ਅੰਮ੍ਰਿਤਸਰ/ਬਿਊਰੋ ਨਿਊਜ਼ : ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਸਾਥੀ ਸਾਬਕਾ ਹਾਕੀ ਖਿਡਾਰੀ ਤੇ ਜਲੰਧਰ ਤੋਂ ਵਿਧਾਇਕ ਪ੍ਰਗਟ ਸਿੰਘ ਬੁੱਧਵਾਰ ਨੂੰ ਅੰਮ੍ਰਿਤਸਰ ਵਿਚ ਹੋਲੀ ਸਿਟੀ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਪੁੱਜੇ। ਦੋਵਾਂ ਦਰਮਿਆਨ ਬੰਦ ਕਮਰੇ ਵਿਚ ਦੋ ਘੰਟੇ ਮੀਟਿੰਗ ਚੱਲੀ ਪਰ ਇਹ ਬੇਸਿੱਟਾ ਰਹੀ। ਸੂਤਰਾਂ ਅਨੁਸਾਰ ਪ੍ਰਗਟ ਸਿੰਘ 2 ਅਗਸਤ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਇਜਲਾਸ ਵਿਚ ਮੌਜੂਦ ਰਹਿਣ ਲਈ ਸਿੱਧੂ ਨੂੰ ਮਨਾਉਣ ਆਏ ਸਨ ਪਰ ਸਿੱਧੂ ਨੇ ਇਨਕਾਰ ਕਰ ਦਿੱਤਾ। ਹਾਲਾਂਕਿ ਪ੍ਰਗਟ ਸਿੰਘ ਨੇ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਨਿੱਜੀ ਦੌਰੇ ‘ਤੇ ਅੰਮ੍ਰਿਤਸਰ ਆਏ ਸਨ ਤੇ ਸਿੱਧੂ ਨੂੰ ਰੁਟੀਨ ਵਿਚ ਹੀ ਮਿਲਣ ਚਲੇ ਗਏ ਸਨ। ਦੁਪਹਿਰ ਇਕ ਵਜੇ ਦੇ ਕਰੀਬ ਪ੍ਰਗਟ ਸਿੰਘ ਨਵਜੋਤ ਸਿੱਧੂ ਦੀ ਕੋਠੀ ਪੁੱਜੇ। ਪਹਿਲਾਂ ਉਨ੍ਹਾਂ ਆਪਣੀ ਸਰਕਾਰੀ ਗੱਡੀ ਕੋਠੀ ਦੇ ਬਾਹਰ ਖੜ੍ਹੀ ਕੀਤੀ ਪਰ ਬਾਅਦ ਵਿਚ ਗੱਡੀ ਵੀ ਅੰਦਰ ਚਲੇ ਗਈ। ਦੋ ਘੰਟੇ ਚੱਲੀ ਗੱਲਬਾਤ ਵਿਚ ਸਿੱਧੂ ਨੇ ਆਪਣੇ ਸੁਰੱਖਿਆ ਮੁਲਾਜ਼ਮ ਹੀ ਨਹੀਂ ਦਫ਼ਤਰ ਦਾ ਸਟਾਫ ਤਕ ਬਾਹਰ ਭੇਜ ਦਿੱਤਾ।ઠਧਿਆਨ ਰਹੇ ਕਿ ਕੈਬਨਿਟ ਰੈਂਕ ਮਿਲਣ ਪਿੱਛੋਂ ਡਾ. ਰਾਜਕੁਮਾਰ ਵੇਰਕਾ ਵੀ ਸਿੱਧੂ ਨੂੰ ਮਿਲਣ ਪੁੱਜੇ ਸਨ, ਉਸ ਤੋਂ ਬਾਅਦ ਕਾਂਗਰਸ ਦੇ ਦੂਜੇ ਆਗੂ ਪ੍ਰਗਟ ਸਿੰਘ ਹਨ ਹੀ ਜੋ ਬੁੱਧਵਾਰ ਸਿੱਧੂ ਨੂੰ ਮਿਲੇ ਹਨ।
ਮੀਡੀਆ ਤੋਂ ਦੂਰੀ, ਹਲਕੇ ਦੇ ਲੋਕਾਂ ਨਾਲ ਮੁਲਾਕਾਤ
21 ਜੁਲਾਈ ਨੂੰ ਅੰਮ੍ਰਿਤਸਰ ਆਉਣ ਤੋਂ ਬਾਅਦ ਤੋਂ ਹੀ ਨਵਜੋਤ ਸਿੰਘ ਸਿੱਧੂ ਨੇ ਮੀਡੀਏ ਤੋਂ ਦੂਰੀ ਬਣਾਈ ਹੋਈ ਹੈ। 23 ਜੁਲਾਈ ਤੋਂ ਉਹ ਆਪਣੀ ਰਿਹਾਇਸ਼ ਦੇ ਅੰਦਰ ਹੀ ਆਪਣੇ ਹਲਕੇ ਦੇ ਵਰਕਰਾਂ ਤੇ ਆਗੂਆਂ ਨੂੰ ਤਾਂ ਮਿਲ ਰਹੇ ਹਨ ਪਰ ਮੀਡੀਏ ਤੋਂ ਅਜੇ ਵੀ ਦੂਰ ਹਨ।
ਦਿੱਲੀ ਦੀ ਪ੍ਰਧਾਨਗੀ ‘ਤੇ ਵੀ ਚਰਚਾ ਦਾ ਬਾਜ਼ਾਰ ਗਰਮ
ਕਾਂਗਰਸ ਵੱਲੋਂ ਸਿੱਧੂ ਨੂੰ ਦਿੱਲੀ ਦਾ ਪ੍ਰਧਾਨ ਬਣਾਏ ਜਾਣ ਦੀਆਂ ਚਰਚਾਵਾਂ ਨਾਲ ਵੀ ਸਿਆਸੀ ਗਲਿਆਰਾ ਗਰਮਾਇਆ ਹੋਇਆ ਹੈ। ਸਿੱਧੂ ਨੇ ਭਾਜਪਾ ਛੱਡਣ ਵੇਲੇ ਦਲੀਲ ਦਿੱਤੀ ਸੀ ਕਿ ਉਹ ਪੰਜਾਬ ਨਹੀਂ ਛੱਡਣਗੇ ਪਰ ਭਾਜਪਾ ਉਨ੍ਹਾਂ ਨੂੰ ਪੰਜਾਬ ਛੱਡਣ ਲਈ ਮਜਬੂਰ ਕੀਤਾ ਸੀ। ਹੁਣ ਦੁਬਾਰਾ ਉਹੀ ਹਾਲਾਤ ਕਾਂਗਰਸ ਵਿਚ ਬਣ ਰਹੇ ਹਨ।
ਨਵਜੋਤ ਸਿੱਧੂ ਦੀ ਸਰਕਾਰੀ ਕੋਠੀ ਮਿਲੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ
ਸਿੱਧੂ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ ਦੇ ਚਰਚੇ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਸਿੱਧੂ ਦੀ ਸਰਕਾਰੀ ਕੋਠੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਅਲਾਟ ਕਰ ਦਿਤੀ ਗਈ ਹੈ। ਇਹ ਕੋਠੀ ਮੁੱਖ ਮੰਤਰੀ ਦੇ ਸਰਕਾਰੀ ਨਿਵਾਸ ਦੇ ਬਿਲਕੁਲ ਨੇੜੇ ਹੈ। ਰਾਣਾ ਗੁਰਮੀਤ ਸਿੰਘ ਸੋਢੀ ਨੂੰ ਹੁਣ ਤੱਕ ਕੋਈ ਸਰਕਾਰੀ ਕੋਠੀ ਨਹੀਂ ਮਿਲੀ ਸੀ। ਉਹ ਆਪਣੀ ਨਿੱਜੀ ਰਿਹਾਹਿਸ਼ ਤੋਂ ਕੰਮ ਕਰ ਰਹੇ ਸਨ। ਇਸ ਤੋਂ ਪਹਿਲਾਂ ਸਕੱਤਰੇਤ ਵਿਚ ਸਿੱਧੂ ਦਾ ਕਮਰਾ ਭਾਰਤ ਭੂਸ਼ਣ ਆਸੂ ਨੂੰ ਅਲਾਟ ਹੋਇਆ ਸੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਪਾਰਟੀ ਹਾਈਕਮਾਨ ਨਵਜੋਤ ਸਿੱਧੂ ਨੂੰ ਵੱਡੀ ਜ਼ਿੰਮੇਵਾਰ ਦੇ ਸਕਦੀ ਹੈ। ਸਿੱਧੂ ਤੇ ਕੈਪਟਨ ਦਰਮਿਆਨ ਚੱਲ ਰਹੀ ਠੰਢੀ ਜੰਗ ਦੇ ਚੱਲਦਿਆਂ ਸਿੱਧੂ ਮੰਤਰੀ ਮੰਡਲ ਵਿਚੋਂ ਪਾਸੇ ਹੋ ਗਏ ਸਨ ਤੇ ਉਨ੍ਹਾਂ ਮੰਤਰੀ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵੀ ਛੱਡ ਦਿੱਤੀਆਂ ਸਨ।
Check Also
ਐਸਜੀਪੀਸੀ ਪ੍ਰਧਾਨ ਨੇ ਦਿੱਲੀ ਦੇ ਮੈਟਰੋ ਸਟੇਸ਼ਨ ’ਤੇ ਸਿੱਖ ਵਿਅਕਤੀ ਨੂੰ ਕਿਰਪਾਨ ਪਾ ਕੇ ਜਾਣ ਤੋਂ ਰੋਕਣ ਦੀ ਕੀਤੀ ਸਖਤ ਨਿੰਦਾ
ਕਿਹਾ : ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਹੋ ਰਹੀ ਖਿਲਵਾੜ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ …