0.3 C
Toronto
Tuesday, April 21, 2026
spot_img
Homeਪੰਜਾਬਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ...

ਮਨੀ ਲਾਂਡਰਿੰਗ ਦੇ ਮਾਮਲੇ ਵਿਚ ਅਦਾਲਤ ਨੇ ਸਾਧੂ ਸਿੰਘ ਧਰਮਸੋਤ ਨੂੰ ਜੇਲ੍ਹ ਭੇਜਿਆ

ਕੈਪਟਨ ਅਮਰਿੰਦਰ ਦੀ ਸਰਕਾਰ ਸਮੇਂ ਜੰਗਲਾਤ ਮੰਤਰੀ ਸਨ ਧਰਮਸੋਤ
ਮੁਹਾਲੀ : ਕੇਂਦਰੀ ਜਾਂਚ ਏਜੰਸੀ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪਹਿਲਾਂ ਦਿੱਤਾ ਪੁਲਿਸ ਰਿਮਾਂਡ ਖ਼ਤਮ ਹੋਣ ‘ਤੇ ਮੁੜ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਅਦਾਲਤ ਨੇ ਕਾਂਗਰਸ ਆਗੂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਭੇਜ ਦਿੱਤਾ ਹੈ। ਜੂਡੀਸ਼ਲ ਰਿਮਾਂਡ ਦੌਰਾਨ ਧਰਮਸੋਤ ਨੂੰ ਕੇਂਦਰੀ ਜੇਲ੍ਹ ਨਾਭਾ ਵਿੱਚ ਰੱਖਿਆ ਜਾਵੇਗਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਜੰਗਲਾਤ ਵਿਭਾਗ ਦੀ ਜ਼ਮੀਨ ਵਿੱਚ ਖੜ੍ਹੇ ਦਰੱਖ਼ਤ ਕਟਵਾਉਣ ਨਾਲ ਜੁੜੇ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਸਾਲ 30 ਨਵੰਬਰ ਨੂੰ ਈਡੀ ਨੇ ਇਹ ਮਾਮਲਾ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਜਾਣਕਾਰੀ ਅਨੁਸਾਰ ਸੰਮਨਾਂ ਦੀ ਤਾਮੀਲ ਕਰਦਿਆਂ ਹਫ਼ਤਾ ਪਹਿਲਾਂ ਧਰਮਸੋਤ ਦੂਸਰੀ ਵਾਰ ਈਡੀ ਦੀ ਜਾਂਚ ਟੀਮ ਅੱਗੇ ਪੇਸ਼ ਹੋਏ ਸਨ ਤੇ ਪੁੱਛ-ਪੜਤਾਲ ਦੌਰਾਨ ਤਸੱਲੀਬਖ਼ਸ ਜਵਾਬ ਨਾ ਦੇਣ ‘ਤੇ ਈਡੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਵਿਜੀਲੈਂਸ ਨੇ ਧਰਮਸੋਤ ਤੇ ਗਿਲਜ਼ੀਆਂ ‘ਤੇ ਕਾਨੂੰਨੀ ਸ਼ਿਕੰਜਾ ਕੱਸਿਆ
ਸਾਬਕਾ ਜੰਗਲਾਤ ਮੰਤਰੀ ਧਰਮਸੋਤ ਦੇ ਓਐੱਸਡੀ ਨੂੰ ਬਣਾਇਆ ਵਾਅਦਾ ਮੁਆਫ ਗਵਾਹ
ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਸਾਬਕਾ ਜੰਗਲਾਤ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਖਿਲਾਫ ਸ਼ਿਕੰਜਾ ਕੱਸਦਿਆਂ ਸਾਬਕਾ ਮੰਤਰੀ ਦੇ ਓਐੱਸਡੀ ਰਹੇ ਤੇ ਵਿਭਾਗ ਦੇ ਸੇਵਾਮੁਕਤ ਅਧਿਕਾਰੀ ਚਮਕੌਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾ ਲਿਆ ਹੈ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਚਮਕੌਰ ਸਿੰਘ ਨੂੰ ਅਦਾਲਤੀ ਦੀ ਪ੍ਰਵਾਨਗੀ ਉਪਰੰਤ ਵਾਅਦਾ ਮੁਆਫ਼ ਗਵਾਹ ਬਣਾਇਆ ਗਿਆ ਹੈ ਤੇ ਉਸ ਦੇ ਬਿਆਨ ਵੀ ਅਦਾਲਤ ਵਿੱਚ ਦਰਜ ਕਰਵਾ ਦਿੱਤੇ ਹਨ। ਸਾਧੂ ਸਿੰਘ ਧਰਮਸੋਤ ਇਸ ਸਮੇਂ ਈਡੀ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਲਤੀ ਹਿਰਾਸਤ ਅਧੀਨ ਹੈ। ਇਸ ਤਰ੍ਹਾਂ ਵਿਜੀਲੈਂਸ ਅਤੇ ਈਡੀ ਵੱਲੋਂ ਕਾਨੂੰਨੀ ਘੇਰਾਬੰਦੀ ਕਰਨ ਕਰਕੇ ਸਾਬਕਾ ਮੰਤਰੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਸ ਸਾਬਕਾ ਮੰਤਰੀ ਨੂੰ ਵਿਜੀਲੈਂਸ ਵੱਲੋਂ ਵੀ ਇੱਕ ਵਾਰ ਭ੍ਰਿਸ਼ਟਾਚਾਰ ਤੇ ਦੂਜੀ ਵਾਰੀ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਈਡੀ ਦੀ ਕਾਰਵਾਈ ਚੱਲ ਰਹੀ ਹੈ ਤੇ ਈਡੀ ਵੱਲੋਂ ਵੀ ਸਾਬਕਾ ਮੰਤਰੀ ‘ਤੇ ਭ੍ਰਿਸ਼ਟਾਚਾਰ ਦੇ ਆਰੋਪ ਲਾਏ ਗਏ ਹਨ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਕਾਂਗਰਸ ਦੇ ਹੀ ਇੱਕ ਹੋਰ ਆਗੂ ਅਤੇ ਸਾਬਕਾ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਅਤੇ ਇਸ ਕਾਂਗਰਸ ਆਗੂ ਦੇ ਭਤੀਜੇ ਨੂੰ ਵੀ ਨਾਮਜ਼ਦ ਕੀਤਾ ਸੀ। ਵਿਜੀਲੈਂਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਚਮਕੌਰ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾਏ ਜਾਣ ਕਾਰਨ ਭ੍ਰਿਸ਼ਟਾਚਾਰ ਦਾ ਕੇਸ ਮਜ਼ਬੂਤ ਹੋ ਗਿਆ ਹੈ ਤੇ ਗਿਲਜ਼ੀਆਂ ਤੇ ਉਨ੍ਹਾਂ ਦੇ ਭਤੀਜੇ ਦੀਆਂ ਮੁਸ਼ਕਿਲਾਂ ਵੀ ਵਧ ਸਕਦੀਆਂ ਹਨ।

 

RELATED ARTICLES
POPULAR POSTS