Breaking News
Home / ਪੰਜਾਬ / ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ‘ਚ ਵੀ ਕਰੋਨਾ ਵਾਇਰਸ ਸਬੰਧੀ ਲੱਗਣਗੇ ਜਾਂਚ ਕੈਂਪ

ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ‘ਚ ਵੀ ਕਰੋਨਾ ਵਾਇਰਸ ਸਬੰਧੀ ਲੱਗਣਗੇ ਜਾਂਚ ਕੈਂਪ

ਅੰਮ੍ਰਿਤਸਰ : ਕਰੋਨਾ ਵਾਇਰਸ ਪ੍ਰਤੀ ਇਹਤਿਆਤ ਵਰਤਦਿਆਂ ਸਿਹਤ ਵਿਭਾਗ ਵਲੋਂ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਆਉਂਦੇ ਦੇਸ਼-ਵਿਦੇਸ਼ ਦੇ ਯਾਤਰੂਆਂ ਦੀ ਜਾਂਚ ਲਈ ਕੈਂਪ ਲਗਾਏ ਜਾ ਰਹੇ ਹਨ। ਇਸ ਤੋਂ ਇਲਾਵਾ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ‘ਚ ਵੀ ਅਜਿਹੇ ਜਾਂਚ ਕੇਂਦਰ ਸਥਾਪਤ ਕੀਤੇ ਜਾਣਗੇ। ਇਸ ਤੋਂ ਪਹਿਲਾਂ ਸਿਹਤ ਵਿਭਾਗ ਵੱਲੋਂ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਅਟਾਰੀ ਸਰਹੱਦ ‘ਤੇ ਅਜਿਹੇ ਜਾਂਚ ਕੈਂਪ ਸਥਾਪਤ ਕੀਤੇ ਗਏ ਹਨ। ਖਾਸ ਕਰਕੇ ਚੀਨ, ਸਿੰਗਾਪੁਰ, ਇਟਲੀ ਅਤੇ ਹੋਰ ਮੁਲਕਾਂ ਤੋਂ ਆਉਣ ਵਾਲੇ ਯਾਤਰੂਆਂ ‘ਤੇ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ। ਅੰਮ੍ਰਿਤਸਰ ਵਿਚ ਧਾਰਮਿਕ ਸੈਰ ਸਪਾਟੇ ਤਹਿਤ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿਚ ਦੇਸ਼-ਵਿਦੇਸ਼ ਤੋਂ ਯਾਤਰੂ ਆਉਂਦੇ ਹਨ। ਇਹ ਯਾਤਰੂ ਹਵਾਈ ਤੇ ਰੇਲ ਮਾਰਗ ਤੋਂ ਇਲਾਵਾ ਸੜਕ ਮਾਰਗ ਰਾਹੀਂ ਵੀ ਅੰਮ੍ਰਿਤਸਰ ਪੁੱਜਦੇ ਹਨ। ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਸਮੇਂ ਸ਼ਰਧਾਲੂ ਜਿਥੇ ਸਰੋਵਰ ਵਿਚ ਇਸ਼ਨਾਨ ਕਰਦੇ ਹਨ, ਉਥੇ ਲੰਗਰ ਘਰ ਵਿਚ ਪ੍ਰਸ਼ਾਦਾ ਵੀ ਛਕਦੇ ਹਨ। ਇਹ ਸ਼ਰਧਾਲੂ ਦੁਰਗਿਆਣਾ ਮੰਦਰ ਅਤੇ ਇਤਿਹਾਸਕ ਰਾਮ ਤੀਰਥ ਵਿਖੇ ਵੀ ਨਤਮਸਤਕ ਹੋਣ ਲਈ ਜਾਂਦੇ ਹਨ। ਸਿਵਲ ਸਰਜਨ ਡਾ. ਪ੍ਰਦੀਪ ਕੌਰ ਜੌਹਲ ਨੇ ਦੱਸਿਆ ਕਿ ਕਰੋਨਾਵਾਇਰਸ ਦੇ ਡਰ ਨੂੰ ਦੇਖਦਿਆਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਦੋ ਜਾਂਚ ਕੈਂਪ ਸਥਾਪਤ ਕੀਤੇ ਜਾ ਰਹੇ ਹਨ ਜਿਥੇ ਜ਼ੁਕਾਮ, ਖੰਘ ਤੇ ਬੁਖਾਰ ਦੀ ਸ਼ਿਕਾਇਤ ਵਾਲੇ ਮਰੀਜ਼ਾਂ ‘ਤੇ ਨਜ਼ਰ ਰੱਖੀ ਜਾਵੇਗੀ। ਇਹ ਜਾਂਚ ਕੈਂਪ ਜੋੜਾ ਘਰ ਅਤੇ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਦੇ ਨੇੜੇ ਸਥਾਪਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਸ਼ੱਕੀ ਮਰੀਜ਼ ਮਿਲਦਾ ਹੈ ਤਾਂ ਉਸ ਨੂੰ ਅਗਲੇਰੀ ਜਾਂਚ ਵਾਸਤੇ ਹਸਪਤਾਲ ਭੇਜਿਆ ਜਾਵੇਗਾ। ਅਜਿਹਾ ਇਕ-ਇਕ ਜਾਂਚ ਕੈਂਪ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵਿਖੇ ਵੀ ਲਾਇਆ ਜਾਵੇਗਾ। ਹਵਾਈ ਅੱਡੇ ‘ਤੇ ਰੋਜ਼ਾਨਾ ਲਗਭਗ 500 ਯਾਤਰੂਆਂ ਦੀ ਰਿਪੋਰਟ ਦਰਜ ਕੀਤੀ ਜਾ ਰਹੀ ਹੈ।

Check Also

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਸਵੀਂ ਦਾ ਨਤੀਜਾ ਐਲਾਨਿਆ

ਲੁਧਿਆਣਾ ਦੀ ਆਦਿੱਤੀ ਨੇ 100% ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਮੁਹਾਲੀ/ਬਿਊਰੋ ਨਿਊਜ਼ ਪੰਜਾਬ …