Breaking News
Home / ਪੰਜਾਬ / ਮਨਪ੍ਰੀਤ ਬਾਦਲ ਵਲੋਂ ਪੰਜਾਬ ਦਾ ਟੈਕਸ ਰਹਿਤ ਬਜਟ ਪੇਸ਼

ਮਨਪ੍ਰੀਤ ਬਾਦਲ ਵਲੋਂ ਪੰਜਾਬ ਦਾ ਟੈਕਸ ਰਹਿਤ ਬਜਟ ਪੇਸ਼

ਸੇਵਾ ਮੁਕਤੀ ਦੀ ਉਮਰ ਮੁੜ ਕੀਤੀ 58 ਸਾਲ ੲ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫਤ ਸਿੱਖਿਆ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਾਲ 2020-21 ਲਈ ਟੈਕਸ ਰਹਿਤ 7712 ਕਰੋੜ ਰੁਪਏ ਦਾ ਘਾਟੇ ਵਾਲਾ ਬਜਟ ਪੇਸ਼ ਕੀਤਾ ਹੈ। ਬਜਟ ਦਾ ਆਕਾਰ 1,54,805 ਕਰੋੜ ਰੁਪਏ ਦਾ ਹੈ। ਪੰਜਾਬ ਸਰਕਾਰ ਨੇ 58 ਸਾਲ ਤੋਂ ਵੱਧ ਉਮਰ ਦੇ ਮੁਲਾਜ਼ਮਾਂ ਨੂੰ ਦੋ ਕਿਸ਼ਤਾਂ ਵਿੱਚ ਸੇਵਾਮੁਕਤ ਕਰਨ ਦਾ ਫ਼ੈਸਲਾ ਕੀਤਾ ਹੈ। ਸਰਕਾਰ ਦੀ ਇਸ ਪੇਸ਼ਕਦਮੀ ਨਾਲ ਸੂਬੇ ਦੇ ਲਗਪਗ ਛੇ ਹਜ਼ਾਰ ਮੁਲਾਜ਼ਮ ਸੇਵਾਮੁਕਤ ਹੋ ਜਾਣਗੇ। ਮੁਲਾਜ਼ਮਾਂ ਨੂੰ ਛੇ ਫ਼ੀਸਦ ਡੀਏ ਅਤੇ ਇਸੇ ਸਾਲ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਵੀ ਫੈਸਲਾ ਕੀਤਾ ਹੈ। ਮੰਦੀ ਦੇ ਦੌਰ ਨੂੰ ਰੋਕਣ ਲਈ ਸੀਐੱਲਯੂ (ਚੇਂਜ ਆਫ਼ ਲੈਂਡ ਯੂਜ਼) ਚਾਰਜਿਜ਼ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਜਦੋਂਕਿ ਸੀਐੱਲਯੂ ਫੀਸ ਬਰਕਰਾਰ ਰਹੇਗੀ। ਇਸ ਨੇ ਨਾਲ ਹੀ ਪੰਜਾਬ ਸਰਕਾਰ ਨੇ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਦੇਣ ਦਾ ਐਲਾਨ ਕੀਤਾ ਹੈ।
