Breaking News
Home / ਪੰਜਾਬ / ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਵਿਚ ਦਿੱਤਾ ਪਲੇਠਾ ਭਾਸ਼ਣ

ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵਿਧਾਨ ਸਭਾ ਵਿਚ ਦਿੱਤਾ ਪਲੇਠਾ ਭਾਸ਼ਣ

ਰਾਜਪਾਲ ਨੇ ‘ਆਪ’ ਦੀ ਨਵੀਂ ਹਕੂਮਤ ਦੇ ਪੰਜ ਸਾਲਾਂ ਦਾ ਖਾਕਾ ਕੀਤਾ ਪੇਸ਼
ਕਿਹਾ : ਸੂਬੇ ‘ਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਨਿਭਾਉਣ, ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਅਤੇ ਕਾਨੂੰਨ ਵਿਵਸਥਾ ਲਾਗੂ ਕਰਨ ‘ਤੇ ਜ਼ੋਰ ਦੇਵੇਗੀ। ਉਨ੍ਹਾਂ ਨਸ਼ਿਆਂ ਦੇ ਖਾਤਮੇ ਅਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ। ਪੰਜਾਬ ਵਿਧਾਨ ਸਭਾ ‘ਚ ਪਲੇਠੇ ਭਾਸ਼ਨ ਵਿੱਚ ਰਾਜਪਾਲ ਵੱਲੋਂ ਇੱਕ ਤਰ੍ਹਾਂ ਨਾਲ ‘ਆਪ’ ਦੀ ਨਵੀਂ ਹਕੂਮਤ ਦੇ ਪੰਜ ਸਾਲਾਂ ਦਾ ਖਾਕਾ ਪੇਸ਼ ਕੀਤਾ ਗਿਆ। ਭਾਸ਼ਨ ਵਿੱਚ ਰਾਜਪਾਲ ਨੇ ਸੂਬੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦੇ ਕੁਸ਼ਾਸਨ ਦੀ ਗੱਲ ਕਰਦਿਆਂ ਸੂਬੇ ਨੂੰ ਕਰਜ਼ਾਈ ਬਣਾਉਣ, ਨੌਜਵਾਨਾਂ ‘ਚ ਨਿਰਾਸ਼ਾ ਪੈਦਾ ਕਰਨ, ਖੇਤੀ, ਸਿਹਤ, ਸਿੱਖਿਆ ਅਤੇ ਹੋਰ ਖੇਤਰਾਂ ‘ਚ ਨਿਘਾਰ ਲਿਆਉਣ ਲਈ ਵੀ ਜ਼ਿੰਮੇਵਾਰ ਦੱਸਿਆ। ਪੁਰੋਹਿਤ ਨੇ ਵਿਧਾਨ ਸਭਾ ਚੋਣਾਂ ‘ਚ ਸੱਤਾਧਾਰੀ ਧਿਰ ਦੀ ਜਿੱਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਦੀ ਵਰਤੋਂ ਕਰਦਿਆਂ ਨਵੀਂ ਆਸ ਤੇ ਦਿਸ਼ਾ ‘ਚ ਭਰੋਸਾ ਪ੍ਰਗਟਾਇਆ ਹੈ। ਇਸ ਲਈ ਪੰਜਾਬ ਦਾ ਗੌਰਵ ਬਹਾਲ ਕਰਨਾ ਹੀ ਸਰਕਾਰ ਦੀ ਪ੍ਰਮੁੱਖਤਾ ਹੋਵੇਗਾ। ਉਨ੍ਹਾਂ ਸਿਆਸੀ ਬਦਲਾਖੋਰੀ ਦਾ ਅੰਤ ਕਰਨ ਅਤੇ ਸਿਆਸੀ ਵਿਰੋਧੀਆਂ ਦੇ ਕਿਰਦਾਰਕੁਸ਼ੀ ਦੇ ਸੱਭਿਆਚਾਰ ਨੂੰ ਬੰਦ ਕਰਨ ਦਾ ਹਵਾਲਾ ਵੀ ਆਪਣੇ ਭਾਸ਼ਨ ਵਿੱਚ ਦਿੱਤਾ।
ਰਾਜਪਾਲ ਨੇ ਕਿਹਾ, ”ਲੋਕਤੰਤਰ ਵਿੱਚ ਅਸਲ ਤਾਕਤ ਲੋਕਾਂ ਦੇ ਹੱਥ ਹੁੰਦੀ ਹੈ ਇਸ ਲਈ ‘ਆਪ’ ਸਰਕਾਰ ਇਸ ਸਿਧਾਂਤ ‘ਤੇ ਪਹਿਰਾ ਦੇਵੇਗੀ ਜਦੋਂ ਕਿ ਪਹਿਲਾਂ ਵਾਲੇ ਸਾਸ਼ਕ ਆਪਣੇ ਆਪ ਨੂੰ ਮਾਲਕ ਅਤੇ ਲੋਕਾਂ ਨੂੰ ਗੁਲਾਮ ਸਮਝਣ ਲੱਗ ਪਏ ਸਨ। ਸਰਕਾਰੀ ਤੰਤਰ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।” ਰਾਜਪਾਲ ਨੇ ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਦਾ ਭੋਗ ਪਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਗੈਰ ਸਮਾਜਿਕ ਤੱਤਾਂ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਸਰਮਾਏ ਨੂੰ ਲੁੱਟ ਕੇ ਸੂਬੇ ਨੂੰ ਭਾਰੀ ਮਾਲੀ ਨੁਕਸਾਨ ਪਹੁੰਚਾਇਆ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਵੱਲੋਂ ਕੀਤੇ ਗਏ ਵਾਅਦੇ ਨਿਭਾਉਣ ਦੀ ਗੱਲ ਕਰਦਿਆਂ ਪੁਰੋਹਿਤ ਨੇ ਕਿਹਾ ਕਿ 18 ਸਾਲ ਉਮਰ ਤੋਂ ਉਪਰ ਦੀ ਹਰ ਮਹਿਲਾ ਨੂੰ 1 ਹਜ਼ਾਰ ਰੁਪਏ ਦੀ ਮਾਲੀ ਇਮਦਾਦ ਦਿੱਤੀ ਜਾਵੇਗੀ।
ਬੁਢਾਪਾ ਪੈਨਸ਼ਨ ਲੈ ਰਹੀਆਂ ਮਹਿਲਾਵਾਂ ਨੂੰ ਪੈਨਸ਼ਨ ਦੇ ਨਾਲ 1 ਹਜ਼ਾਰ ਰੁਪਇਆ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਰ ਘਰ ਨੂੰ ਬਿਜਲੀ ਦੀਆਂ 300 ਯੂਨਿਟਾਂ ਮੁਫ਼ਤ ਦੇਣ ਦੇ ਵਾਅਦੇ ‘ਤੇ ਵੀ ਅਮਲ ਕੀਤਾ ਜਾਵੇਗਾ।

Check Also

ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ

ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …