2.8 C
Toronto
Thursday, January 8, 2026
spot_img
Homeਪੰਜਾਬਕੇਜਰੀਵਾਲ ਦੇ ਰਾਹ 'ਤੇ ਤੁਰਨ ਲੱਗੀ ਪੰਜਾਬ ਸਰਕਾਰ

ਕੇਜਰੀਵਾਲ ਦੇ ਰਾਹ ‘ਤੇ ਤੁਰਨ ਲੱਗੀ ਪੰਜਾਬ ਸਰਕਾਰ

ਸਰਕਾਰੀ ਬੱਸਾਂ ‘ਚ ਮਹਿਲਾਵਾਂ ਦੀ ਲੱਗੇਗੀ ਅੱਧੀ ਟਿਕਟ – ਕੈਪਟਨ ਅਮਰਿੰਦਰ ਦਾ ਐਲਾਨ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਦੀਆਂ ਬੱਸਾਂ ‘ਚ ਸਫ਼ਰ ਕਰਨ ‘ਤੇ ਸੂਬੇ ਦੀਆਂ ਮਹਿਲਾਵਾਂ ਨੂੰ ਕਿਰਾਏ ਵਿੱਚ 50 ਫ਼ੀਸਦ ਛੋਟ ਦੇਣ ਦਾ ਐਲਾਨ ਕੀਤਾ ਹੈ। ਟਰਾਂਸਪੋਰਟ ਕਾਰੋਬਾਰ ਵਿਚ ਅਜਾਰੇਦਾਰੀ ਅਤੇ ਮੁਨਾਫ਼ਾਖੋਰੀ ਨੂੰ ਰੋਕਣ ਲਈ ਕਦਮ ਚੁੱਕਣ ਅਤੇ ਰੇਤ ਮਾਫ਼ੀਆ ‘ਤੇ ਲਗਾਮ ਕੱਸਣ ਲਈ ਵੀ ਛੇਤੀ ਨਵੀਂ ਮਾਈਨਿੰਗ ਨੀਤੀ ਲਿਆਉਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਰੇਤ ਮਾਫ਼ੀਏ ਨੂੰ ਠੱਲ੍ਹਣ ਅਤੇ ਪੀਪੀਏ ਬਾਰੇ ਵਾਈਟ ਪੇਪਰ ਲਿਆਉਣ ਬਾਰੇ ਚਰਚਾ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਨੇ ਮਹਿਲਾਵਾਂ ਦਾ ਸਫਰ ਬਿਲਕੁਲ ਮੁਫਤ ਕੀਤਾ ਹੋਇਆ ਹੈ ਅਤੇ ਪੰਜਾਬ ਦੀ ਕੈਪਟਨ ਸਰਕਾਰ ਵੀ ਕੇਜਰੀਵਾਲ ਦੇ ਕਦਮਾਂ ‘ਤੇ ਤੁਰਨ ਲੱਗੀ ਹੈ।
ਬੱਸ ਕਿਰਾਏ ਵਿਚ ਛੋਟ ਬਾਰੇ ਅਜੇ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ। ਕੈਪਟਨ ਨੇ ਕਿਹਾ ਕਿ ਅਗਲੇ ਦੋ ਸਾਲਾਂ ਵਿਚ ਮਿੰਨੀ ਬੱਸਾਂ ਲਈ ਪੰਜ ਹਜ਼ਾਰ ਨਵੇਂ ਰੂਟ ਪਰਮਿਟ ਜਾਰੀ ਕੀਤੇ ਜਾਣਗੇ ਤਾਂ ਕਿ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਲਾਭ ਮਿਲ ਸਕੇ। ਅਗਲੇ ਦੋ ਸਾਲਾਂ ਦੌਰਾਨ 52 ਸੀਟਾਂ ਵਾਲੀਆਂ ਬੱਸਾਂ ਲਈ 2000 ਹੋਰ ਰੂਟ ਪਰਮਿਟ ਦਿੱਤੇ ਜਾਣਗੇ। ਸੂਬੇ ਦੀ ਟਰਾਂਸਪੋਰਟ ਨੀਤੀ ਦੇ ਮੁੱਦੇ ‘ਤੇ ਹਾਕਮ ਧਿਰ ਦੇ ਕਈ ਮੈਂਬਰਾਂ ਤੇ ‘ਆਪ’ ਵਲੋਂ ਕੀਤੀ ਜਾ ਰਹੀ ਤਿੱਖੀ ਆਲੋਚਨਾ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਮਾਮਲਾ ਕਾਨੂੰਨੀ ਕਾਰਵਾਈ ਅਧੀਨ ਹੈ। ਜਦ ਵੀ ਮਸਲਾ ਹੱਲ ਹੋਇਆ ਤਾਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਦਨ ਨੂੰ ਭਰੋਸਾ ਦਿੱਤਾ ਕਿ ਜੇ ਕੋਈ ਵੀ ਟਰਾਂਸਪੋਰਟ ਪਰਮਿਟ ਗ਼ੈਰਕਾਨੂੰਨੀ ਪਾਇਆ ਗਿਆ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕਈ ਪਰਮਿਟਾਂ ਲਈ ਕਾਰਨ ਦੱਸੋ ਨੋਟਿਸ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ ਤੇ ਜਲਦੀ ਕਾਰਵਾਈ ਕੀਤੀ ਜਾਵੇਗੀ। ਮੁਲਾਜ਼ਮਾਂ ਦੀ ਸੇਵਾਮੁਕਤੀ ਦੀ ਉਮਰ ਘਟਾਉਣ ਬਾਰੇ ਫ਼ੈਸਲੇ ਦਾ ਜ਼ਿਕਰ ਕਰਦਿਆਂ ਕੈਪਟਨ ਨੇ ਕਿਹਾ ਕਿ ਇਸ ਨਾਲ ਖਾਲੀ ਹੋਣ ਵਾਲੀਆਂ ਅਸਾਮੀਆਂ ਅਗਲੇ ਦੋ ਸਾਲਾਂ ਵਿੱਚ ਭਰੀਆਂ ਜਾਣਗੀਆਂ। ਉੱਚੇ ਤਨਖ਼ਾਹ ਸਕੇਲ ‘ਤੇ ਸੇਵਾਮੁਕਤ ਹੋਣ ਵਾਲੇ ਇਕ ਕਰਮਚਾਰੀ ਬਦਲੇ ਘੱਟ ਸਕੇਲ ‘ਤੇ ਤਿੰਨ ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾ ਸਕੇਗੀ। ਸੂਬੇ ਦੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਫ਼ਸਲੀ ਵੰਨ-ਸੁਵੰਨਤਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਾਉਣੀ ਦੀ ਮੱਕੀ ਵਰਗੀਆਂ ਬਦਲਵੀਆਂ ਫ਼ਸਲਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ।
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿੱਚ ਟਰਾਂਸਪੋਰਟ ਵਿਭਾਗ ਵਿੱਚ ਵਿਭਾਗ ਦੇ ਮੰਤਰੀ ਦੀ ਥਾਂ ਮੁੱਖ ਮੰਤਰੀ ਦਫ਼ਤਰ ਦਾ ਦਖ਼ਲ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਹੰਗਾਮੇ ਹੋਏ। ਟਰਾਂਸਪੋਰਟ ਵਿਭਾਗ ਦੇ ਮੁੱਦੇ ‘ਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀ ਹੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ। ਇਸੇ ਤਰ੍ਹਾਂ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਅਕਾਲੀ ਦਲ ਦੇ ਵਿਧਾਇਕਾਂ ਨੇ ਸੂਬੇ ਵਿੱਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਰਾਜ ਹੋਣ ਦੇ ਦੋਸ਼ ਲਾਉਂਦਿਆਂ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ। ਹਾਕਮ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਸਰਕਾਰ ਨੂੰ ਘੇਰਨ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਦਨ ਵਿੱਚ ਮੌਜੂਦ ਨਹੀਂ ਸਨ।
ਕਾਂਗਰਸੀ ਵਿਧਾਇਕ ਵੱਲੋਂ ਟਰਾਂਸਪੋਰਟ ਵਿਭਾਗ ਸਬੰਧੀ ਚੁੱਕੇ ਸਵਾਲਾਂ ਦਾ ਸਮਰਥਨ ਕਰਦੇ ਹਾਕਮ ਧਿਰ ਅਤੇ ‘ਆਪ’ ਦੇ ਹੋਰ ਮੈਂਬਰ ਵੀ ਦੇਖੇ ਗਏ। ਇੱਥੋਂ ਤੱਕ ਕਿ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਵੀ ਵਿਧਾਇਕ ਦੇ ਕਥਨ ਦੀ ਪੁਸ਼ਟੀ ਕਰ ਦਿੱਤੀ। ਇਸੇ ਤਰ੍ਹਾਂ ਜੇਲ੍ਹ ਮੰਤਰੀ ਦੇ ਕਥਨ ਦੀ ਵੀ ਕਈਆਂ ਵਿਧਾਇਕਾਂ ਨੇ ਆਪਣੀਆਂ ਸੀਟਾਂ ‘ਤੇ ਬੈਠ ਕੇ ਹਮਾਇਤ ਕੀਤੀ। ਸਦਨ ਵਿੱਚ ਭਾਰੀ ਸ਼ੋਰ ਸ਼ਰਾਬਾ ਹੋਇਆ। ਅਕਾਲੀ ਦਲ ਦੇ ਵਿਧਾਇਕਾਂ ਨੇ ਸਰਕਾਰ ਅਤੇ ਜੇਲ੍ਹ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਸਦਨ ਵਿੱਚੋਂ ਵਾਕਆਊਟ ਕੀਤਾ। ‘ਆਪ’ ਦੇ ਬਾਗ਼ੀ ਵਿਧਾਇਕ ਜਗਦੇਵ ਸਿੰਘ ਕਮਾਲੂ ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌੜ ਮੰਡੀ ਵਿੱਚ ਹੋਏ ਬੰਬ ਧਮਾਕੇ ਦੇ ਮਾਮਲੇ ਵਿੱਚ ਕਾਂਗਰਸੀ ਨੇਤਾਵਾਂ ਨੂੰ ਵੀ ਤਫ਼ਤੀਸ਼ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ।
ਸਰਕਾਰ ਹੀ ਨਿਕੰਮੀ ਹੈ… ਰੰਧਾਵਾ
ਪੰਜਾਬ ਵਿਧਾਨ ਸਭਾ ਵਿੱਚ ਜਦੋਂ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸੂਬੇ ਵਿੱਚ ਗੈਂਗਸਟਰਾਂ ਤੇ ਅਪਰਾਧੀਆਂ ਦਾ ਬੋਲਬਾਲਾ ਹੋਣ ਦੇ ਦੋਸ਼ ਲਾਉਂਦਿਆਂ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਨਿਸ਼ਾਨਾ ਸਾਧਿਆ ਤਾਂ ਜੇਲ੍ਹ ਮੰਤਰੀ ਤੇ ਅਕਾਲੀ ਵਿਧਾਇਕ ਦਰਮਿਆਨ ਤਿੱਖੀ ਤਕਰਾਰ ਹੋਈ। ਅਕਾਲੀ ਵਿਧਾਇਕ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਲੀਹੋਂ ਲੱਥ ਚੁੱਕੀ ਹੈ ਤੇ ਲੋਕਾਂ ਨੂੰ ਪੁਲਿਸ ‘ਤੇ ਕੋਈ ਭਰੋਸਾ ਨਹੀਂ ਰਿਹਾ। ਪੰਜਾਬ ਦੇ ਲੋਕ ਪੁਲਿਸ ਤੋਂ ਸੁਰੱਖਿਆ ਲੈਣ ਦੀ ਥਾਂ ਗੈਂਗਸਟਰਾਂ ਤੇ ਅਪਰਾਧੀਆਂ ਨੂੰ ਹੀ ਫਿਰੌਤੀ ਦੇਣਾ ਬਿਹਤਰ ਸਮਝਦੇ ਹਨ। ਅਕਾਲੀ ਵਿਧਾਇਕ ਨੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ‘ਤੇ ਵੀ ਨਿਸ਼ਾਨਾ ਸਾਧਿਆ ਗਿਆ ਤੇ ਜੇਲ੍ਹ ਮੰਤਰੀ ਨੇ ਵੀ ਅਕਾਲੀ ਦਲ ਦੇ ਵਿਧਾਇਕਾਂ ‘ਤੇ ਮੋੜਵਾਂ ਹੱਲਾ ਬੋਲਿਆ। ਜੇਲ੍ਹ ਮੰਤਰੀ ਨੇ ਇੱਥੋਂ ਤੱਕ ਕਿਹਾ ”ਸਾਡੀ ਸਰਕਾਰ ਬਿਲਕੁਲ ਨਿਕੰਮੀ ਹੈ ਇਸੇ ਲਈ ਤੁਹਾਡੇ (ਅਕਾਲੀਆਂ) ਖਿਲਾਫ਼ ਕਾਰਵਾਈ ਨਹੀਂ ਹੋ ਰਹੀ।”

RELATED ARTICLES
POPULAR POSTS