ਵਿੱਤ ਮੰਤਰੀ ਵਲੋਂ ਕੀਤੇ ਵੱਖ ਵੱਖ ਐਲਾਨਾਂ ਦਾ ਹਾਕਮ ਧਿਰ (ਕਾਂਗਰਸ) ਦੇ ਮੈਂਬਰਾਂ ਨੇ ਮੇਜ਼ ਥਪਥਪਾ ਕੇ ਸਵਾਗਤ ਕੀਤਾ। ਵਿੱਤ ਮੰਤਰੀ ਨੇ ਕਿਹਾ ਕਿ ਉਨ੍ਹਾਂ ਪਿਛਲੇ ਤਿੰਨ ਸਾਲ ਵਿਧਾਇਕਾਂ ਨੂੰ ਗਰਾਂਟਾਂ ਦੇਣ ‘ਚ ਕੰਜੂਸੀ ਕੀਤੀ, ਪਰ ਅਗਲੇ ਦੋ ਸਾਲ ਅਜਿਹਾ ਨਹੀਂ ਕਰਨਗੇ ਤੇ ਹਲਕਿਆਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸਾ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਕਰੇਗੀ ਤੇ ਇਸ ਲਈ ਬਜਟ ਵਿੱਚ 520 ਕਰੋੜ ਰੁਪਏ ਰੱਖੇ ਗਏ ਹਨ। ਕਿਸਾਨਾਂ ਦੀ ਕਰਜ਼ਾ ਮੁਆਫੀ ਲਈ 1480 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਕਰਜ਼ਾ ਮੁਆਫੀ ਲਈ 16 ਮਾਰਚ ਨੂੰ ਸਮਾਗਮ ਕਰਵਾਇਆ ਜਾਵੇਗਾ।
ਪੰਜਾਬ ਸਰਕਾਰ ਨੇ ਬਜਟ ਵਿੱਚ ਇਸੇ ਸਾਲ 6ਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਲਈ ਚਾਰ ਹਜ਼ਾਰ ਕਰੋੜ ਰੁਪਏ ਰੱਖੇ ਹਨ। ਮੁਲਾਜ਼ਮਾਂ ਨੂੰ ਛੇ ਫੀਸਦੀ ਡੀਏ ਦੇਣ ਲਈ ਛੇ ਸੌ ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪਿਛਲੀ ਸਰਕਾਰ ਸਮੇਂ ਅਨਾਜ ਦੇ 31,000 ਕਰੋੜ ਰੁਪਏ ਦੇ ਕਰਜ਼ੇ ਕਾਰਨ ਇਸ ਸਾਲ 31 ਮਾਰਚ ਤਕ 10,530 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਈ ਹੈ। ਜੇਕਰ ਇਹ ਪੈਸਾ ਸਰਕਾਰ ਕੋਲ ਹੁੰਦਾ ਤਾਂ ਵਿਕਾਸ ਦੇ ਕਈ ਅਹਿਮ ਮਸਲੇ ਹੱਲ ਹੋ ਜਾਣੇ ਸਨ। ਪੰਜਾਬ ਸਰਕਾਰ ਨੂੰ ਪਿਛਲੇ ਸਾਲ ਜੀਐੱਸਟੀ, ਵੈਟ, ਆਬਕਾਰੀ, ਅਸ਼ਟਾਮ ਅਤੇ ਰਜਿਸਟਰੀਆਂ ਤੋਂ ਅਨੁਮਾਨਤ ਮਾਲੀਆ ਨਹੀਂ ਮਿਲਿਆ, ਪਰ ਬਿਜਲੀ ਤੇ ਕਰ ਤੋਂ ਅਨੁਮਾਨਤ 2711 ਕਰੋੜ ਰੁਪਏ ਦੀ ਥਾਂ 4479.31 ਕਰੋੜ ਰੁਪਏ ਮਿਲੇ। ਇਸ ਦੇ ਨਾਲ ਪੀਐੱਸਪੀਸੀਐੱਲ ਨੇ ਪਿਛਲੇ ਸਾਲ 80 ਕਰੋੜ ਦਾ ਮੁਨਾਫਾ ਕਮਾਇਆ ਹੈ ਤੇ ਲਾਈਨ ਨੁਕਸਾਨ ਘੱਟ ਕੇ 12.04 ਫੀਸਦੀ ਰਹਿ ਗਏ ਹਨ।
