Breaking News
Home / ਪੰਜਾਬ / ਬਲਕਾਰ ਸਿੱਧੂ ਪ੍ਰਧਾਨ ਤੇ ਭੁਪਿੰਦਰ ਮਲਿਕ ਬਣੇ ਜਨਰਲ ਸਕੱਤਰ

ਬਲਕਾਰ ਸਿੱਧੂ ਪ੍ਰਧਾਨ ਤੇ ਭੁਪਿੰਦਰ ਮਲਿਕ ਬਣੇ ਜਨਰਲ ਸਕੱਤਰ

ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਆਮ ਇਜਲਾਸ ਵਿਚ ਬਿਨ ਮੁਕਾਬਲਾ ਚੁਣੇ ਗਏ 8 ਅਹੁਦੇਦਾਰ
ਚੰਡੀਗੜ੍ਹ : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਦਾ ਆਮ ਇਜਲਾਸ ਅਤੇ ਚੋਣ ਪ੍ਰਕਿਰਿਆ ਦੀ ਕਾਰਵਾਈ ਪੰਜਾਬ ਕਲਾ ਭਵਨ ਵਿਖੇ ਸੰਪੰਨ ਹੋਈ। ਜਿੱਥੇ ਬਿਨ ਮੁਕਾਬਲਾ 8 ਨਵੇਂ ਅਹੁਦੇਦਾਰਾਂ ਦੀ ਟੀਮ ਚੁਣੀ ਗਈ, ਜਿਸ ਵਿਚ ਬਲਕਾਰ ਸਿੱਧੂ ਮੁੜ ਤੋਂ ਪ੍ਰਧਾਨ ਬਣੇ ਜਦੋਂਕਿ ਭੁਪਿੰਦਰ ਸਿੰਘ ਮਲਿਕ ਨੂੰ ਸਭਾ ਦਾ ਜਨਰਲ ਸਕੱਤਰ ਚੁਣਿਆ ਗਿਆ।  ਮੁੱਖ ਚੋਣ ਅਧਿਕਾਰੀ ਪਿ੍ਰੰਸੀਪਲ ਗੁਰਦੇਵ ਕੌਰ ਪਾਲ ਅਤੇ ਸਹਾਇਕ ਚੋਣ ਅਧਿਕਾਰੀ ਡਾ. ਬਲਦੇਵ ਸਿੰਘ ਖਹਿਰਾ ਵੱਲੋਂ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ’ਤੇ ਨਵੇਂ ਅਹੁਦੇਦਾਰਾਂ ਦਾ ਐਲਾਨ ਕਰਦਿਆਂ ਪਿ੍ਰੰਸੀਪਲ ਗੁਰਦੇਵ ਕੌਰ ਪਾਲ ਹੁਰਾਂ ਨੇ ਦੱਸਿਆ ਕਿ ਸਾਡੇ ਕੋਲ ਸਿਰਫ਼ 8 ਅਹੁਦਿਆਂ ਲਈ 8 ਹੀ ਨਾਮਜ਼ਦਗੀਆਂ ਆਈਆਂ ਅਤੇ ਕਿਸੇ ਵੀ ਅਹੁਦੇ ’ਤੇ ਮੁਕਾਬਲੇ ਲਈ ਕੋਈ ਹੋਰ ਉਮੀਦਵਾਰ ਸਾਹਮਣੇ ਨਹੀਂ ਆਇਆ, ਜਿਸ ਸਦਕਾ ਇਹ ਚੋਣ ਜਿੱਥੇ ਬਿਨ ਮੁਕਾਬਲਾ ਰਹੀ, ਉਥੇ ਇਸ ਨੂੰ ਸਰਬਸੰਮਤੀ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਪਿ੍ਰੰਸੀਪਲ ਗੁਰਦੇਵ ਕੌਰ ਪਾਲ ਅਤੇ ਡਾ. ਖਹਿਰਾ ਦੇ ਦਸਤਖ਼ਤਾਂ ਹੇਠ ਜਾਰੀ ਸਰਟੀਫਿਕੇਟ ਦੇ ਹਵਾਲੇ ਨਾਲ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੀ ਜਨਵਰੀ 2023 ਤੋਂ ਦਸੰਬਰ 2024 ਤੱਕ ਦੇ ਦੋ ਸਾਲਾਂ ਦੇ ਕਾਰਜਭਾਗ ਲਈ ਬਲਕਾਰ ਸਿੱਧੂ ਨੂੰ ਪ੍ਰਧਾਨ, ਡਾ. ਅਵਤਾਰ ਸਿੰਘ ਪਤੰਗ ਨੂੰ ਸੀਨੀਅਰ ਮੀਤ ਪ੍ਰਧਾਨ, ਡਾ. ਗੁਰਮੇਲ ਸਿੰਘ ਨੂੰ ਮੀਤ ਪ੍ਰਧਾਨ, ਮਨਜੀਤ ਕੌਰ ਮੀਤ ਨੂੰ ਮੀਤ ਪ੍ਰਧਾਨ, ਭੁਪਿੰਦਰ ਸਿੰਘ ਮਲਿਕ ਨੂੰ ਜਨਰਲ ਸਕੱਤਰ, ਪਾਲ ਅਜਨਬੀ ਨੂੰ ਸਕੱਤਰ, ਜਗਦੀਪ ਕੌਰ ਨੂਰਾਨੀ ਨੂੰ ਸਕੱਤਰ ਅਤੇ ਹਰਮਿੰਦਰ ਕਾਲੜਾ ਨੂੰ ਵਿੱਤ ਸਕੱਤਰ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਅੱਜ ਦੇ ਆਮ ਇਜਲਾਸ ਦੀ ਕਾਰਵਾਈ ਸ਼ੁਰੂ ਕਰਦਿਆਂ ਸਭ ਤੋਂ ਪਹਿਲਾਂ ਪਾਲ ਅਜਨਬੀ ਵੱਲੋਂ ਲੇਖਕ ਸਭਾ ਨਾਲ ਸਬੰਧਤ ਵਿਛੜੇ ਲੇਖਕਾਂ, ਸਾਹਿਤਕਾਰਾਂ ਦੇ ਸਬੰਧ ਵਿਚ ਸ਼ੋਕ ਮਤਾ ਪੇਸ਼ ਕਰਕੇ ਮੌਨ ਵੀ ਧਾਰਨ ਕੀਤਾ ਗਿਆ। ਇਸ ਉਪਰੰਤ ਪਿਛਲੇ ਕਾਰਜਕਾਲ ਦੀ ਸਮੁੱਚੀ ਰਿਪੋਰਟ ਦੀਪਕ ਸ਼ਰਮਾ ਚਨਾਰਥਲ ਨੇ ਸਭ ਦੇ ਸਾਹਮਣੇ ਰੱਖਦਿਆਂ ਦੱਸਿਆ ਕਿ ਕਰੋਨਾ ਕਾਲ ਦੇ ਬਾਵਜੂਦ ਉਨ੍ਹਾਂ ਮਹੀਨਿਆਂ ਨੂੰ ਮਨਫੀ ਕਰਨ ’ਤੇ ਵੀ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ 26 ਮਹੀਨਿਆਂ ਵਿਚ 37 ਸਮਾਗਮ ਕੀਤੇ, ਜਿਸ ਵਿਚ ਵੱਖੋ-ਵੱਖ ਵਿਧਾਵਾਂ ਦੀਆਂ ਕਿਤਾਬਾਂ ਦਾ ਲੋਕ ਅਰਪਣ ਅਤੇ ਕਵੀ ਦਰਬਾਰ, ਸ਼ਤਾਬਦੀ ਸਮਾਗਮ, ਸੈਮੀਨਾਰ, ਰੂਬਰੂ ਅਤੇ ਸਨਮਾਨ ਸਮਾਰੋਹਾਂ ਦੇ ਨਾਲ-ਨਾਲ ਤੇਰਾ ਸਿੰਘ ਚੰਨ ਯਾਦਗਾਰੀ ਸਲਾਨਾ ਸਨਮਾਨ ਸਮਾਗਮ ਦਾ ਵੀ ਆਯੋਜਨ ਕੀਤਾ। ਉਨ੍ਹਾਂ ਇਹ ਰਿਪੋਰਟ ਪੇਸ਼ ਕਰਦਿਆਂ ਜਿੱਥੇ ਵੱਖੋ-ਵੱਖ ਹਸਤੀਆਂ, ਨਾਮੀ ਸਖਸ਼ੀਅਤਾਂ, ਸੰਸਥਾਵਾਂ, ਮੀਡੀਆ ਅਦਾਰਿਆਂ, ਪੱਤਰਕਾਰਾਂ ਅਤੇ ਆਪਣੀ ਟੀਮ ਦੇ ਮੈਂਬਰਾਂ ਦਾ ਧੰਨਵਾਦ  ਕੀਤਾ, ਉਥੇ  ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬੀ ਲੇਖਕ ਸਭਾ ਨੂੰ ਹਰ ਸਮੇਂ ਬਣਦਾ ਸਹਿਯੋਗ ਦੇਣ ਦੇ ਲਈ ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬ ਕਲਾ ਪਰਿਸ਼ਦ, ਪੰਜਾਬ ਸਾਹਿਤ ਅਕਾਦਮੀ ਦਾ ਜਿੱਥੇ ਉਚੇਚਾ ਧੰਨਵਾਦ ਕੀਤਾ, ਉਥੇ ਹੀ ਪੰਜਾਬ ਕਲਾ ਭਵਨ, ਭਾਸ਼ਾ ਵਿਭਾਗ, ਗਾਂਧੀ ਭਵਨ, ਟੈਗੋਰ ਥੀਏਟਰ, ਪਿਓਪਲ ਕਨਵੈਨਸ਼ਨ ਸੈਂਟਰ, ਉਤਮ ਰੈਸਟੋਰੈਂਟ, ਪ੍ਰੈਸ ਕਲੱਬ ਚੰਡੀਗੜ੍ਹ, ਭਾਈ ਸੰਤੋਖ ਸਿੰਘ ਯਾਦਗਾਰੀ ਹਾਲ ਦੀਆਂ ਪ੍ਰਬੰਧਕ ਟੀਮਾਂ ਦਾ ਵੀ ਸਮੇ-ਸਮੇਂ ਸਿਰ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਇਸ ਮੌਕੇ ਵਿੱਤ ਰਿਪੋਰਟ ਸਭਾ ਦੇ ਵਿੱਤ ਸਕੱਤਰ ਹਰਮਿੰਦਰ ਕਾਲੜਾ ਹੁਰਾਂ ਨੇ ਪੜ੍ਹੀ ਜਦੋਂਕਿ ਭਾਸ਼ਾ ਅਤੇ ਸਾਹਿਤ ਨੂੰ ਆ ਰਹੀਆਂ ਚੁਣੌਤੀਆਂ ਸਬੰਧੀ ਮਨਜੀਤ ਕੌਰ ਮੀਤ ਅਤੇ ਜਗਦੀਪ ਨੂਰਾਨੀ ਵੱਲੋਂ ਮਤੇ ਵੀ ਪੇਸ਼ ਕੀਤੇ ਗਏ। ਜਿਨ੍ਹਾਂ ਨੂੰ ਸਮੁੱਚੇ ਹਾਊਸ ਨੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਨਵੀਂ ਚੁਣੀ ਗਈ ਟੀਮ ਨੂੰ ਗੁਰਨਾਮ ਕੰਵਰ ਅਤੇ ਦੀਪਕ ਸ਼ਰਮਾ ਚਨਾਰਥਲ ਵੱਲੋਂ ਹਾਰ ਪਾ ਕੇ ਅਤੇ ਮਿੱਠਾ ਮੂੰਹ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਗੁਰਨਾਮ ਕੰਵਰ ਹੁਰਾਂ ਨੇ ਜਿੱਥੇ ਪਿਛਲੀ ਟੀਮ ਨੂੰ ਵਧੀਆ ਕਾਰਗੁਜਾਰੀ ਲਈ ਸਾਬਾਸ਼ ਦਿੱਤੀ, ਉਥੇ ਹੀ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਨਵੀਆਂ ਚੁਣੌਤੀਆਂ ਤੋਂ ਜਾਣੂ ਵੀ ਕਰਵਾਇਆ ਅਤੇ ਨਵੀਆਂ ਮੰਜਿਲਾਂ ਸਰ ਕਰਨ ਦਾ ਰਾਹ ਵੀ ਦੱਸਿਆ। ਸਭਾ ਦੇ ਮੁੜ ਚੁਣੇ ਗਏ ਪ੍ਰਧਾਨ ਬਲਕਾਰ ਸਿੱਧੂ ਨੇ ਸਮੁੱਚੇ ਹਾਊਸ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਮੇਰੇ ’ਤੇ ਮੁੜ ਭਰੋਸਾ ਪ੍ਰਗਟਾਇਆ ਹੈ। ਨਵੇਂ ਚੁਣੇ ਗਏ ਜਨਰਲ ਸਕੱਤਰ ਭੁਪਿੰਦਰ ਮਲਿਕ ਹੁਰਾਂ ਨੇ ਵੀ ਸਮੁੱਚੇ ਹਾਊਸ ਦਾ ਧੰਨਵਾਦ ਕਰਦਿਆਂ ਆਖਿਆ ਕਿ ਮੈਂ ਪੂਰੀ ਤਨਦੇਹੀ ਨਾਲ ਲੇਖਕ ਸਭਾ ਦੇ ਰੁਬਤੇ ਨੂੰ ਬਹਾਲ ਹੀ ਨਹੀਂ ਰੱਖਾਂਗਾ ਬਲਕਿ ਹੋਰ ਵੀ ਸਿਖਰ ਵੱਲ ਲੈ ਕੇ ਜਾਵਾਂਗਾ। ਅਖੀਰ ਵਿਚ ਮੁੜ ਚੁਣੇ ਗਏ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਧੰਨਵਾਦੀ ਸ਼ਬਦ ਬੋਲਦਿਆਂ ਆਖਿਆ ਕਿ ਪੰਜਾਬੀ ਲੇਖਕ ਸਭਾ ਦਾ ਹਾਸਲ ਹੈ ਕਿ ਉਹ ਸੰਵਿਧਾਨ ਅਨੁਸਾਰ ਨਿਸ਼ਚਿਤ ਸਮੇਂ ’ਤੇ ਲੋਕਤੰਤਿਰਕ ਤਰੀਕੇ ਨਾਲ ਹਰ ਵਾਰ ਆਪਣੀ ਟੀਮ ਦੀ ਚੋਣ ਕਰਦੀ ਹੈ ਅਤੇ ਮਿਆਰੀ ਸਮਾਗਮ ਰਚ ਕੇ ਸਾਹਤਿਕ ਸੰਸਥਾਵਾਂ ਵਿਚੋਂ ਪੰਜਾਬੀ ਲੇਖਕ ਸਭਾ ਆਪਣਾ ਨਿਵੇਕਲਾ ਸਥਾਨ ਵੀ ਰੱਖਦੀ ਹੈ। ਹਾਊਸ ਵਿਚ ਮੌਜੂਦ ਨਾਮਵਰ ਲੇਖਕਾਂ, ਸਾਹਿਤਕਾਰਾਂ ਅਤੇ ਸਭਾ ਦੇ ਮੈਂਬਰਾਂ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈਆਂ ਦਿੱਤੀਆਂ। ਇਸ ਮੌਕੇ ਸੁਰਜੀਤ ਸਿੰਘ ਧੀਰ ਹੁਰਾਂ ਨੇ ਬਿਨ ਮੁਕਾਬਲੇ ਅਤੇ ਸਰਬਸੰਮਤੀ ਨਾਲ ਹੋਈ ਇਸ ਚੋਣ ’ਤੇ ਪੰਜਾਬੀ ਲੇਖਕ ਸਭਾ ਦੀ ਸਮੁੱਚੀ ਪ੍ਰਬੰਧਕੀ ਟੀਮ ਨੂੰ ਵਧਾਈ ਦਿੰਦਿਆਂ 21 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਂਟ ਕਰਨ ਦਾ ਐਲਾਨ ਕੀਤਾ।
ਇਸ ਆਮ ਇਜਲਾਸ ਵਿਚ ਲਾਭ ਸਿੰਘ ਖੀਵਾ, ਰਜਿੰਦਰ ਕੌਰ, ਡਾ. ਗੁਰਮਿੰਦਰ ਸਿੱਧੂ, ਸੁਰਜੀਤ ਸਿੰਘ ਧੀਰ, ਮਨਮੋਹਨ ਸਿੰਘ ਕਲਸੀ, ਸੁਭਾਸ਼ ਭਾਸਕਰ, ਮਲਕੀਅਤ ਬਸਰਾ, ਪ੍ਰੋ. ਓ ਪੀ ਵਰਮਾ, ਭਗਤ ਰਾਮ ਰੰਘਾੜਾ, ਸੁਰਜੀਤ ਕੌਰ ਬੈਂਸ, ਸਮਸ਼ੀਰ ਸਿੰਘ ਸੋਢੀ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਸੁਖਵਿੰਦਰ ਸਿੰਘ ਸਿੱਧੂ, ਦੇਵੀ ਦਿਆਲ ਸ਼ਰਮਾ, ਊਸ਼ਾ ਕੰਵਰ, ਭਰਪੂਰ ਸਿੰਘ, ਗੁਰਨਾਮ ਕੰਵਰ, ਦਿਲਪ੍ਰੀਤ ਕੌਰ ਚਹਿਲ, ਦਵਿੰਦਰ ਕੌਰ ਬਾਠ,ਦਰਸ਼ਨ ਤਿ੍ਰਊਣਾ, ਨੀਨਾ ਸੈਣੀ, ਅਜਾਇਬ ਸਿੰਘ ਔਜਲਾ, ਜੈ ਸਿੰਘ ਛਿੱਬਰ, ਬਾਬੂ ਰਾਮ ਦੀਵਾਨਾ, ਧਿਆਨ ਸਿੰਘ ਕਾਹਲੋਂ, ਸ਼ਾਮ ਸਿੰਘ ਅੰਗ-ਸੰਗ, ਕਰਮ ਸਿੰਘ ਵਕੀਲ, ਸੂਫੀ ਰਾਣਾ ਬੂਲਪੁਰੀ, ਜਸਵੀਰ ਕੌਰ, ਰਜਿੰਦਰ ਸਿੰਘ ਤੋਖੀ, ਸੁਧਾ ਅਤੇ ਗੋਵਿੰਦ ਸਣੇ ਹੋਰ ਮੈਂਬਰ ਮੌਜੂਦ ਸਨ।

Check Also

ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ’ਚ ਸੁਧਾਰ ਮਗਰੋਂ ਹਸਪਤਾਲ ਤੋਂ ਮਿਲੀ ਛੁੱਟੀ

ਡਾਕਟਰਾਂ ਨੇ ਕੁਝ ਦਿਨ ਬੈੱਡ ਰੈਸਟ ਕਰਨ ਦੀ ਦਿੱਤੀ ਸਲਾਹ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …