Breaking News
Home / ਪੰਜਾਬ / ਬਾਦਲਾਂ ਦੀਆਂ ਬੱਸਾਂ ‘ਤੇ ਲੱਗੇ ਸੁਖਬੀਰ ਦੇ ਫਲੈਕਸ

ਬਾਦਲਾਂ ਦੀਆਂ ਬੱਸਾਂ ‘ਤੇ ਲੱਗੇ ਸੁਖਬੀਰ ਦੇ ਫਲੈਕਸ

ਸਰਕਾਰੀ ਬੱਸਾਂ ‘ਤੇ ਲੱਗੇ ਹੋਏ ਹਨ ਚੰਨੀ ਦੇ ਫਲੈਕਸ
ਮਾਨਸਾ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ ਐਨ ਨੇੜੇ ਹੋਣ ਕਾਰਨ ਪੰਜਾਬ ਦਾ ਸਿਆਸੀ ਮਾਹੌਲ ਗਰਮ ਹੋਣ ਮਗਰੋਂ ਹੁਣ ਬਾਦਲਾਂ ਨੇ ਆਪਣੀ ਮਲਕੀਅਤ ਵਾਲੀਆਂ ਬੱਸਾਂ ਨੂੰ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵਾਂਗ ਇਸ਼ਤਿਹਾਰਬਾਜ਼ੀ ਲਈ ਵਰਤਣਾ ਆਰੰਭ ਕਰ ਦਿੱਤਾ ਹੈ। ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਸਰਕਾਰੀ ਬੱਸਾਂ ਤੋਂ ਉਨ੍ਹਾਂ ਦੇ ਇਸ਼ਤਿਹਾਰ ਹਟਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਇਸ਼ਤਿਹਾਰ ਲਾਏ ਗਏ ਸਨ, ਜਿਹੜੇ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੋਂ ਜ਼ਰੇ ਨਹੀਂ ਜਾ ਰਹੇ ਹਨ। ਬਾਦਲ ਪਰਿਵਾਰ ਦੀ ਮਲਕੀਅਤ ਵਾਲੀਆਂ ਸਾਰੀਆਂ ਕੰਪਨੀਆਂ ਦੀਆਂ ਬੱਸਾਂ ਪਿੱਛੇ ਨਵੇਂ ਲਾਏ ਇਸ਼ਤਿਹਾਰਾਂ ਵਿੱਚ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਈ ਨਵਾਂ ਸਲੋਗਨ ਲਾਉਣ ਦੀ ਥਾਂ, ਉਹੀ ਆਪਣਾ ਪੁਰਾਣਾ ਨਾਅਰਾ, ‘ਜੋ ਕਿਹਾ, ਉਹ ਕੀਤਾ, ਜੋ ਕਹਾਂਗੇ, ਉਹੀ ਕਰਾਂਗੇ’ ਲਿਖਿਆ ਹੋਇਆ ਹੈ।
ਇਸ਼ਤਿਹਾਰ ਵਾਲੀ ਇੱਕ ਬੱਸ ਦੇ ਡਰਾਈਵਰ ਨੇ ਦੱਸਿਆ ਕਿ ਇਸ ਫਲੈਕਸ ਨੂੰ ਸਾਂਭਣ ਲਈ ਬਕਾਇਦਾ ਕੰਪਨੀ ਦਫ਼ਤਰ ਤੋਂ ਉਨ੍ਹਾਂ ਦੀ ਡਿਊਟੀ ਲਾਈ ਗਈ ਹੈ, ਜਿਸ ਕਰਕੇ ਉਹ ਸਵੇਰੇ-ਸ਼ਾਮ ਇਸ ਨੂੰ ਸਾਫ਼ ਕਰਦੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਮਾਨਸਾ ਦੇ ਪ੍ਰਧਾਨ ਅਤੇ ਪਾਰਟੀ ਦੇ ਮਾਨਸਾ ਤੋਂ ਉਮੀਦਵਾਰ ਪ੍ਰੇਮ ਕੁਮਾਰ ਅਰੋੜਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਦੀ ਫੋਟੋ ਨਾਲ ਪ੍ਰਚਾਰ ਕਰਨਾ ਚੰਗੀ ਗੱਲ ਹੈ, ਜਦੋਂ ਕਿ ਸਰਕਾਰੀ ਬੱਸਾਂ ਦੇ ਪਿੱਛੇ ਲੱਗੇ ਪੰਜਾਬ ਸਰਕਾਰ ਦੇ ਨਾਅਰਿਆਂ ਅਤੇ ਸਲੋਗਨਾਂ ਵਿੱਚ ਕੋਈ ਸਚਾਈ ਨਹੀਂ ਹੈ।

 

Check Also

ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਨਵੀਂ ਖੇਤੀ ਪਾਲਿਸੀ ’ਤੇ ਚੁੱਕੇ ਸਵਾਲ

ਕਿਹਾ : ਨਵੀਂ ਖੇਤੀ ਪਾਲਿਸੀ ਦਾ ਪੰਜਾਬ ਦੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਪਟਿਆਲਾ/ਬਿਊਰੋ ਨਿਊਜ਼ …