ਬਜਟ ਵਿੱਚ ਖੇਤੀਬਾੜੀ ਅਤੇ ਸਬੰਧਤ ਸੈਕਟਰਾਂ ਲਈ 12,526 ਕਰੋੜ, ਸਿੱਖਿਆ ਲਈ 13,092 ਕਰੋੜ, ਸਿਹਤ ਲਈ 4675 ਕਰੋੜ, ਸਮਾਜਿਕ ਨਿਆਂ, ਘੱਟਗਿਣਤੀਆਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਭਲਾਈ ਲਈ ਕ੍ਰਮਵਾਰ 901 ਕਰੋੜ ਤੇ 3498 ਕਰੋੜ, ਖੇਡਾਂ ਅਤੇ ਯੁਵਕ ਸੇਵਾਵਾਂ ਲਈ 270 ਕਰੋੜ, ਪੇਂਡੂ ਅਤੇ ਸ਼ਹਿਰੀ ਬੁਨਿਆਦੀ ਢਾਂਚੇ ਲਈ ਕ੍ਰਮਵਾਰ 3830 ਕਰੋੜ ਅਤੇ 5026 ਕਰੋੜ ਰੁਪਏ, ਸੜਕਾਂ ਲਈ 2276 ਕਰੋੜ, ਪਾਣੀ ਸਪਲਾਈ ਤੇ ਸੈਨੀਟੇਸ਼ਨ ਲਈ ਕ੍ਰਮਵਾਰ 2029 ਕਰੋੜ ਅਤੇ 2510 ਕਰੋੜ ਰੁਪਏ ਰੱਖੇ ਗਏ ਹਨ।
ਕਿਸਾਨਾਂ ਦੀ ਆਮਦਨ ਵਧਾਉਣ ਦੇ ਨਜ਼ਰੀਏ ਤੋਂ ਸਿਖਲਾਈ ਦੇਣ ਲਈ ਗੁਰਦਾਸਪੁਰ ਅਤੇ ਬਲਾਚੌਰ ਵਿੱਚ ਦੋ ਨਵੇਂ ਖੇਤੀਬਾੜੀ ਕਾਲਜ ਖੋਲ੍ਹੇ ਜਾਣਗੇ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਲਈ ਸਬਸਿਡੀ ਦਾ ਪ੍ਰਬੰਧ ਕੀਤਾ ਹੈ। ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਤਹਿਤ 200 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਯੋਜਨਾ ਤਹਿਤ 141 ਕਰੋੜ ਰੁਪਏ ਦੇ ਪ੍ਰਬੰਧ ਕੀਤਾ ਹੈ। ‘ਪਾਣੀ ਬਚਾਓ ਅਤੇ ਪੈਸਾ ਕਮਾਓ’ ਸਕੀਮ ਤਹਿਤ 40 ਕਰੋੜ ਦਾ ਪ੍ਰਬੰਧ ਕੀਤਾ ਹੈ। ਮਾਈਕਰੋ ਸਿੰਜਾਈ ਲਈ ਪਾਈਪਾਂ ਪਾਉਣ ਵਾਸਤੇ 100 ਕਰੋੜ ਰੁਪਏ, ਸੌਰ ਊਰਜਾ ਤਹਿਤ ਖੇਤੀ ਸੈਕਟਰ ਵਿਚ 11,371 ਸੌਰ ਊਰਜਾ ਟਿਊਬਵੈੱਲ ਲਾਏ ਜਾਣਗੇ। ਫਸਲੀ ਵਿਭਿੰਨਤਾ ਲਈ 200 ਕਰੋੜ ਦਾ ਪ੍ਰਬੰਧ ਕੀਤਾ ਹੈ। ਗੁਰਦਾਸਪੁਰ ਅਤੇ ਬਟਾਲਾ ਖੰਡ ਮਿਲਾਂ ਲਈ 100 ਕਰੋੜ ਰੁਪਏ ਰੱਖੇ ਹਨ। ਕਿਸਾਨਾਂ ਨੂੰ ਮਾਰਕੀਟਿੰਗ ਇੰਟੈਲੀਜੈਂਸ ਸਰਵਿਸ ਦੇਣ ਲਈ 10 ਕਰੋੜ ਰਾਖਵੇਂ ਕੀਤੇ ਹਨ। ਪੇਂਡੂ ਵਿਕਾਸ ਅਤੇ ਪੰਚਾਇਤਾਂ ਲਈ 3890 ਕਰੋੜ ਰੁਪਏ ਰੱਖੇ ਗਏ ਹਨ, ਪਰ ਕੇਂਦਰੀ ਗਰਾਂਟ ਦਾ ਪੈਸਾ ਘੱਟ ਮਿਲਣ ਕਰਕੇ ਬਜਟ ਕੁਝ ਘਟਿਆ ਹੈ, ਪਰ ਰਾਜ ਸਰਕਾਰ ਨੇ ਆਪਣੇ ਹਿੱਸੇ ਦਾ ਬਜਟ ਵਧਾਉਣ ਦਾ ਦਾਅਵਾ ਕੀਤਾ ਹੈ। ਜਲੰਧਰ ਦੇ ਬੱਲਾਂ ਪਿੰਡ ਦੇ ਵਿਕਾਸ ‘ਤੇ ਪੰਜ ਕਰੋੜ ਰੁਪਏ ਖਰਚੇ ਜਾਣਗੇ। ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਲਈ 32 ਕਰੋੜ ਅਤੇ ਫਾਜ਼ਿਲਕਾ ਦੇ ਸੱਪਾਂਵਾਲੀ ਪਿੰਡ ਵਿੱਚ 62 ਕਰੋੜ ਦੀ ਲਾਗਤ ਨਾਲ ਵੈਟਰਨਰੀ ਕਾਲਜ ਅਤੇ ਖੋਜ ਕੇਂਦਰ ਬਣਾਇਆ ਜਾਵੇਗਾ। ਆਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ 25 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਹੈ। ਉਦਯੋਗਿਕ ਖੇਤਰ ਲਈ 1,000 ਏਕੜ ਜ਼ਮੀਨ ‘ਚ ਤਿੰਨ ਮੈਗਾ ਉਦਯੋਗਿਕ ਪਾਰਕ ਲੁਧਿਆਣਾ ਤੇ ਬਠਿੰਡਾ ਵਿੱਚ ਵਿਕਸਤ ਕੀਤੇ ਜਾਣਗੇ।
ਵਿੱਤ ਮੰਤਰੀ ਨੇ ਸਕੂਲ ਸਿੱਖਿਆ ਵਿੱਚ ਸੁਧਾਰਾਂ ਅਤੇ ਚੰਗੇ ਨਤੀਜਿਆਂ ਲਈ ਸਕੂਲ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਸਿਫ਼ਤ ਕੀਤੀ।
ਸਮਾਰਟ ਫੋਨ
ਵਿੱਤ ਮੰਤਰੀ ਨੇ ਦੱਸਿਆ ਕਿ ਬਜਟ ‘ਚ ਸਮਾਰਟ ਫ਼ੋਨ ਵੰਡਣ ਲਈ 100 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਸਰਕਾਰ 10 ਲੱਖ ਸਮਾਰਟ ਫ਼ੋਨ ਵੰਡਣਾ ਚਾਹੁੰਦੀ ਹੈ ਪਰ ਉਨ੍ਹਾਂ ਕਿਹਾ ਕਿ ਚੀਨ ਤੋਂ ਆਵਾਜਾਈ ਰੁਕਣ ਕਾਰਨ ਇਨ੍ਹਾਂ ਫ਼ੋਨਾਂ ਦੀ ਪ੍ਰਾਪਤੀ ਦੇਰੀ ਨਾਲ ਹੋ ਰਹੀ ਹੈ।
ਬਜਟ ਦੇ ਅਹਿਮ ਨੁਕਤੇ
ੲ ਬਾਰ੍ਹਵੀਂ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਮੁਹੱਈਆ ਕਰਵਾਉਣ ਦਾ ਫੈਸਲਾ
ੲ 58 ਸਾਲ ਦੇ ਮੁਲਾਜ਼ਮਾਂ ਨੂੰ ਸੇਵਾਮੁਕਤ ਕਰਨ ਦਾ ਐਲਾਨ
ੲ ਸੇਵਾਮੁਕਤੀ ਦੇ ਲਾਭ ਦੇਣ ਲਈ ਚਾਰ ਹਜ਼ਾਰ ਕਰੋੜ ਰੁਪਏ ਰੱਖੇ
ੲ ਛੇ ਫ਼ੀਸਦ ਡੀਏ ਦੀ ਕਿਸ਼ਤ ਅਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਨ ਦਾ ਫ਼ੈਸਲਾ
ੲ ਸੀਐੱਲਯੂ ਫੀਸ ਰਹੇਗੀ, ਪਰ ਚਾਰਜਿਜ਼ ਮੁਆਫ਼ ਕਰਨ ਦਾ ਐਲਾਨ
ੲ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਕਰਜ਼ਿਆਂ ‘ਤੇ ਲੀਕ ਮਾਰਨ ਲਈ ਕ੍ਰਮਵਾਰ 1480 ਕਰੋੜ ਤੇ 572 ਕਰੋੜ ਰੁਪਏ ਦਾ ਪ੍ਰਬੰਧ
ੲ ਗੁਰਦਾਸਪੁਰ ਅਤੇ ਬਲਾਚੌਰ ‘ਚ ਦੋ ਨਵੇਂ ਖੇਤੀਬਾੜੀ ਕਾਲਜ ਖੁੱਲ੍ਹਣਗੇ
ੲ 11,371 ਸੌਰ ਊਰਜਾ ਟਿਊਬਵੈਲ ਲਾਉਣ ਦੀ ਤਜਵੀਜ਼
ੲ ਗੁਰਦਾਸਪੁਰ ਅਤੇ ਬਟਾਲਾ ਖੰਡ ਮਿਲਾਂ ਲਈ 100 ਕਰੋੜ ਰੁਪਏ ਰੱਖੇ
ੲ ਫਾਜ਼ਿਲਕਾ ਦੇ ਸੱਪਾਂਵਾਲੀ ਪਿੰਡ ‘ਚ ਵੈਟਰਨਰੀ ਕਾਲਜ ਅਤੇ ਖੋਜ ਕੇਂਦਰ ਬਣਾਇਆ ਜਾਵੇਗਾ
ੲ ਲੁਧਿਆਣਾ, ਰਾਜਪੁਰਾ ਤੇ ਬਠਿੰਡਾ ‘ਚ ਬਣਨਗੇ ਉਦਯੋਗਿਕ ਪਾਰਕ
ੲ ਸਿੱਖਿਆ ਲਈ 12,488 ਕਰੋੜ ਰੁਪਏ ਦਾ ਪ੍ਰਬੰਧ
ੲ ਪੰਜ ਨਵੇਂ ਸਰਕਾਰੀ ਕਾਲਜ ਬਣਾਉਣ ਲਈ 25 ਕਰੋੜ ਰੁਪਏ
ੲ ਸਿਹਤ ਅਤੇ ਪਰਿਵਾਰ ਭਲਾਈ ਲਈ 3778 ਕਰੋੜ ਰੁਪਏ ਦਾ ਪ੍ਰਬੰਧ
ੲ ਪੇਂਡੂ ਆਵਾਸ ਯੋਜਨਾ ਤਹਿਤ 10 ਹਜ਼ਾਰ ਲੋਕਾਂ ਦੇ ਮਕਾਨ ਹੋਣਗੇ ਪੱਕੇ
ੲ ਤਰਨਤਾਰਨ ਜ਼ਿਲ੍ਹੇ ‘ਚ ਸ੍ਰੀ ਗੁਰੂ ਤੇਗ ਬਹਾਦਰ ਲਾਅ ਯੂਨੀਵਰਸਿਟੀ ਸਥਾਪਤ ਹੋਵੇਗੀ।
ਮਨਪ੍ਰੀਤ ਦਾ ਘਰ ਘੇਰਨ ਆਏ ਮਜੀਠੀਆ ਨੂੰ ਪਹੁੰਚਾਇਆ ਥਾਣੇ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਖੁਦਕੁਸ਼ੀ ਪੀੜਤ ਕਿਸਾਨ ਪਰਿਵਾਰਾਂ ਦੀ ਓਟ ਲੈ ਕੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸੈਕਟਰ 2 ਸਥਿਤ ਸਰਕਾਰੀ ਕੋਠੀ ਨੂੰ ਅਜਿਹਾ ਘੇਰਾ ਪਾਇਆ ਕਿ ਵਿੱਤ ਮੰਤਰੀ ਸਮੇਂ ਸਿਰ ਵਿਧਾਨ ਸਭਾ ਨਾ ਪਹੁੰਚ ਸਕੇ। ਵਿੱਤ ਮੰਤਰੀ ਦੇ ਦੇਰੀ ਨਾਲ ਪਹੁੰਚਣ ਕਾਰਨ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੂੰ ਸਦਨ ਦੀ ਕਾਰਵਾਈ ਨੂੰ 20 ਮਿੰਟ ਲਈ ਮੁਲਤਵੀ ਕਰ ਦਿੱਤਾ। ਸਦਨ ਨੇ ਅਕਾਲੀ ਦਲ ਦੀ ਕਾਰਵਾਈ ਦੀ ਨਿੰਦਾ ਕਰਦਿਆਂ ਬਾਦਲ ਦੀ ਕੋਠੀ ਘੇਰਨ ਨੂੰ ਸਦਨ ਦੀ ਤੌਹੀਨ ਕਰਾਰ ਦਿੱਤਾ ਅਤੇ ਮਾਮਲਾ ਮਰਿਆਦਾ ਕਮੇਟੀ ਦੇ ਹਵਾਲੇ ਕਰਨ ਸਬੰਧੀ ਮਤਾ ਪਾਸ ਕਰ ਦਿੱਤਾ। ਮਨਪ੍ਰੀਤ ਸਿੰਘ ਬਾਦਲ ਨੂੰ ਬਜਟ ਪੇਸ਼ ਕਰਨ ਲਈ ਵਿਧਾਨ ਸਭਾ ਪਹੁੰਚਾਉਣ ਵਾਸਤੇ ਚੰਡੀਗੜ੍ਹ ਪੁਲਿਸ ਨੇ ਅਕਾਲੀ ਦਲ ਦੇ ਵਿਧਾਇਕਾਂ ਅਤੇ ਖੁਦਕੁਸ਼ੀ ਪੀੜਤ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਇਨ੍ਹਾਂ ਸਾਰਿਆਂ ਨੂੰ ਸੈਕਟਰ ਤਿੰਨ ਦੇ ਥਾਣੇ ਲੈ ਗਈ ਜਦੋਂ ਕਿ ਬਿਕਰਮ ਸਿੰਘ ਮਜੀਠੀਆ ਨੂੰ ਸੈਕਟਰ 17 ਦੇ ਥਾਣੇ ਲਿਜਾਇਆ ਗਿਆ। ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵੀ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਥਾਣੇ ਪਹੁੰਚੇ।
ਸੇਵਾਮੁਕਤੀ: ਦੋ ਕਿਸ਼ਤਾਂ ‘ਚ ਲਾਗੂ ਹੋਵੇਗਾ ਫ਼ੈਸਲਾ
ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਮੁਲਾਜ਼ਮਾਂ ਨੂੰ 58 ਸਾਲ ਦੀ ਉਮਰ ਵਿੱਚ ਸੇਵਾ ਮੁਕਤ ਕਰਨ ਦਾ ਫ਼ੈਸਲਾ ਇਸ ਸਾਲ 31 ਮਾਰਚ ਅਤੇ 30 ਸਤੰਬਰ ਤੋਂ ਦੋ ਕਿਸ਼ਤਾਂ ਵਿਚ ਲਾਗੂ ਕੀਤਾ ਜਾਵੇਗਾ। ਜਿਨ੍ਹਾਂ ਮੁਲਾਜ਼ਮਾਂ ਦੀ ਉਮਰ 59 ਸਾਲ ਹੋ ਗਈ ਹੈ, ਉਨ੍ਹਾਂ ਨੂੰ 31 ਮਾਰਚ ਤੋਂ ਅਤੇ 58 ਸਾਲ ਤੋਂ ਵੱਧ ਵਾਲਿਆਂ ਨੂੰ 30 ਸਤੰਬਰ ਨੂੰ ਸੇਵਾ ਮੁਕਤ ਕੀਤਾ ਜਾਵੇਗਾ। ਇਸ ਫ਼ੈਸਲੇ ਨਾਲ ਛੇ ਹਜ਼ਾਰ ਦੇ ਕਰੀਬ ਮੁਲਾਜ਼ਮ ਸੇਵਾ ਮੁਕਤ ਹੋਣਗੇ ਤੇ ਉਨ੍ਹਾਂ ਨੂੰ ਬਕਾਇਆ ਦੇਣ ਲਈ ਬਜਟ ਵਿਚ ਚਾਰ ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ। ਇਨ੍ਹਾਂ ਦੀ ਥਾਂ ‘ਤੇ ਨੌਜਵਾਨ ਮੁਲਾਜ਼ਮ ਰੱਖੇ ਜਾਣਗੇ।
ਵਿਦੇਸ਼ਾਂ ‘ਚ ਪਰਵਾਸ ਤੇ ਮਹਿੰਗੀ ਬਿਜਲੀ ਦੇ ਮੁੱਦੇ ਗਾਇਬ
ਪੰਜਾਬ ਵਿੱਚ ਆਈਲੈਟਸ ਦੀ ਖੁੱਲ੍ਹੀ ਇੰਡਸਟਰੀ ਰਾਹੀਂ ਸੂਬੇ ਦਾ ਮਨੁੱਖੀ ਅਤੇ ਪੂੰਜੀਗਤ ਸਰਮਾਇਆ ਲਗਾਤਾਰ ਵਿਦੇਸ਼ ਜਾਣ ਦੀ ਗੱਲ ਕਰਨ ਦੀ ਵਿੱਤ ਮੰਤਰੀ ਨੇ ਲੋੜ ਨਹੀਂ ਸਮਝੀ। ਬਿਜਲੀ ਦੇ ਮੁੱਦੇ ‘ਤੇ ਕੇਵਲ ਕਿਸਾਨਾਂ, ਉਦਯੋਗਪਤੀਆਂ ਅਤੇ ਗਰੀਬਾਂ ਤੇ ਦਲਿਤਾਂ ਨੂੰ 200 ਯੂਨਿਟ ਬਿਜਲੀ ਮੁਫ਼ਤ ਜਾਰੀ ਰੱਖਣ ਲਈ 12 ਹਜ਼ਾਰ ਕਰੋੜ ਰੁਪਏ ਸਬਸਿਡੀ ਦੇਣ ਦੀ ਗੱਲ ਤੋਂ ਅੱਗੇ ਲਗਾਤਾਰ ਮਹਿੰਗੀ ਹੋ ਰਹੀ ਬਿਜਲੀ ਅਤੇ ਨਿੱਜੀ ਥਰਮਲ ਕੰਪਨੀਆਂ ਨਾਲ ਬਿਜਲੀ ਸਮਝੌਤਿਆਂ ਬਾਰੇ ਮੁੜ ਵਿਚਾਰ ਕਰਨ ਦੇ ਮੁੱਦੇ ਛੇੜੇ ਹੀ ਨਹੀਂ ਗਏ।

Check Also

ਕਰਜ਼ੇ ’ਚ ਡੁੱਬੇ ਜਗਰਾਓ ਦੇ ਕਿਸਾਨ ਸੁਖਮੰਦਰ ਸਿੰਘ ਨੇ ਪੀਤੀ ਜ਼ਹਿਰ

ਤਿੰਨ ਧੀਆਂ ਦੇ ਪਿਤਾ ਨੇ ਇਲਾਜ਼ ਦੌਰਾਨ ਤੋੜਿਆ ਦਮ ਜਗਰਾਉਂ/ਬਿਊਰੋ ਨਿਊਜ਼ : ਸਮੇਂ-ਸਮੇਂ ਦੀਆਂ ਸਰਕਾਰਾਂ …