇਲਗੂ ਸਿਖਣ ਵਿੱਚ ਮੱਦਦ ਕਰੋ। ਖਾਨ ਸਾਹਬ ਇੱਕ ਮਹੀਨੇ ਦੇ ਲੱਗਭਗ ਮੈਨੂੰ ਤੇਲਗੂ ਸਿਖਾਉਣ ਆਉਂਦੇ ਰਹੇ।  ਮੈਂ ਮੇਰੇ ਥਾਣੇ ਦੇ ਪੱਚੀ ਪਿੰਡਾਂ ‘ਚੋਂ ਇੱਕ ਪਿੰਡ ਦੀ ਸੱਥ ਵਿੱਚ ਸ਼ਾਮ ਨੂੰ ਬਿਨ ਨਾਗਾ ਜਾਂਦਾ ਸਾਂ। ਆਪਣੇ ਸਿਪਾਹੀਆਂ ਨੂੰ ਮੈਂ ਇੱਕ-ਇੱਕ ਪਿੰਡ ਅਲਾਟ ਕੀਤਾ ਅਤੇ ਕਿਹਾ ਕਿ ਉਹ ਆਪਣੇ ਆਪ ਨੂੰ ਉਸ ਪਿੰਡ ਦਾ ਐਸ.ਐਚ.ਓ. ਹੀ ਸਮਝਣ। ਜਦ ਮੈਂ ਉਸ ਪਿੰਡ ਵਿੱਚ ਜਾਣਾ ਤਾਂ ਉੱਥੋਂ ਦੇ ਸਿਪਾਹੀ ਨੇ ਲੋਕਾਂ ਨੂੰ ਸੱਥ ਵਿੱਚ ਜਮ੍ਹਾ ਕਰਕੇ ਰੱਖਣਾ। ਇਸੇ ਤਰ੍ਹਾਂ ਪੁੰਨਾ-ਪੁਰਮ ਪਿੰਡ ਵਿੱਚ ਇਕ ਗਰਾਮ ਸਭਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪਿੰਡ ਦੇ ਬੱਚੇ, ਬੁੱਢੇ, ਜਵਾਨ, ਔਰਤਾਂ ਅਤੇ ਹਰ ਵਰਗ ਸ਼ਾਮਿਲ ਹੋਇਆ। ਇਹ ਗੱਲ ਅਪ੍ਰੈਲ 2009 ਦੀ ਹੈ। ਪਾਰਲੀਮੈਂਟਰੀ ਅਤੇ ਅਸੈਂਬਲੀ ਚੋਣਾਂ ਸਿਰ ‘ਤੇ ਸਨ। ਮੈਂ ਲੋਕਾਂ ਨੂੰ ਚੋਣਾਂ ਬਾਰੇ ਜਾਣਕਾਰੀ ਦੇਣੀ ਸੀ। ਮੈਂ ਸਟੇਜ ਉੱਪਰ ਗਿਆ ਅਤੇ ਲੋਕਾਂ ਨੂੰ ਨਮਸਕਾਰ ਕੀਤਾ। ਟੁੱਟੀ ਭੱਜੀ ਤੇਲਗੂ ਬੋਲਣੀ ਸ਼ੁਰੂ ਕੀਤੀ ਤਾਂ ਲੋਕ ਬਹੁਤ ਖ਼ੁਸ਼ ਹੋਏ। ਮੈਨੂੰ ਮਨੋ-ਮਨੀ ਜਾਪੇ ਜਿਵੇਂ ਪਿੰਡ ਦੇ ਲੋਕ ਮੇਰਾ ਮਜ਼ਾਕ ਉਡਾ ਰਹੇ ਹੋਣ। ਅਸਲ ਵਿੱਚ ਉਹ ਇੰਨੇ ਖ਼ੁਸ਼ ਸਨ ਕਿ ਮੈਂ ਉਨ੍ਹਾਂ ਦੀ ਜ਼ਬਾਨ ਵਿੱਚ  ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਕਈਆਂ ਨੇ ਆ ਕੇ ਮੈਨੂੰ ਵਧਾਈ ਦਿੱਤੀ ਕਿ ਮੈਂ ਚੰਗੀ ਤੇਲਗੂ ਵਿੱਚ ਗੱਲ ਕੀਤੀ। ਮੇਰੇ ਡਰਾਇਵਰ ਅਤੇ ਗੰਨਮੈਨ (ਮਹੁੰਮਦ ਰਫੀ ਅਤੇ ਚਾਂਦ ਬਾਸ਼ਾ) ਨੇ ਵੀ ਮੈਨੂੰ ਦੱਸਿਆ ਕਿ ਲੋਕ ਮੇਰੀ ਤੇਲਗੂ ਦੀ ਸ਼ਲਾਘਾ ਕਰ ਰਹੇ ਸਨ। ਇਹ ਸੁਣ ਕੇ ਮੈਂ ਬਹੁਤ ਖ਼ੁਸ਼ ਹੋਇਆ। ਮੇਰੇ ਐਸ.ਐਸ.ਪੀ. ਸਾਹਿਬ ਵੀ ਮੇਰੀ ਤੇਲਗੂ ਵਿੱਚ ਦਿਲਚਸਪੀ ਨੂੰ ਲੈ ਕੇ ਬਹੁਤ ਖ਼ੁਸ਼ ਸਨ।
31 ਅਗਸਤ 2009 ਨੂੰ ਮੇਰੀ 2 ਸਾਲ ਦੀ ਪ੍ਰੋਬੇਸ਼ਨ ਖ਼ਤਮ ਹੋ ਗਈ। ਮੈਂ ਅਤੇ ਰਾਜ ਕੁਮਾਰੀ ਨੇ ਆਂਧਰਾ ਪ੍ਰਦੇਸ਼ ਦੀ ਉੱਘੀ ਕਮਾਂਡੋ ਫੋਰਸ ‘ਗ੍ਰੇ ਹਾਉਂਡਸ’ ਵਿੱਚ ਹਾਜ਼ਰੀ ਪਾਈ। ਆਂਧਰਾ ਪਰਦੇਸ ਦੇ ਨਵੇਂ ਆਈ.ਪੀ.ਐਸ. ਅਧਿਕਾਰੀਆਂ ਨੂੰ ਗ੍ਰੇ ਹਾਉਂਡਸ ਵਿੱਚ ਕੰਮ ਕਰਨਾ ਲਾਜ਼ਮੀ ਹੈ। 2 ਸਤੰਬਰ ਨੂੰ ਆਂਧਰਾ ਪਰਦੇਸ ਦੇ ਮੁੱਖ-ਮੰਤਰੀ ਸ੍ਰੀ ਵਾਈ.ਐਲ. ਰਾਜਸ਼ੇਖਰ ਰੈਡੀ ਦਾ ਹੈਲੀਕੈਪਟਰ ਹੈਦਰਾਬਾਦ ਤੋਂ ਤਿਰੁਪਤੀ ਜਾਂਦਾ ਰਾਹ ਵਿੱਚ ਹੀ ਗੁੰਮ ਹੋ ਗਿਆ। ਗ੍ਰੇ ਹਾਉਂਡਸ ਵਿੱਚ ਹੋਣ ਕਾਰਨ ਮੇਰੀ ਅਤੇ ਰਾਜਕੁਮਾਰੀ ਦੀ ਵੀ ਸਪੈਸ਼ਲ ਡਿਊਟੀ ਸੀ ਮੁੱਖ-ਮੰਤਰੀ ਦੇ ਹੈਲੀਕੈਪਟਰ ਦੀ ਭਾਲ-ਦਸਤੇ ਵਿੱਚ ਲਗਾਈ ਗਈ। (ਇਸ ਦਿਨ ਬਾਬਤ ਮੈਂ ਇੱਕ ਵੱਡਾ ਲੇਖ ਲਿਖਿਆ)। ਮੈਂ ਸੰਖੇਪ ਵਿੱਚ ਇਹ ਦੱਸਣਾ ਚਾਹੁੰਦਾ ਹਾਂ ਕਿ ਜਦ ਮੈਂ ਅਤੇ  ਮੇਰੇ ਇਕ ਕਮਾਂਡੋ ਕਾਸਿਮ ਅਲੀ ਨੇ ਆਪਣੀ ਜਾਨ ਜੋਖ਼ਿਮ ਵਿੱਚ ਪਾ ਕੇ ਘਟਨਾ ਸਥਾਨ ਨੂੰ ਨੱਲਾ ਮੱਲਾ ਦੇ 35,000 ਸਕੁਏਅਰ ਕਿਲੋਮੀਟਰ ਦੇ ਜੰਗਲ ਵਿੱਚ ਲੱਭਿਆ ਤਾਂ ਉੱਥੇ ਮੈਨੂੰ ਮੇਰੀ ਕਰਨੂਲ ਵਿੱਚ ਥੋੜ੍ਹੀ ਬਹੁਤ ਸਿੱਖੀ ਤੇਲਗੂ ਕੰਮ ਆਈ। ਉਨ੍ਹਾਂ ਜੰਗਲਾਂ ਵਿੱਚ ਚੇਚੂੰ ਨਾਮਕ ਆਦਿਵਾਸੀ ਰਹਿੰਦੇ ਹਨ, ਉਨ੍ਹਾਂ ਨਾਲ ਉਨ੍ਹਾਂ ਦੀ ਜ਼ੁਬਾਨ ਵਿੱਚ ਗੱਲ ਕਰਕੇ ਉਨ੍ਹਾਂ ਤੋਂ ਮਦਦ ਲਈ ਅਤੇ ਮੁੱਖ-ਮੰਤਰੀ ਸਮੇਤ ਪੰਜ ਜਣਿਆਂ ਦੀਆਂ ਲਾਸ਼ਾਂ ਚਾਦਰਾਂ ਵਿੱਚ ਪੈਕ ਕਰਵਾ ਕੇ ਹੈਲੀਕੈਪਟਰ ਰਾਹੀਂ ਕਰਨੂਲ ਹੈਡਕਵਾਟਰ ਵੱਲ ਰਵਾਨਾ ਕਰ ਦਿੱਤੀਆਂ।
ਫੋਨ 8332941100

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …