Breaking News
Home / ਪੰਜਾਬ / ਚੰਡੀਗੜ੍ਹ ‘ਚ ਗੂੰਜਿਆ ਪਾਣੀਆਂ ਦਾ ਮੁੱਦਾ

ਚੰਡੀਗੜ੍ਹ ‘ਚ ਗੂੰਜਿਆ ਪਾਣੀਆਂ ਦਾ ਮੁੱਦਾ

ਕੈਪਟਨ ਦੀ ਚੰਡੀਗੜ੍ਹ ‘ਚ ਰਿਹਾਇਸ਼ ਘੇਰਨ ਜਾ ਰਹੇ ਸਿਮਰਜੀਤ ਬੈਂਸ ਸਾਥੀਆਂ ਸਮੇਤ ਗ੍ਰਿਫ਼ਤਾਰ ਤੇ ਰਿਹਾਅ
ਚੰਡੀਗੜ੍ਹ/ਬਿਊਰੋ ਨਿਊਜ਼ : ਚੰਡੀਗੜ੍ਹ ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਾਣੀਆਂ ਦੇ ਮੁੱਦੇ ਉੱਤੇ ਮੰਗ ਪੱਤਰ ਦੇਣ ਆਏ ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਸਮੇਤ ਸੈਂਕੜੇ ਕਾਰਕੁਨਾਂ ਨੂੰ ਪਾਣੀਆਂ ਦੀਆਂ ਬੁਛਾੜਾਂ ਨਾਲ ਹੀ ਝੰਬਿਆ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਪੰਜ ਘੰਟੇ ਹਿਰਾਸਤ ਵਿੱਚ ਰੱਖਣ ਮਗਰੋਂ ਸ਼ਾਮ ਸਮੇਂ ਛੱਡ ਦਿੱਤਾ।
ਲੋਕ ਇਨਸਾਫ਼ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਵਿੱਚ 16 ਨਵੰਬਰ 2016 ਨੂੰ ਹੋਰ ਰਾਜਾਂ ਤੋਂ ਪਾਣੀ ਦੀ ਕੀਮਤ ਵਸੂਲਣ ਦੇ ਪਾਸ ਕੀਤੇ ਮਤੇ ਤਹਿਤ ਰਾਜਸਥਾਨ ਕੋਲੋਂ 16 ਲੱਖ ਕਰੋੜ ਰੁਪਏ ਵਸੂਲੇ ਜਾਣ ਦੀ ਮੰਗ ਨੂੰ ਲੈ ਕੇ ਰੋਸ ਮਾਰਚ ਕਰ ਕੇ ਮੁੱਖ ਮੰਤਰੀ ਨੂੰ ਮੰਗ ਪੱਤਰ ਦੇਣ ਦਾ ਐਲਾਨ ਕੀਤਾ ਸੀ। ਲਿਪ ਕਾਰਕੁਨ ਸੈਕਟਰ 4 ਸਥਿਤ ਐੱਮਐੱਲਏ ਹੋਸਟਲ ਵਿੱਚ ਇਕੱਤਰ ਹੋਏ ਅਤੇ ਬੈਂਸ ਦੀ ਅਗਵਾਈ ਹੇਠ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਵੱਲ ਵਧੇ। ਚੰਡੀਗੜ੍ਹ ਪੁਲਿਸ ਨੇ ਇਨ੍ਹਾਂ ਨੂੰ ਨਾਕੇ ‘ਤੇ ਰੋਕ ਲਿਆ, ਪਰ ਪ੍ਰਦਰਸ਼ਨਕਾਰੀਆਂ ਨੇ ਨਾਕੇ ਤੋੜਨ ਦਾ ਯਤਨ ਕੀਤਾ। ਬੈਂਸ ਨੇ ਕਿਹਾ ਕਿ ਉਹ ਵਫਦ ਦੇ ਰੁਪ ਵਿਚ ਮੁੱਖ ਮੰਤਰੀ ਦਫਤਰ ਜਾ ਕੇ ਮੰਗ ਪੱਤਰ ਦੇਣਗੇ ਪਰ ਪੁਲਿਸ ਵੱਲੋਂ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਤੈਸ਼ ਵਿੱਚ ਆ ਕੇ ਅੱਗੇ ਵਧਣ ਦਾ ਯਤਨ ਕੀਤਾ। ਮੌਕੇ ‘ਤੇ ਮੌਜੂਦ ਡਿਊਟੀ ਮੈਜਿਸਟਰੇਟ ਤਿਲਕ ਰਾਜ ਨੇ ਬਾਅਦ ਦੁਪਹਿਰ 12.34 ਵਜੇ ਜਲ ਤੋਪਾਂ ਖੋਲ੍ਹਣ ਦੇ ਹੁਕਮ ਦਿੱਤੇ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਉਪਰ ਪਾਣੀ ਦੀਆਂ ਬੁਛਾੜਾਂ ਛੱਡ ਕੇ ਉਨ੍ਹਾਂ ਨੂੰ ਪਿੱਛੇ ਧੱਕਣ ਦਾ ਯਤਨ ਕੀਤਾ। ਇਸ ਦੌਰਾਨ ਬੈਂਸ ਸਮੇਤ ਕਈਆਂ ਦੀਆਂ ਦਸਤਾਰਾਂ ਢਹਿ ਗਈਆਂ ਅਤੇ ਕਈਆਂ ਦੇ ਕੱਪੜੇ ਪਾਟ ਗਏ। ਪੁਲਿਸ ਰੁਕ-ਰਕ ਕੇ ਪੰਦਰਾਂ ਮਿੰਟ ਤਕ ਪਾਣੀ ਦੀਆਂ ਬੁਛਾੜਾਂ ਚਲਾਉਂਦੀ ਰਹੀ। ਪਾਣੀ ਦੀਆਂ ਬੁਛਾੜਾਂ ਕਰਕੇ ਲਿਪ ਆਗੂ ਅਤੁਲ ਕੁਮਾਰ, ਹਰਪਾਲ ਸਿੰਘ, ਗੁਰਮੀਤ ਸਿੰਘ, ਲਛਮਣ ਸਿੰਘ ਪਟਿਆਲਾ ਅਤੇ ਜਗਜੋਤ ਸਿੰਘ ਖਾਲਸਾ ਸਮੇਤ ਕਈ ਆਗੂ ਜ਼ਖ਼ਮੀ ਹੋ ਗਏ। ਇਸ ਦੌਰਾਨ ਮੀਡੀਆ ਕਰਮੀ ਵੀ ਜਲ ਤੋਪਾਂ ਦੀ ਲਪੇਟ ਵਿਚ ਆ ਗਏ। ਬੈਂਸ ਨੇ ਮਗਰੋਂ ਰਣਨੀਤੀ ਬਦਲਦਿਆਂ ਐਮਐਲਏ ਹੋਸਟਲ ਦੇ ਪਿਛਲੇ ਗੇਟ ਰਾਹੀਂ ਮੁੱਖ ਮੰਤਰੀ ਦੇ ਦਫਤਰ ਵੱਲ ਚਾਲੇ ਪਾ ਲਏ। ਇਸ ਕਾਰਨ ਪਹਿਲਾਂ ਹੀ ਹੰਭ ਚੁੱਕੀ ਪੁਲਿਸ ਨੂੰ ਵਖ਼ਤ ਪੈ ਗਿਆ ਅਤੇ ਪ੍ਰਦਰਸ਼ਨਕਾਰੀ ਬੇਕਾਬੂ ਹੋਏ ਅੱਗੇ ਵਧਦੇ ਗਏ। ਪ੍ਰਦਰਸ਼ਨਕਾਰੀਆਂ ਨੇ ਇਸ ਮੌਕੇ ਬੈਂਸ ਦੇ ਹੱਕ ਵਿੱਚ ਅਤੇ ਕੈਪਟਨ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪੰਜਾਬ ਸਕੱਤਰੇਤ ਨੂੰ ਜਾਂਦੀ ਮੁੱਖ ਸੜਕ ‘ਤੇ ਜਾ ਕੇ ਜਾਮ ਲਾ ਦਿੱਤਾ। ਪੁਲਿਸ ਨੇ ਬੈਂਸ ਸਮੇਤ ਹੋਰਨਾਂ ਕਾਰਕੁਨਾਂ ਨੂੰ ਹਿਰਾਸਤ ਵਿਚ ਲੈ ਕੇ ਸੈਕਟਰ 34 ਦੇ ਥਾਣੇ ਬੰਦ ਕਰ ਦਿੱਤਾ। ਪੁਲਿਸ ਨੇ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਬਿਠਾਇਆ ਤਾਂ ਐਨ ਉਸੇ ਮੌਕੇ ਮੁੱਖ ਮੰਤਰੀ ਦਾ ਓਐਸਡੀ ਮੰਗ ਪੰਤਰ ਲੈਣ ਲਈ ਪੁੱਜ ਗਿਆ। ਬੈਂਸ ਨੇ ਮੰਗ ਪੰਤਰ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਸ ਨੇ ਕਿਹਾ ਕਿ ਹੋਰ ਰਾਜਾਂ ਤੋਂ ਪਾਣੀ ਵਸੂਲੀ ਕਰਨ ਦਾ ਉਨ੍ਹਾਂ ਨੇ ਲੰਮੀ ਜੱਦੋ-ਜਹਿਦ ਕਰ ਕੇ ਵਿਧਾਨ ਸਭਾ ਵਿੱਚ ਮਤਾ ਪਾਸ ਕਰਵਾਇਆ ਸੀ। ਮਤੇ ਤਹਿਤ ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ ਪੰਜਾਬ ਵੱਲੋਂ ਦਿੱਤੇ ਪਾਣੀ ਦੀ ਵਸੂਲੀ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਗੈਰ-ਰਿਪੇਰੀਅਨ ਸੂਬੇ ਰਾਜਸਥਾਨ, ਜਿਸ ਦਾ ਪੰਜਾਬ ਦੇ ਦਰਿਆਵਾਂ ਨਾਲ ਕੋਈ ਵੀ ਸਬੰਧ ਨਹੀਂ ਹੈ, ਨੂੰ ਗੈਰ-ਕਾਨੂੰਨੀ ਢੰਗ ਨਾਲ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹਰਿਆਣਾ ਅਤੇ ਦਿੱਲੀ ਨੂੰ ਵੀ ਮੁਫਤ ਪਾਣੀ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਤਾ 19 ਮਹੀਨੇ ਪਹਿਲਾਂ ਪਾਸ ਹੋਣ ਦੇ ਬਾਵਜੂਦ ਕੈਪਟਨ ਸਰਕਾਰ ਵਸੂਲੀ ਕਰਨ ਲਈ ਕਦਮ ਨਹੀਂ ਚੁੱਕ ਰਹੀ।

Check Also

ਸ਼ੋ੍ਰਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਨੂੰ ਰਾਜੋਆਣਾ ਦੀ ਸਜ਼ਾ ਮੁਆਫੀ ਸਬੰਧੀ ਪਟੀਸ਼ਨ ’ਤੇ ਫੌਰੀ ਕੋਈ ਫੈਸਲਾ ਲੈਣ ਦੀ ਅਪੀਲ

ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਚਾਰ ਫੀਸਦ ਵਧਾਉਣ ਦਾ ਐਲਾਨ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ …