ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਚੰਗਾ ਚਲ ਰਿਹਾ : ਮਹੇਸ਼ਇੰਦਰ ਗਰੇਵਾਲ
ਚੰਡੀਗੜ੍ਹ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਵਾਰ-ਵਾਰ ਇਹ ਗੱਲ ਕਿਉਂ ਆਖ ਰਹੀ ਹੈ ਕਿ ਉਹ ਆਪਣੇ ਪੁਰਾਣੇ ਭਾਈਵਾਲ ਨਾਲ ਗੱਠਜੋੜ ਨਹੀਂ ਕਰੇਗੀ ਜਦੋਂ ਕਿ ਅਕਾਲੀ ਦਲ ਨੇ ਗੱਠਜੋੜ ਲਈ ਅਜਿਹੀ ਕੋਈ ਇੱਛਾ ਪ੍ਰਗਟ ਹੀ ਨਹੀਂ ਕੀਤੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲੀ ਦਲ ਦਾ ਪੰਜਾਬ ਵਿਚ ਬਸਪਾ ਨਾਲ ਗੱਠਜੋੜ ਹੈ ਤੇ ਇਹ ਗੱਠਜੋੜ ਚੰਗਾ ਚਲ ਰਿਹਾ ਹੈ ਤੇ ਭਾਜਪਾ ਸਮੇਤ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਕਰਨ ਦੀ ਕੋਈ ਤਜਵੀਜ਼ ਵਿਚਾਰ ਅਧੀਨ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਕਦੇ ਵੀ ਭਾਜਪਾ ਨਾਲ ਭਵਿੱਖ ਵਿਚ ਗੱਠਜੋੜ ਕਰਨ ਦੀ ਗੱਲ ਨਹੀਂ ਕੀਤੀ ਤੇ ਭਾਜਪਾ ਨੂੰ ਇਸ ਬਾਰੇ ਕਿਆਸਅਰਾਈਆਂ ਲਗਾਉਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਗਰੇਵਾਲ ਨੇ ਭਾਜਪਾ ਨੂੰ ਇਹ ਵੀ ਚੇਤੇ ਕਰਵਾਇਆ ਕਿ ਅਕਾਲੀ ਦਲ ਨੇ ਉਸ ਨਾਲ ਗੱਠਜੋੜ ਸਿਧਾਤਾਂ ਦੇ ਆਧਾਰ ‘ਤੇ ਤੋੜਿਆ ਸੀ ਕਿਉਂਕਿ ਉਸ ਨੇ ਕਿਸਾਨਾਂ ਨਾਲ ਕੋਈ ਵੀ ਗੱਲਬਾਤ ਕੀਤੇ ਬਗੈਰ ਸੰਸਦ ਵਿਚ ਖੇਤੀਬਾੜੀ ਬਾਰੇ ਤਿੰਨ ਕਾਲੇ ਕਾਨੂੰਨ ਲਿਆ ਕੇ ਧੋਖਾ ਕੀਤਾ ਸੀ। ਇਸ ਮਗਰੋਂ ਭਾਜਪਾ ਨੇ ਪੰਜਾਬ ਅਤੇ ਸਿੱਖਾਂ ਖਿਲਾਫ ਕਈ ਫ਼ੈਸਲੇ ਕੀਤੇ। ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ 2019 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਸਾਰੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ਤੋਂ ਵੀ ਭੱਜ ਗਈ ਹੈ, ਇਸ ਕਾਰਨ ਸਿੱਖਾਂ ਵਿਚ ਰੋਸ ਦੀ ਲਹਿਰ ਹੈ।